ਲੁਧਿਆਣਾ : 10 ਫਰਵਰੀ 2021 - ਪੰਜਾਬੀ ਦੇ ਨਾਮਵਰ ਸ਼ਾਇਰ ਬਾਬੂ ਸਿੰਘ ਚੌਹਾਨ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਵਿਅੰਗ ਕਾਵਿ ਤੇ ਗੀਤ ਰਚਨਾ ਤੋਂ ਇਲਾਵਾ ਸਿੱਖ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਬਹੁਤ ਮਕਬੂਲ ਹੋਈਆਂ।
ਬਾਬੂ ਸਿੰਘ ਚੌਹਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਇਲਾਵਾ ਕਈ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਦੇ ਸਰਕਰਮ ਮੈਂਬਰ ਸਨ।
ਬਾਬੂ ਸਿੰਘ ਚੌਹਾਨ ਦੇ ਦੇਹਾਂਤ ਤੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਬਾਬੂ ਸਿੰਘ ਦੇ ਨਿਕਟਵਰਤੀ ਮਿੱਤਰ ਤੇ ਉਸ ਬਾਰੇ ਬਾਬੂ ਸਿੰਘ ਚੌਹਾਨ: ਜੀਵਨ ਤੇ ਗੀਤ ਕਿਤਾਬ ਸੰਪਾਦਿਤ ਕਰਨ ਵਾਲੇ ਉੱਘੇ ਲੇਖਕ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਬਾਬੂ ਸਿੰਘ ਚੌਹਾਨ ਦੀਆਂ ਰਚਨਾਵਾਂ ਸੱਜਰੀ ਪੈੜ ਤੇ ਅੱਖਰ ਅੱਖਰ ਅਹਿਸਾਸ (ਕਾਵਿ ਸੰਗ੍ਰਹਿ) ਵਿਅੰਗ ਰਚਨਾ ਸੱਚ ਬੋਲਿਆ ਭਾਂਬੜ ਮੱਚਦਾ ਏ, ਚਿੜੀਆਂ ਨੂੰ ਲਿਖਾਂ ਚਿੱਠੀਆਂ (ਬਾਲ ਗੀਤ) ਯਾਦਾਂ ਦੀ ਚੰਗੇਰ, ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਖੇਮੋ ਬੇਗਮ ਤੋਂ ਹੁਣ ਤੀਕ ਖਮਾਣੋ, ਦੀਵਾਨ ਟੋਡਰ ਮੱਲ - ਸਿੱਖ ਇਤਿਹਾਸ ਦੇ ਸਰੋਕਾਰ, ਜੀਵਨ ਤੇ ਫ਼ਲਸਫਾ ਤੋਂ ਇਲਾਵਾ ਸ਼ਹੀਦੀ ਪੈਂਡੇ (ਵਾਰਤਕ )ਬੜੀਆਂ ਮੁੱਲਵਾਨ ਹਨ।
ਸ: ਬਾਬੂ ਸਿੰਘ ਚੌਹਾਨ 1977 ਤੋਂ 1997 ਤੀਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵੀ ਪ੍ਰਧਾਨ ਰਹੇ। ਖਮਾਣੋ ਨਗਰ ਪੰਤਾਇਤ ਦੇ ਵੀ ਉਹ 1998 ਤੋਂ 2003 ਤੀਕ ਕੌਂਸਲਰ ਰਹੇ।ਉਹ ਸਾਹਿਤ ਸਭਾ ਖਮਾਣੋੰ (ਫ਼ਤਹਿਗੜ੍ਹ ਸਾਹਿਬ)ਦੇ ਲੰਮਾ ਸਮਾਂ ਪ੍ਰਧਾਨ ਵੀ ਰਹੇ।
ਉਹਨਾਂ ਦੇ ਅਚਾਨਕ ਹੋਏ ਵਿਛੋੜੇ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ,ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ,ਜਨਰਲ ਸਕੱਤਰ ਡਾ. ਸੁਰਜੀਤ ਸਿੰਘ,ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ , ਉੱਘੇ ਕਵੀ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਡਾ: ਗੁਲਜ਼ਾਰ ਪੰਧੇਰ, ਸਵਰਨਜੀਤ ਸਵੀ,ਦਰਸ਼ਨ ਬੁੱਟਰ ਪ੍ਰਧਾਨ ਤੇ ਡਾ. ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ . ਸੁਖਜੀਤ ਮਾਛੀਵਾੜਾ, ਦਲਜੀਤ ਸ਼ਾਹੀ, ਉਰਦੂ ਕਵੀ ਸਰਦਾਰ ਪੰਛੀ,ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ,ਹਰਬੰਸ ਮਾਲਵਾ,ਸਹਿਜਪ੍ਰੀਤ ਸਿੰਘ ਮਾਂਗਟ,ਗੁਰਚਰਨ ਕੌਰ ਕੋਚਰ ਤੇ ਬੁੱਧ ਸਿੰਘ ਨੀਲੋਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।