ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਨਾਲ ਕੱਲ੍ਹ ਤਿੰਨ ਸ਼ਖਸੀਅਤਾਂ ਸਨਮਾਨਿਤ ਹੋਣਗੀਆਂ
ਲੁਧਿਆਣਾਃ 15 ਸਤੰਬਰ 2022 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਡਾਃ ਇਕਬਾਲ ਕੌਰ ਸੌਂਧ, ਡਾਃ ਵਨੀਤਾ ਤੇ ਡਾਃ ਬਲਜੀਤ ਕੌਰ ਨੂੰ 16 ਸਤੰਬਰ ਸਵੇਰੇ 11ਵਜੇ ਰਾਮਗੜੀਆ ਗਰਲਜ਼ ਕਾਲਿਜ ਦੇ ਬਾਬਾ ਗੁਰਮੁਖ ਸਿੰਘ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿਕਾਸ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਪੁੱਜ ਰਹੇ ਹਨ। ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਕਰਨਗੇ ਜਦ ਕਿ ਡਾਃ ਰਮੇਸ਼ ਇੰਦਰ ਕੌਰ ਬੱਲ ਤੇ ਸਃ ਰਣਜੋਧ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਣਗੇ।
ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾਃ ਸ਼ਯਾਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਹ ਪੁਰਸਕਾਰ ਸਾਲ 2014 ਵਿੱਚ ਸੁਰਗਵਾਸੀ ਪ੍ਰੋਃ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ ਹਰ ਸ਼ਖ਼ਸੀਅਤ ਨੂੰ ਇੱਕੀ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਤੇ ਫੁਲਕਾਰੀ ਭੇਂਟ ਕੀਤੀ ਜਾਵੇਗੀ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੇਵਾ ਮੁਕਤ ਪ੍ਰੋਫੈਸਰ ਡਾਃ ਇਕਬਾਲ ਕੌਰ ਸੌਂਧ ਲੋਕ ਧਾਰਾ ਮਾਹਿਰ, ਆਲੋਚਕ ਅਤੇ ਕਵਿੱਤਰੀ ਹਨ ਜਿੰਨ੍ਹਾਂ ਨੇ ਗੁਰੂ ਨਾਨਕ ਬਾਣੀ ਵਿੱਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਪ੍ਰਸਥਿਤੀਆਂ ਦੀ ਸਮੀਖਿਆ ਵਿਸ਼ੇ ਤੇ ਪੀ ਐੱਚ ਡੀ ਕੀਤੀ। ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ਵਿੱਚ ਪੰਜਾਬੀ ਲੋਕ ਯਾਨ, ਦਿਲ ਦੀਆਂ ਬਾਤੀਂ, ਨਾਮਦੇਵ ਰਚਨਾ ਸੰਸਾਰ, ਬਟਵਾਰਾ ਤੇ ਭਗਤ ਨਾਮਦੇਵ ਜੀਵਨ ਸ਼ਖਸੀਅਤ ਤੇ ਰਚਨਾ ਪੰਜਾਬ ਦੀ ਨਿਧੜਕ ਨਾਰੀ ਬੀਬੀ ਬੀਰ ਕਲਸੀ, ਬੁੱਢੇ ਥੇਹ ਦੀ ਹੂਕ, ਮੈਂ ਕਹਾਂ ਤੂੰ ਕਹੇਂ, ਮਾਵਾਂ ਦੀ ਵਿਗਿਆਨਕ ਸੂਝ ਦ੍ਰਿਸ਼ਟੀ, ਇਹ ਵੀ ਇੱਕ ਸੰਗਰਾਮ ਸੀ ਅਤੇ ਸੱਜਰੀ ਪੈੜ ਦਾ ਰੇਤਾ ਪ੍ਰਮੁੱਖ ਹਨ।
