ਅਜ਼ਾਦ ਐਮ ਐਲ ਏ ਜਿੱਤ ਕੇ ਪੰਚਾਇਤ ਮੰਤਰੀ ਬਣੇ ਸੀ ਨਿਰਮਲ ਕਾਹਲੋਂ
- ਟੌਹੜਾ ਦੀ ਹਮਾਇਤ ਦੇ ਸ਼ੱਕ ਚ ਬਰਨਾਲਾ ਨੇ ਕੱਢਿਆ ਸੀ ਵਜ਼ਾਰਤ ਚੋਂ
- ਬਰਨਾਲਾ ਨੇ ਸਪੀਕਰ ਮਿਨਹਾਸ ਹੱਥੋਂ ਵਿਧਾਨ ਦੀ ਮੈਂਬਰੀ ਵੀ ਕਰਾਈ ਸੀ ਰੱਦ
- 1980 ਚ ਲੜੀ ਪਹਿਲੀ ਇਲੈਕਸ਼ਨ,ਤਿੰਨ ਦਫ਼ਾ ਐਮ ਐਲ ਏ ਬਣੇ
- 1985 ਚ ਪਹਿਲੀ ਵਾਰ ਜਿੱਤ ਕੇ ਬਣੇ ਸੀ ਡਿਪਟੀ ਸਪੀਕਰ
- 7 ਚੋਣਾਂ ਲੜੀਆਂ,4 ਵਾਰ ਰੰਧਾਵਾ ਪਰਿਵਾਰ ਨਾਲ, 2 ਵਾਰ ਤ੍ਰਿਪਤ ਬਾਜਵਾ ਨਾਲ
ਗੁਰਪ੍ਰੀਤ ਸਿੰਘ ਮੰਡਿਆਣੀ
ਚੰਡੀਗੜ, 16 ਜੁਲਾਈ 2022 - ਅੱਜ ਫ਼ੌਤ ਹੋਏ ਬਜ਼ੁਰਗ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ ਨੂੰ ਪਾਰਟੀ ਟਿਕਟ ਅਨਾਊਂਸ ਹੋਣ ਦੇ ਬਾਵਜੂਦ ਵੀ 1997 ਵਾਲੀ ਵਿਧਾਨ ਚੋਣ ਵੇਲੇ ਵਕਤ ਸਿਰ ਟਿਕਟ ਵਾਲੀ ਚਿੱਠੀ ਨਹੀਂ ਸੀ ਮਿਲੀ ਜਿਸ ਕਰਕੇ ਉਹਨਾਂ ਨੂੰ ਬਤੌਰ ਅਜ਼ਾਦ ਉਮੀਦਵਾਰ ਹੀ ਕਾਗ਼ਜ਼ ਦਾਖਲ ਕਰਨੇ ਪਏ ਸੀ।ਉਹਨਾਂ ਨੇ ਅਕਾਲੀ ਦਲ ਦੀ ਹਮਾਇਤ ਨਾਲ ਬਤੌਰ ਅਜ਼ਾਦ ਉਮੀਦਵਾਰ ਇਹ ਇਲੈਕਸ਼ਨ ਜਿੱਤੀ ਤੇ ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਚ ਪੰਚਾਇਤ ਮੰਤਰੀ ਬਣੇ ਤੇ 2007 ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ।
ਨਿਰਮਲ ਸਿੰਘ ਕਾਹਲੋਂ ਨੇ 1985 ਚ ਪਹਿਲੀ ਦਫ਼ਾ ਵਿਧਾਨ ਸਭਾ ਦੀ ਚੋਣ ਜਿੱਤੀ ਤੇ 6 ਨਵੰਬਰ 85 ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣੇ ।5 ਮਈ 1986 ਨੂੰ ਉਹ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਚ ਟੈਕਨੀਕਲ ਐਜੂਕੇਸ਼ਨ ਮਹਿਕਮੇ ਦੇ ਰਾਜ ਮੰਤਰੀ ਬਣੇ।ਨਵੰਬਰ 1986 ਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਕਾਹਲੋਂ ਤੇ ਇਹ ਸ਼ੱਕ ਕੀਤਾ ਕਿ ਉਹਨਾਂ ਨੇ ਪ੍ਰਧਾਨਗੀ ਦੀ ਚੋਣ ਚ ਵਿਰੋਧੀ ਉਮੀਦਵਾਰ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਮਨੋਂ ਹਮਾਇਤ ਦਿੱਤੀ ਹੈ।