ਸਰੀ :ਡਾ. ਜਸਬੀਰ ਸਿੰਘ ਸਰਨਾ ਦੀ ਪੁਸਤਕ ‘ਸਿੱਖਸ ਇਨ ਜੰਮੂ ਕਸ਼ਮੀਰ’ ਸਿੱਖ ਨੈਸ਼ਨਲ ਆਰਕਾਈਵ ਵੱਲੋਂ ਰਿਲੀਜ਼
ਹਰਦਮ ਮਾਨ
ਸਰੀ, 28 ਜੁਲਾਈ 2022-ਸਿੱਖ ਨੈਸ਼ਨਲ ਆਰਕਾਈਵ ਵੱਲੋਂ ਡਾ. ਜਸਬੀਰ ਸਿੰਘ ਸਰਨਾ ਦੀ ਪੁਸਤਕ ‘ਸਿੱਖਸ ਇਨ ਜੰਮੂ ਕਸ਼ਮੀਰ’ ਰਿਲੀਜ਼ ਕਰਨ ਲਈ ਸਰੀ ਦੇ ਲਵਲੀ ਬੈਂਕੁਇਟ ਹਾਲ ਵਿਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ, ਪਟਿਆਲਾ ਦੇ ਡਾਇਰੈਕਟਰ ਡਾ. ਬਲਕਾਰ ਸਿੰਘ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਜੈਤੇਗ ਸਿੰਘ ਅਨੰਤ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਾਨੀ ਪ੍ਰਧਾਨ ਗਿਆਨ ਸਿੰਘ ਸੰਧੂ ਨੇ ਕੀਤੀ।
ਸਭ ਤੋਂ ਪਹਿਲਾਂ ਜੈਤੇਗ ਸਿੰਘ ਅਨੰਤ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਪੁਸਤਕ ਦੇ ਲੇਖਕ ਡਾ. ਜਸਬੀਰ ਸਿੰਘ ਸਰਨਾ ਦੇ ਜੀਵਨ, ਅਕਾਦਮਿਕ ਕਾਰਜਾਂ, ਸਾਹਿਤਕ ਪ੍ਰਾਪਤੀਆਂ ਅਤੇ ਸੰਪਾਦਕੀ ਕੰਮਾਂ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਉਹ ਸ੍ਰੀਨਗਰ ਵਿਚ ਰਹਿੰਦੇ ਹਨ। ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਨਾਲ ਡੂੰਘਾ ਸੰਬੰਧ ਰਿਹਾ ਹੈ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਅਤੇ ਖੋਜ ਸੰਬੰਧੀ ਉਨ੍ਹਾਂ ਦੀਆਂ ਅਨੇਕਾਂ ਰਚਨਾਵਾਂ, ਸਮੇਂ ਸਮੇਂ ਤੇ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜ਼ੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤੱਕ 55 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ। ਖੋਜ ਕਾਰਜਾਂ ਅਤੇ ਸਾਹਿਤਕ ਕਿਰਤਾਂ ਲਈ ਉਨ੍ਹਾਂ ਨੂੰ ਅਨੇਕਾਂ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ।
ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਡਾ. ਜਸਬੀਰ ਸਿੰਘ ਸਰਨਾ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਾਹਿਤਕ ਤੇ ਗੁਰ-ਇਤਿਹਾਸ ਜਾਗਰੂਕਤਾ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ। ਜੰਮੂ ਕਸ਼ਮੀਰ ਦੇ ਇਤਿਹਾਸ ਨੂੰ ਉਨ੍ਹਾਂ ਬਹੁਤ ਗਹੁ ਨਾਲ ਵਾਚਿਆ ਹੈ। ਇਹ ਕਿਤਾਬ ਜੰਮੂ ਕਸ਼ਮੀਰ ਵਿਚ ਸਿੱਖਾਂ ਦੇ ਬਹੁਤ ਵੱਡੇ ਰੋਲ ਨੂੰ ਉਜਾਗਰ ਕਰਦੀ ਹੈ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਸਿੱਖ ਇਤਹਾਸ ਸਮੋਇਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ 17 ਇਤਿਹਾਸਕ ਸਥਾਨਾਂ ਅਤੇ ਛੇਵੀਂ ਪਾਤਸ਼ਾਹੀ ਦੇ ਛੇ ਗੁਰਦੁਆਰਿਆਂ ਦਾ ਇਤਿਹਾਸ ਦਾ ਬਹੁਤ ਹੀ ਵਧੀਆ ਇਤਿਹਾਸਕ ਬਿਓਰਾ ਹੈ। ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਦੇ 1660 ਈਸਵੀ ਵਿਚ ਉੱਥੇ ਜਾਣ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1692 ਵਿਚ ਉੱਥੇ ਜਾਣ ਦਾ ਵਰਨਣ ਵੀ ਇਸ ਪੁਸਤਕ ਵਿਚ ਮਿਲਦਾ ਹੈ। ਡਾ. ਸਰਨਾ ਨੇ ਇਸ ਵਿਚ ਸਿੱਖ ਰਾਜ ਦਾ ਪਿਛੋਕੜ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। 1947 ਦੀ ਦੁਖਦਾਈ ਵੰਡ ਦੀ ਦਾਸਤਾਨ ਦਰਸਾਈ ਗਈ ਹੈ ਜਿਸ ਵਿਚ 100 ਕਸ਼ਮੀਰੀ ਸਿੱਖ ਸ਼ਖ਼ਸੀਅਤਾਂ (ਮਰਦ ਅਤੇ ਔਰਤਾਂ) ਨੂੰ ਬਹੁਤ ਹੀ ਖੋਜ ਭਰਪੂਰ ਅੰਕੜਿਆਂ ਅਤੇ ਤਸਵੀਰਾਂ ਨਾਲ ਅੰਕਿਤ ਕੀਤਾ ਗਿਆ ਹੈ। ਪੁਸਤਕ ਦੇ ਚੈਪਟਰ 14 ਵਿਚ ਕਸ਼ਮੀਰੀ ਘਾਟੀ ਦੇ ਅੱਠ ਦਹਾਕਿਆਂ ਅਤੇ ਚੁਣੌਤੀਆਂ ਦਾ ਰਚਨਾਤਮਿਕ ਵਰਨਣ, ਕਸ਼ਮੀਰ ਘਾਟੀ ਵਾਂਗ ਮਨੁੱਖੀ ਜੀਵਨ ਦੀਆਂ ਉੱਚੀਆਂ ਨੀਵੀਆਂ ਘਾਟੀਆਂ ਦਾ ਬਿਰਤਾਂਤ ਵੀ ਬਹੁਤ ਹੀ ਢੁੱਕਵੀਂ ਖੋਜ ਅਤੇ ਸ਼ਬਦਾਵਲੀ ਨਾਲ ਕੀਤਾ ਹੋਇਆ ਹੈ।
ਡਾ. ਬਲਕਾਰ ਸਿੰਘ ਨੇ ਕਿਹਾ ਕਿ ਡਾ. ਜਸਬੀਰ ਸਿੰਘ ਸਰਨਾ ਸੁਭਾਵਿਕ ਤੌਰ ’ਤੇ ਅਕਾਦਮਿਕ ਹੈ, ਉਸ ਨੂੰ ਆਪਣੀ ਗੱਲ ਦਾ ਬਾਖੂਬੀ ਪਤਾ ਹੈ, ਉਹ ਖੋਜੀ ਵੀ ਹੈ ਅਤੇ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਖੋਜ ਕਿੱਥੋਂ ਕਰਨੀ ਹੈ ਅਤੇ ਕਿੱਥੇ ਪਹੁੰਚਾਉਣੀ ਹੈ। ਉਸ ਦੀ ਪੇਸ਼ਕਾਰੀ ਵੀ ਬੇਹੱਦ ਪਾਰਦਰਸ਼ੀ ਹੈ ਅਤੇ ਉਸ ਵਿਚ ਏਨੀ ਸ਼ਕਤੀ ਹੈ ਕਿ ਉਹ ਆਪਣੇ ਵਿਚਾਰਾਂ ਦਾ ਸੰਚਾਰ ਕਰਨਾ ਬਾਖੂਬੀ ਜਾਣਦਾ ਹੈ। ਡਾ. ਸਰਨਾ ਦੀ ਇਹ ਪੁਸਤਕ ਸਿਆਸਤ-ਮੁਕਤ ਹੈ ਅਤੇ ਕਸ਼ਮੀਰ ਦਾ ਅਹਿਮ ਦਸਤਾਵੇਜ਼ ਹੈ ਜਿਸ ਰਾਹੀਂ ਡਾ. ਸਰਨਾ ਨੇ ਕਸ਼ਮੀਰ ਬਾਰੇ ਉਹ ਮਹੱਤਵਪੂਰਨ ਜਾਣਕਾਰੀ ਮੁਹੱਈਆ ਕੀਤੀ ਹੈ ਜੋ ਹੋਰ ਕਿਤੇ ਸਾਹਮਣੇ ਨਹੀਂ ਆਈ। ਇਸ ਕਿਤਾਬ ਰਾਹੀਂ ਕਸ਼ਮੀਰ ਅਤੇ ਸਿੱਖਾਂ ਦੇ ਬੇਹੱਦ ਨਜ਼ਦੀਕੀ ਸੰਬੰਧਾਂ ਬਾਰੇ ਪਤਾ ਲੱਗਦਾ ਹੈ। ਡਾ. ਸਰਨਾ ਨੇ ਇਸ ਗੱਲ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਹੈ ਕਿ ਸਿੱਖਾਂ ਨੂੰ ਆਪਣੇ ਦੇਸ਼ ਦੀ ਮੁੱਖ ਧਾਰਾ ਵਿਚ ਸਥਾਨ ਬਣਾਉਣਾ ਪਵੇਗਾ।
ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਬੁਲਾਰੇ ਸੁਰਿੰਦਰ ਸਿੰਘ ਜੱਬਲ ਨੇ ਕਿ ਜੰਮੂ ਕਸ਼ਮੀਰ ਨਾਲ ਸਿੱਖਾਂ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਜੁੜਿਆ ਹੋਇਆ ਹੈ। ਇਸ ਪੁਸਤਕ ਰਾਹੀਂ ਡਾ. ਜਸਬੀਰ ਸਿੰਘ ਸਰਨਾ ਨੇ ਕਸ਼ਮੀਰ ਅਤੇ ਸਿੱਖਾਂ ਦੀ ਸਾਂਝ ਨੂੰ ਇਤਿਹਾਸਕ ਸੰਦਰਭ ਵਿਚ ਬੜੀ ਖੋਜ ਨਾਲ ਚਿਤਰਿਆ ਹੈ।
ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਡਾ. ਬਲਕਾਰ ਸਿੰਘ, ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਸਰੀ ਦੇ ਆਗੂ ਬਲਬੀਰ ਸਿੰਘ ਨਿੱਝਰ, ਕੁੰਦਨ ਸਿੰਘ ਸਾਜਨ, ਗੁਰਮੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਪੰਧੇਰ, ਰੁਪਿੰਦਰਜੀਤ ਸਿੰਘ ਕਾਹਲੋਂ ਤੇ ਡਾ. ਗੁਰਨਾਮ ਸਿੰਘ ਸੰਘੇੜਾ, ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਆਗੂ ਸੁਰਿੰਦਰ ਸਿੰਘ ਜੱਬਲ, ਧਰਮ ਸਿੰਘ ਪਨੇਸਰ, ਬਲਬੀਰ ਸਿੰਘ ਚਾਨਾ ਤੇ ਚਰਨਜੀਤ ਸਿੰਘ ਮਰਵਾਹਾ, ਬਲਜੀਤ ਸਿੰਘ, ਮਨਰੀਤ ਕੌਰ, ਜਸਪਾਲ ਕੌਰ ਅਨੰਤ, ਸੁਰਿੰਦਰ ਕੌਰ ਸੰਧੂ, ਡਾ. ਕਮਲਜੀਤ ਕੌਰ ਸਿੱਧੂ, ਜਰਨੈਲ ਸਿੰਘ ਸਿੱਧੂ, ਲਖਵੀਰ ਸਿੰਘ ਖੰਗੂੜਾ ਨੇ ਅਦਾ ਕੀਤੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com