ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2020 - ਕਾਂਗਰਸ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਜੀਤ ਮੱਲ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ ਜਦੋਂ ਕਿ ਬਿਹਾਰ ਚੋਣ ਵਿਚ ਰੁੱਝੇ ਹੋਣ ਕਾਰਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਰਿਵਾਰ ਨਾਲ ਫੋਨ ਰਾਹੀ ਦੁੱਖ ਸਾਂਝਾ ਕੀਤਾ। ਕਾਂਗਰਸੀ ਆਗੂ ਜੀਤ ਮੱਲ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਰੁਣ ਵਧਾਵਣ ਦੇ ਪਿਤਾ ਸਨ। ਵਿੱਤ ਮੰਤਰੀ ਨੇ ਕਿਹਾ ਕਿ ਜੀਤ ਮੱਲ ਦੀ ਮੌਤ ਨਾਲ ਕਾਂਗਰਸ ਪਾਰਟੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਆਪਣੀ ਸਾਰੀ ਜਿੰਦਗੀ ਕਾਂਗਰਸ ਪਾਰਟੀ ਦੇ ਲੇਖੇ ਲਗਾ ਦਿੱਤੀ ਅਤੇ ਕਿਸੇ ਅਹੁਦੇ ਦਾ ਲਾਲਚ ਤਕ ਨਹੀਂ ਕੀਤਾ। ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਸਨ।
ਅੱਜ ਜੀਤ ਮੱਲ ਦਾ ਅੰਤਿਮ ਸਸਕਾਰ ਦਾਣਾ ਮੰਡੀ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਹਨਾਂ ਦੀ ਦੇਹ ਉੱਪਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦਾ ਝੰਡਾ ਪਾਇਆ। ਜੀਤ ਮੱਲ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਅਰੁਣ ਵਧਾਵਣ ਨੇ ਦਿਖਾਈ। ਇਸ ਮੌਕੇ ਜੈਜੀਤ ਸਿੰਘ ਜੌਹਲ, ਕੇ.ਕੇ ਅਗਰਵਾਲ,ਜਗਰੂਪ ਸਿੰਘ ਗਿੱਲ,ਅਸ਼ੋਕ ਪ੍ਰਧਾਨ,ਪਵਨ ਮਾਨੀ,ਰਾਜਨ ਗਰਗ, ਰਾਜ ਨੰਬਰਦਾਰ, ਟਹਿਲ ਸਿੰਘ ਸੰਧੂ, ਮਾਸਟਰ ਹਰਮੰਦਰ ਸਿੰਘ,ਹਰਵਿੰਦਰ ਲੱਡੂ, ਸੁਖਦੇਵ ਸਿੰਘ ਸੁੱਖਾ, ਜਸਵੀਰ ਕੌਰ, ਸੰਤੋਸ਼ ਮਹੰਤ,ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ,ਹਰਪਾਲ ਬਾਜਵਾ, ਦਰਸਨ ਬਿੱਲੂ, ਜੁਗਰਾਜ ਸਿੰਘ, ਰਾਜਾ ਸਿੰਘ,ਰਜਿੰਦਰ ਸਿੱਧੂ,ਬਲਜੀਤ ਰਾਜੂ ਸਰਾਂ,ਪਰਦੀਪ ਗੋਇਲ,ਸ਼ਾਮ ਲਾਲ ਜੈਨ ਆਦਿ ਕਾਂਗਰਸੀ ਆਗੂਆਂ ਤੋਂ ਇਲਾਵਾ ਵੱਖ ਵੱਖ ਰਾਜਸੀ, ਧਾਰਮਿਕ, ਸਮਾਜਿਕ ਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਜੀਤ ਮੱਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।