ਬਰਨਾਲਾ ਵਜ਼ਾਰਤ ਚ ਐਜੂਕੇਸ਼ਨ ਮਨਿਸਟਰ ਬਸੰਤ ਸਿੰਘ ਖਾਲਸਾ ਨੇ ਤਾਂ ਟੌਹੜਾ ਦੀ ਖੁੱਲ ਕੇ ਹਮਾਇਤ ਕੀਤੀ ਸੀ।ਸੋ ਖਾਲਸਾ ਨੂੰ ਟੌਹੜਾ ਦੀ ਖੁੱਲ੍ਹੀ ਹਮਾਇਤ ਬਦਲੇ ਤੇ ਕਾਹਲੋਂ ਨੂੰ ਸ਼ੱਕ ਦੀ ਬਿਨਾ ਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਵਜ਼ਾਰਤ ਚੋਂ ਬਰਖਾਸਤ ਕਰ ਦਿੱਤਾ।
ਮਾਰਚ 1987 ਚ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਅਕਾਲੀ ਨੂੰ ਭੰਗ ਕਰਕੇ ਬਣਾਈ ਗਈ ਇੱਕ ਕਮੇਟੀ ਨੂੰ ਨਿਰਮਲ ਸਿੰਘ ਕਾਹਲੋਂ ਵੱਲੋਂ ਹਮਾਇਤ ਦੇਣ ਕਰਕੇ ਮੁੱਖ ਮੰਤਰੀ ਬਰਨਾਲਾ ਨੇ ਇਹਨੂੰ ਦਲ ਬਦਲੀ ਕਰਾਰ ਦਿੰਦਿਆਂ ਦਲ ਬਦਲੀ ਕਾਨੂੰਨ ਦੇ ਤਹਿਤ ਸਪੀਕਰ ਸੁਰਜੀਤ ਸਿੰਘ ਮਿਨਹਾਸ ਨੂੰ ਕਾਹਲੋਂ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਦੀ ਸਿਫ਼ਾਰਸ਼ ਕੀਤੀ।ਸਪੀਕਰ ਨੇ ਬਿਨਾ ਕੋਈ ਨੋਟਿਸ ਦਿੰਦਿਆਂ ਕਾਹਲੋਂ ਨੂੰ ਬਤੌਰ ਐਮ ਐਲ ਏ ਬਰਖਾਸਤ ਕਰ ਦਿੱਤਾ ਪਰ ਹਈਕੋਰਟ ਨੇ ਸਪੀਕਰ ਦੇ ਇਸ ਐਕਸ਼ਨ ਤੇ ਸਟੇਅ ਲਾ ਦਿੱਤੀ ਸੀ।
ਪੇਸ਼ੇ ਵਜੋਂ ਵਕੀਲ ਨਿਰਮਲ ਸਿੰਘ ਕਾਹਲੋਂ ਦੇ ਪਰਿਵਾਰ ਨੇ ਵਿਧਾਨ ਸਭਾ ਦੀਆਂ 8 ਇਲੈਕਸ਼ਨਾ ਲੜੀਆਂ ਜੀਹਨਾਂ ਚ 5 ਵਾਰ ਮੁਕਾਬਲਾ ਕਾਂਗਰਸ ਦੇ ਸੰਤੋਖ ਰੰਧਾਵਾ ਪਰਿਵਾਰ ਨਾਲ ਹੋਇਆ 2 ਵਾਰ ਕਾਂਗਰਸ ਦੇ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹੋਇਆ ।1991 ਚ ਸਭ ਤੋਂ ਲੰਮੀ ਚੋਣ ਮੁਹਿੰਮ ਵਾਲੀ ਤੇ ਪੋਲਿੰਗ ਤੋਂ 2 ਦਿਨ ਪਹਿਲਾਂ ਰੱਦ ਹੋਈ ਇਲੈਕਸ਼ਨ ਵਿੱਚ ਵੀ ਉਹ ਬਾਦਲ ਅਕਾਲੀ ਦਲ ਦੇ ਉਮੀਦਵਾਰ ਸੀਗੇ ਤੇ ਉਹਨਾਂ ਦੇ ਮੁਕਾਬਲੇ ਚ ਇੰਦਰਾ ਗਾਂਧੀ ਕਤਲ ਕਾਂਡ ਵਾਲੇ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਅਗਵਾਂ ਸੀ, ਕਾਂਗਰਸ ਉਦੋਂ ਚੋਣ ਮੈਦਾਨ ਚ ਨਹੀਂ ਸੀ ਆਈ।ਇਓਂ ਨਿਰਮਲ ਸਿੰਘ ਕਾਹਲੋਂ ਵੱਲੋਂ ਲੜੀਆਂ ਚੋਣਾਂ ਦੀ ਗਿਣਤੀ 8 ਬਣਦੀ ਹੈ।