ਉੱਘੇ ਵਿਦਵਾਨ ਆਲੋਚਕ ਡਾ. ਹਰਚੰਦ ਸਿੰਘ ਨਹੀਂ ਰਹੇ
- ਸਸਕਾਰ ਕੱਲ੍ਹ ਹੋਵੇਗਾ
ਅੰਮ੍ਰਿਤਸਰ, 29 ਮਈ 2021 -ਪੰਜਾਬੀ ਸਾਹਿਤ ਦੇ ਨਾਮਵਰ ਆਲੋਚਕ ਸਮੀਖਿਆਕਾਰ ਤੇ ਉੱਘੇ ਵਿਦਵਾਨ ਪ੍ਰੋ.(ਡਾ.) ਹਰਚੰਦ ਸਿੰਘ ਬੇਦੀ ਸੰਸਾਰ ਦੀ ਯਾਤਰਾ ਪੂਰੀ ਕਰ ਗਏ ਹਨ।ਉਹ ਸਾਹਿਤਕਾਰ ਬੇਦੀ ਲਾਲ ਸਿੰਘ ਦੇ ਸਪੁੱਤਰ ਅਤੇ ਸ੍ਰ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਰਾ ਸਨ।ਡਾ. ਹਰਚੰਦ ਸਿੰਘ ਬੇਦੀ ਜੀ ਹੋਰਾਂ ਨੇ ਪ੍ਰਵਾਸੀ ਸਾਹਿਤ ਵਿਚ ਕੋਈ ਪੰਜ ਦਰਜਨ ਜਨਰਲ ਪੁਸਤਕਾਂ ਅਤੇ 10 ਕੋਸ਼ਾਂ ਦੀ ਸਿਰਜਨਾ ਕੀਤੀ ਅਤੇ ਇਨਸਾਈਕਲੋਪੀਡੀਆ ਭਾਈ ਸਾਹਿਬ ਭਾਈ ਵੀਰ ਸਿੰਘ ਤਿੰਨ ਜਿਲਦਾਂ ਵਿੱਚ ਪ੍ਰੈਸ ਵਿੱਚ ਹੈ, ਪਾਠਕ ਜਗਤ ਦੀ ਝੋਲੀ ਪਾਏ ਹਨ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਮੀਗਰੈਂਟ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ।
ਇਸ ਤੋਂ ਇਲਾਵਾ ਉਹ ਭਾਈ ਵੀਰ ਸਿੰਘ ਖੋਜ ਕੇਂਦਰ ਚੀਫ ਖਾਲਸਾ ਦੀਵਾਨ ਦੇ ਡਾਇਰੈਕਟਰ ਵੀ ਰਹੇ।ਇਸ ਸਮੇਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਰੇਰੀ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਉਹ ਪ੍ਰੋ. ਅਮੈਰੀਟਸ ਵੀ ਸਨ।ਉਹ ਆਪਣੇ ਪਿੱਛੇ ਦੋ ਸਪੁੱਤਰ ਸ੍ਰ. ਹਰਨੂਰ ਸਿੰਘ ਬੇਦੀ ਤੇ ਅੰਬਰਮੀਤ ਸਿਘ ਬੇਦੀ ਅਤੇ ਸੁਪਤਨੀ ਸ੍ਰਦਾਰਨੀ ਸਤਵੰਤ ਕੌਰ ਛੱਡ ਗਏ ਹਨ।ਉਨ੍ਹਾਂ ਦੀ ਅੰਤਮ ਸਸਕਾਰ ਕੱਲ੍ਹ ਮਿਤੀ 30 ਮਈ ਨੂੰ ਸਵੇਰੇ ਨਰਾਇਣਗੜ੍ਹ ਵਿਖੇ ਹੋਵੇਗਾ।ਉਹ 69 ਵਰ੍ਹਿਆਂ ਦੇ ਸਨ ਅਤੇ ਨਿਰੰਤਰ ਸਾਹਿਤ ਦੀ ਸੇਵਾ ਕਰ ਰਹੇ ਸਨ। ਕਰੋਨਾ ਦੀ ਚੱਲ ਰਹੀ ਮਹਾਂਮਾਰੀ ਸਮੇਂ ਇਕੱਠ ਤੋਂ ਸੰਕੋਚ ਕਰਦਿਆਂ ਇਸ ਯਾਤਰਾ ਵਿਚ ਪਰਿਵਾਰ ਤੇ ਕੁਝ ਨੇੜਲੇ ਵਿਅਕਤੀ ਹੀ ਸ਼ਾਮਿਲ ਹੋਣਗੇ।ਇਹ ਜਾਣਕਾਰੀ ਉਨ੍ਹਾਂ ਦੇ ਭਰਾ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦਿੱਤੀ।