ਸਿਰਕੱਢ ਪਰਵਾਸੀ ਪੰਜਾਬੀ ਲੇਖਕ ਰਵਿੰਦਰ ਰਵੀ ਦਾ 86ਵਾਂ ਜਨਮ ਦਿਨ ਮਨਾਇਆ
- ਪ੍ਰਧਾਨਗੀ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ
ਲੁਧਿਆਣਾਃ 9 ਮਾਰਚ 2023 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਪਰਵਾਸੀ ਸਾਹਿਤ ਦੇ ਬਾਬਾ ਬੋਹੜ, ਬਹੁਵਿਧਾਵੀ ਲੇਖਕ ਰਵਿੰਦਰ ਰਵੀ ਦੇ 86ਵੇਂ ਜਨਮ ਦਿਨ ਮੌਕੇ 9 ਮਾਰਚ 2023 ਨੂੰ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉਨ੍ਹਾਂ ਦਾ ਜੀਵਨ ਤੇ ਸਿਰਜਣਾ ਸੰਸਾਰ ਸ੍ਰੋਤਿਆਂ ਨਾਲ ਸਾਂਝਾ ਕੀਤਾ ਗਿਆ।
ਇਸ ਵੈਬੀਨਾਰ ਦੀ ਪ੍ਰਧਾਨਗੀ ਪੰਜਾਬੀ ਦੇ ਉੱਘੇ ਕਹਾਣੀਕਾਰ ਤੇ ਚਿੰਤਕ ਸ. ਗੁਲਜਾਰ ਸੰਧੂ ਵਲੋਂ ਕੀਤੀ ਗਈ। ਪ੍ਰੋ. ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ. ਸੁਰਜੀਤ ਸਿੰਘ ਭੱਟੀ ਪ੍ਰੋਫ਼ੈਸਰ ਪੰਜਾਬੀ ਯੂਨੀਵਰਯਿਟੀ, ਪਟਿਆਲਾ ਨੇ ਰਵਿੰਦਰ ਰਵੀ ਦੇ ਸਿਰਜਣਾ ਸੰਸਾਰ ਬਾਰੇ ਵਿਚਾਰ ਸਾਂਝੇ ਕੀਤੇ। ਵੈਬੀਨਾਰ ਦੇ ਆਰੰਭ ਵਿਚ ਡਾ. ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਸਰਗਰਮੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਕੇਂਦਰ ਵਲੋਂ 80 ਸਾਲ ਦੀ ਉਮਰ ਤੋਂ ਉੱਪਰ ਲੇਖਕਾਂ ਦੇ ਜਨਮ ਦਿਨ ’ਤੇ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ।
ਪ੍ਰੋ. ਗੁਰਭਜਨ ਗਿੱਲ ਨੇ ਰਵਿੰਦਰ ਰਵੀ ਦੇ ਜੀਵਨ ਤੇ ਹੋਰਨਾਂ ਲੇਖਕਾਂ ਨਾਲ ਉਨ੍ਹਾਂ ਦੀ ਸਾਂਝ, ਪ੍ਰਯੋਗਸ਼ੀਲ ਲਹਿਰ ਬਾਰੇ ਚਰਚਾ ਕੀਤੀ। ਪ੍ਰੋ. ਭੱਟੀ ਨੇ ਰਵਿੰਦਰ ਰਵੀ ਦੇ ਰਚਨਾ ਸੰਸਾਰ ਵਿਚ ਪੇਸ਼ ਸਮਕਾਲੀ ਜ਼ਿੰਦਗੀ, ਸਮਾਜਿਕ, ਆਰਥਿਕ, ਮਨੋਵਿਿਗਆਨਿਕ ਅਤੇ ਦਾਰਸ਼ਨਿਕ ਸਰੋਕਾਰਾਂ ਨੂੰ ਉਨ੍ਹਾਂ ਦੀ ਕਵਿਤਾ ਦੇ ਹਵਾਲਿਆਂ ਨਾਲ ਪੇਸ਼ ਕੀਤਾ। ਇਸ ਮੌਕੇ ਕਹਾਣੀਕਾਰ ਗੁਲਜਾਰ ਸੰਧੂ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਰਵਿੰਦਰ ਰਵੀ ਦੀ ਵਿਸ਼ਾਲ ਸਾਹਿਤਕ ਦੇਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਰਵੀ 1955 ਤੋਂ ਨਿਰੰਤਰ ਲਿਖ ਰਿਹਾ ਹੈ ਤੇ ਹੁਣ ਤੱਕ 80 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।
