ਬਟਾਲਾ ਵਾਸੀ ਪੰਜਾਬੀ ਲੇਖਕ ਨਿਰਮਲ ਸਿੰਘ ਮੱਲੀ ਸੁਰਗਵਾਸ
- ਪੰਜਾਬੀ ਲੇਖਕਾਂ ਕਲਾਕਾਰਾਂ ਤੇ ਬੁੱਧੀ ਜੀਵੀਆਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 2 ਅਗਸਤ 2022 - ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ ਤੇ ਪ੍ਰੋਃ ਜਸਵਿੰਦਰ ਧਨਾਨਸੂ ਨੇ ਪੰਜਾਬੀ ਕਵੀ ਨਿਰਮਲ ਸਿੰਘ ਮੱਲ੍ਹੀ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਬਟਾਲਾ ਵਾਸੀ ਕਲਾਪ੍ਰਸਤ "ਮੱਲੀ ਭਰਾਵਾਂ" ਵਿੱਚੋਂ ਸਭ ਤੋਂ ਛੋਟੇ ਭਰਾ ਸ੍ਰੀ ਨਿਰਮਲ ਸਿੰਘ ਮੱਲੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਉਹਨਾਂ ਦਾ ਬਟਾਲਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਨਿਰਮਲ ਸਿੰਘ ਮੱਲੀ ਉੱਚ ਖ਼ਿਆਲਾਂ ਵਾਲੇ ਤਰੱਕੀ ਪਸੰਦ ਸ਼ਾਇਰ ਸਨ।
ਆਸਟੇਲੀਆ ਦੇ ਸ਼ਹਿਰ ਸਿਡਨੀ ਤੋਂ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਦੇ ਬਾਨੀ ਆਗੂ ਪ੍ਰੋਃ ਸੁਖਵੰਤ ਸਿੰਘ ਗਿੱਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਫੋਰਮ ਵੱਲੋਂ 2005 ਵਿੱਚ ਕੱਢੇ ਗਏ "ਬਟਾਲਾ - ਬਿਆਸ ਸੜਕ ਚੇਤਨਾ ਮਾਰਚ" ਮੌਕੇ ਉਨ੍ਹਾਂ ਵੱਲੋਂ ਲਿਖੀ ਅਤੇ ਗਾਈ ਗਈ "ਜੁਗਨੀ" ਸਾਡੇ ਸਾਰਿਆਂ ਲਈ ਇਕ "ਅਭੁੱਲ ਯਾਦਾਂ" ਦਾ ਇਕ ਹਿੱਸਾ ਬਣੀ ਹੋਈ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਇਹ 35 ਕਿਲੋਮੀਟਰ ਲੰਮਾ ਚੇਤਨਾ ਮਾਰਚ ਬਟਾਲੇ ਦੇ ਸੁਚੇਤ ਨਾਗਰਿਕਾਂ ਵੱਲੋਂ ਬਟਾਲਾ ਬਿਆਸ ਸੜਕ ਦੀ ਮੁਰੰਮਤ ਕਰਵਾਉਣ ਦੀ ਲੋੜ ਲਈ ਕੱਢਿਆ ਗਿਆ ਸੀ ਅਤੇ ਇਸ ਦੇ ਸਿੱਟੇ ਵੱਜੋਂ ਇਸ ਸੜਕ ਦੀ ਸਰਕਾਰ ਵੱਲੋਂ ਤੁਰੰਤ ਮੁਰੰਮਤ ਕੀਤੀ ਗਈ ਸੀ।
ਸਃ ਨਿਰਮਲ ਸਿੰਘ ਮੱਲ੍ਹੀ ਆਸਾਮ ਵੱਸਦੇ ਪੰਜਾਬੀ ਕਵੀ ਕੁਲਦੀਪ ਮੱਲ੍ਹੀ ਦੇ ਨਿੱਕੇ ਵੀਰ ਸਨ ਅਤੇ ਪੰਜਾਬੀ ਸੰਗੀਤਕਾਰ ਕਰਮਜੀਤ ਜਯੋਤੀ ਦੇ ਚਾਚਾ ਜੀ ਸਨ।