ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਪੀ ਪੀ ਐੱਸ ਪੰਨੂ ਸੇਵਾ ਮੁਕਤ ਹੋਏ
ਲੁਧਿਆਣਾ 29 ਦਸੰਬਰ 2023 - ਪੀ.ਏ.ਯੂ. ਵਿਚ ਕੁਦਰਤੀ ਸਰੋਤ ਅਤੇ ਪੌਦਾ ਸਿਹਤ ਪ੍ਰਬੰਧਨ ਦੇ ਵਧੀਕ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰਪਾਲ ਸਿੰਘ ਪੰਨੂ ਅੱਜ ਸੇਵਾ ਮੁਕਤ ਹੋ ਗਏ| ਇਸ ਸੰਬੰਧ ਵਿਚ ਇੱਕ ਸੰਖੇਪ ਸਮਾਰੋਹ ਸਮੂਹ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਇਆ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਪੰਨੂ ਲਈ ਭਾਵਪੂਰਤ ਸ਼ਬਦ ਕਹੇ| ਉਹਨਾਂ ਕਿਹਾ ਕਿ ਡਾ. ਪੰਨੂ ਨੇ 34 ਸਾਲ ਪੌਦਾ ਰੋਗ ਮਾਹਿਰ ਵਜੋਂ ਯੂਨੀਵਰਸਿਟੀ ਵਿਚ ਸੇਵਾ ਨਿਭਾਈ| ਉਹਨਾਂ ਨੇ ਡਾ. ਪੰਨੂ ਦੀ ਮਾਹਿਰ ਵਜੋਂ ਪ੍ਰਤਿਭਾ ਦੇ ਨਾਲ-ਨਾਲ ਇਕ ਵਿਅਕਤੀ ਵਜੋਂ ਉਹਨਾਂ ਦੀ ਨਿਮਰਤਾ, ਮਿਲਵਰਤਣ ਅਤੇ ਨਿੱਘੀ ਸ਼ਖਸ਼ੀਅਤ ਦੀ ਪ੍ਰਸ਼ੰਸ਼ਾਂ ਕੀਤੀ| ਉਹਨਾਂ ਕਿਹਾ ਕਿ ਡਾ. ਪੰਨੂ ਵੱਲੋਂ ਕੀਤਾ ਕਾਰਜ ਆਉਣ ਵਾਲੇ ਪੌਦਾ ਰੋਗਾ ਮਾਹਿਰਾਂ ਲਈ ਰਾਹ-ਦਸੇਰਾ ਬਣੇਗਾ|
ਸਵਾਗਤੀ ਸ਼ਬਦ ਬੋਲਦਿਆਂ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਡਾ. ਪੰਨੂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ| ਉਹਨਾਂ ਕਿਹਾ ਕਿ ਡਾ. ਪੰਨੂ ਨੇ ਪੀਲੀ ਕੁੰਗੀ ਅਤੇ ਕਰਨਾਲ ਬੰਟ ਦੀ ਰੋਕਥਾਮ ਲਈ ਬਿਹਤਰੀਨ ਸੁਰੱਖਿਆ ਮਾਡਲ ਵਿਕਸਿਤ ਕੀਤਾ ਅਤੇ ਮੌਸਮ ਦੇ ਅਧਾਰ ਤੇ ਪਹਿਲਾਂ ਹੀ ਕਿਸਾਨਾਂ ਨੂੰ ਸੂਚਨਾ ਦੇਣ ਦਾ ਤੰਤਰ ਬਣਾਇਆ| ਇਸ ਨਾਲ ਝੂਠੀ ਕਾਂਗਿਆਰੀ ਅਤੇ ਕਰਨਾਲ ਬੰਟ ਦੀ ਪਛਾਣ ਦੀ ਤਕਨੀਕ ਵਿਚ ਸੁਧਾਰ ਹੋਇਆ| ਇਸ ਤੋਂ ਇਲਾਵਾ ਉਹਨਾਂ ਨੇ ਸ਼ੀਥ ਬਲਾਈਟ, ਸ਼ੀਥ ਰੌਟ, ਝੂਠੀ ਕਾਂਗਿਆਰੀ ਅਤੇ ਜੜ੍ਹਾਂ ਦੇ ਗਾਲ੍ਹੇ ਤੋਂ ਬਾਸਮਤੀ ਦੇ ਬਚਾਅ ਲਈ ਕਾਰਜ ਕੀਤਾ| ਡਾ. ਔਲਖ ਨੇ ਦੱਸਿਆ ਕਿ ਡਾ. ਪੰਨੂ ਨੂੰ ਪਲਾਂਟ ਪੈਥਾਲੋਜੀ ਬਾਰੇ ਭਾਰਤੀ ਸੁਸਾਇਟੀ ਨੇ ਪ੍ਰੋਫੈਸਰ ਵੀ ਪੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਪੀ.ਏ.ਯੂ. ਨੇ 2015-16 ਵਿਚ ਪ੍ਰੋਫੈਸਰ ਮਨਜੀਤ ਸਿੰਘ ਛੀਨਨ ਵਿਸ਼ੇਸ਼ ਪੁਰਸਕਾਰ ਐਵਾਰਡ ਨਾਲ ਨਿਵਾਜ਼ਿਆ|
ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਇਸ ਮੌਕੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਡਾ. ਪੰਨੂ ਨੂੰ ਅਣਥੱਕ ਵਿਗਿਆਨੀ ਕਿਹਾ| ਉਹਨਾਂ ਕਿਹਾ ਕਿ ਪੰਜਾਬ ਵਿਚ ਝੋਨੇ, ਬਾਸਮਤੀ, ਕਣਕ ਅਤੇ ਆਲੂਆਂ ਦੇ ਰੋਗਾਂ ਦੀ ਰੋਕਥਾਮ ਵਿਚ ਡਾ. ਪੰਨੂ ਨੇ ਬੇਹੱਦ ਮਹੱਤਵਪੂਰਨ ਕੰਮ ਕੀਤਾ ਹੈ| ਪੰਜਾਬ ਅਤੇ ਆਸਪਾਸ ਦੇ ਸੂਬਿਆਂ ਵਿਚ ਝੋਨੇ ਅਤੇ ਕਣਕ ਦੀਆਂ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਲਈ ਉਹਨਾਂ ਨੇ 1993 ਤੋਂ 2017 ਤੱਕ ਨਿਰੰਤਰ ਕਾਰਜ ਕੀਤਾ| ਇਸ ਤੋਂ ਇਲਾਵਾ ਉਹਨਾਂ ਨੇ 57 ਦੇ ਕਰੀਬ ਸਿਫ਼ਾਰਸ਼ਾਂ ਖੇਤੀ ਵਿਗਿਆਨ ਨੂੰ ਦਿੱਤੀਆਂ ਜੋ ਹਾੜ੍ਹੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਵਿਚ ਸ਼ਾਮਿਲ ਹੋਈਆਂ| ਡਾ. ਪੰਨੂ 17 ਐਡਹਾਕ ਖੋਜ ਪ੍ਰੋਜੈਕਟਾਂ ਅਤੇ 60 ਹੋਰ ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ| ਉਹਨਾਂ ਨੇ 107 ਖੋਜ ਪੇਪਰ ਲਿਖੇ| 110 ਮਕਬੂਲ ਲੇਖ ਵੀ ਉਹਨਾਂ ਦੇ ਨਾਂ ਹੇਠ ਛਪੇ| ਛੇ ਐੱਮ ਐੱਸ ਅਤੇ ਚਾਰ ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਵੀ ਡਾ. ਪੰਨੂ ਨੇ ਕੀਤੀ| ਉਹ 21 ਵਾਰ ਰੇਡੀਓ ਅਤੇ ਟੀ ਵੀ ਵਾਰਤਾਲਾਪਾਂ ਵਿਚ ਸ਼ਾਮਿਲ ਹੋਏ ਅਤੇ 330 ਖੇਤ ਪ੍ਰਦਰਸ਼ਨੀਆਂ ਉਹਨਾਂ ਨੇ ਆਯੋਜਿਤ ਕੀਤੀਆਂ|
ਡਾ. ਪੰਨੂ ਨੇ ਇਸ ਮੌਕੇ ਵਾਈਸ ਚਾਂਸਲਰ, ਉੱਚ ਅਧਿਕਾਰੀਆਂ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਪੀ.ਏ.ਯੂ. ਵਿਚ ਗੁਜ਼ਾਰੇ ਸਮੇਂ ਨੂੰ ਬੇਹੱਦ ਅਹਿਮ ਕਿਹਾ| ਉਹਨਾਂ ਕਿਹਾ ਕਿ ਕਿਸਾਨਾਂ ਨਾਲ ਜੁੜ ਕੇ ਅਤੇ ਕਿਸਾਨੀ ਦੀ ਸੇਵਾ ਕਰਕੇ ਉਹਨਾਂ ਨੇ ਆਪਣੇ ਉਦੇਸ਼ ਅਨੁਸਾਰ ਕਾਰਜ ਕੀਤਾ ਹੈ|