ਉਨ੍ਹਾਂ ਨੇ ਰਵਿੰਦਰ ਰਵੀ ਦੀ ਕਾਵਿ ਨਾਟਕਾਂ ਦੇ ਖੇਤਰ ਵਿਚ ਦੇਣ ਬਾਰੇ ਕਿਹਾ ਕਿ ਉਨ੍ਹਾਂ ਨੇ 16 ਕਾਵਿ ਨਾਟਕ ਲਿਖੇ ਹਨ ਤੇ ਇਹ ਸਾਰੇ 42 ਸਾਲਾਂ ਵਿਚ ਭਾਰਤ ਦੇ ਨਾਮਵਰ ਰੰਗਕਰਮੀਆਂ ਵਲੋਂ ਖੇਡੇ ਗਏ ਹਨ। ਰਵਿੰਦਰ ਰਵੀ ਨੇ ਇਸ ਮੌਕੇ ਬੋਲਦਿਆਂ ਹੋਇਆਂ ਡਾ. ਸ. ਪ. ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਪਰਵਾਸੀ ਲੇਖਕਾਂ ਤੇ ਪਰਵਾਸੀ ਸਾਹਿਤ ਨੂੰ ਵਿਲਖਣ ਪਛਾਣ ਦੇਣ ਵਿਚ ਇਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਲੇਖਕਾਂ ਨੂੰ ਊਰਜਾ ਦਿੰਦੇ ਹਨ ਤੇ ਹੋਰ ਲਿਖਣ ਲਈ ਉਤਸ਼ਾਹਿਤ ਵੀ ਕਰਦੇ ਹਨ। ਇਸ ਵੈਬੀਨਾਰ ਵਿਚ ਰਵਿੰਦਰ ਰਵੀ ਦੇ ਪਰਿਵਾਰਕ ਮੈਂਬਰਾਂ ਉਚੇਚੇ ਤੌਰ ਤੇ ਹਾਜ਼ਰੀ ਭਰੀ।
ਪ੍ਰੋ. ਸ਼ਰਨਜੀਤ ਕੌਰ ਕੌਰ ਮੁਖੀ ਪੰਜਾਬੀ ਵਿਭਾਗ ਨੇ ਰਵਿੰਦਰ ਰਵੀ ਦੀ ਕਵਿਤਾ ਸ੍ਰੋਤਿਆਂ ਨਾਲ ਸਾਂਝੀ ਕੀਤੀ। ਵੈਬੀਨਾਰ ਦੇ ਆਖੀਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਡਾ. ਸ. ਪ. ਸਿੰਘ ਦੀ ਸੁਯੋਗ ਅਗਵਾਈ ਅਧੀਨ ਕੇਂਦਰ ਵਲੋਂ ਅਜਿਹੇ ਪ੍ਰੋਗਰਾਮ ਭਵਿੱਖ ਵਿਚ ਊਲੀਕੇ ਜਾਣਗੇ। ਇਸ ਵੈਬੀਨਾਰ ਦਾ ਸੰਚਾਲਨ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਵਲੋਂ ਕੀਤਾ ਗਿਆ।
ਇਸ ਮੌਕੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਹਰਦੀਪ ਸਿੰਘ, ਪ੍ਰੋ. ਜਗਜੀਤ ਕੌਰ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਡਾ. ਦਲੀਪ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਗੁਰਪ੍ਰੀਤ ਸਿੰਘ, ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਗੁਣਜੋਤ ਕੌਰ, ਪ੍ਰੋ. ਆਸ਼ਾ ਰਾਣੀ, ਡਾ. ਮਨਦੀਪ ਕੌਰ, ਡਾ. ਭੁਪਿੰਦਰਜੀਤ ਕੌਰ, ਪ੍ਰੋ. ਨਿਧੀ ਭਨੋਟ, ਸ੍ਰੀ ਸਤ ਪ੍ਰਕਾਸ਼ ਅਤੇ ਰਾਜਿੰਦਰ ਸਿੰਘ ਵੀ ਹਾਜ਼ਰ ਰਹੇ।