ਦੂਜੀ ਸ਼ਖ਼ਸੀਅਤ ਨਵੀਂ ਦਿੱਲੀ ਤੋਂ ਸਿਰਕੱਢ ਕਵਿੱਤਰੀ ਅਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਃ ਵਨੀਤਾ ਹਨ ਜਿੰਨ੍ਹਾਂ ਦੀ ਪੁਸਤਕ ਕਾਲ ਪਹਿਰ ਤੇ ਘੜੀਆਂ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲ ਚੁਕਾ ਹੈ।
ਸੰਗੀਤ ਅਤੇ ਪੰਜਾਬੀ ਵਿੱਚ ਐੱਮ ਏ ਕਰਕੇ ਆਪ ਨੇ ਦਿੱਲੀ ਯੂਨੀਵਰਸਿਟੀ ਤੋਂ ਉੱਤਰ ਆਧੁਨਿਕਤਾ ਨਾਲ ਸਬੰਧਿਤ ਵਿਸ਼ੇ ਤੇ ਪੀ ਐੱਚ ਡੀ ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਿਜ ਦਿੱਲੀ ਵਿੱਚ ਪੜ੍ਹਾਉਣਾ ਆਰੰਭਿਆ। ਲਗ ਪਗ ਵੀਹ ਵਿਦਿਆਰਥੀਆਂ ਦੇ ਖੋਜ ਨਿਗਰਾਨ ਵਜੋਂ ਵੀ ਆਪ ਨੇ ਪੀ ਐੱਚ ਡੀ ਕਰਵਾਈ। ਕਵਿਤਾ, ਵਾਰਤਕ, ਆਲੋਚਨਾ, ਅਨੁਵਾਦ ਆਦਿ ਖੇਤਰ ਵਿੱਚ ਆਪਨੇ 56 ਕਿਤਾਬਾਂ ਦੀ ਰਚਨਾ ਕੀਤੀ ਹੈ।
ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਵੀ ਆਪ ਦੀ ਸ਼ਮੂਲੀਅਤ ਮਹੱਤਵਪੂਰਨ ਰਹੀ ਹੈ। ਹੁਣ ਤੀਕ ਵੀਹ ਤੋਂ ਵੱਧ ਕੌਮੀ ਤੇ ਕੌਮਾਂਤਰੀ ਪੁਰਸਕਾਰ ਆਪ ਨੂੰ ਹਾਸਲ ਹੋ ਚੁਕੇ ਹਨ।
ਤੀਸਰੀ ਹਸਤੀ ਡਾਃ ਬਲਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਤਰੀ ਕੇਂਦਰ ਜਲੰਧਰ ਦੀ ਰੀਟਾਇਰਡ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ ਹਨ ਜਿੰਨ੍ਹਾਂ ਨੇ ਪੰਜਾਬੀ ਕਾਵਿ ਆਲੋਚਨਾ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ। ਸੁਲਤਾਨਪੁਰ ਲੋਧੀ ਦੀ ਜੰਮਪਲ ਇਸ ਵਿਦਵਾਨ ਬੀਬਾ ਦੀ ਨੇ ਪਹਿਲਾਂ ਪੰਜ ਸਾਲ ਡਿਗਰੀ ਕਾਲਿਜ ਵਿੱਚ ਤੇ ਮਗਰੋਂ 34 ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ। ਆਪ ਦੀਆਂ ਲਿਖੀਆਂ ਮਹੱਤਵਪੂਰਨ ਪੁਸਤਕਾਂ ਵਿੱਚ ਆਧੁਨਿਕ ਪੰਜਾਬੀ ਕਾਵਿਃ ਸੁਹਜ ਦ੍ਰਿਸ਼ਟੀ, ਸੁਹਜ ਸ਼ਾਸਤਰ ਦੀ ਰੂਪ ਰੇਖਾ, ਤਿਖਾਵੰਤ, ਇੱਕ ਫੁੱਲ ਤੋਰੀਏ ਦਾ , ਗੁਰਬਾਣੀ ਧਰਮ ਤੇ ਸਾਹਿੱਤ, ਸੁਬਹ ਸੋਚਦੀ ਹੈ, ਵੀਹਵੀਂ ਸਦੀ ਦੀ ਪੰਜਾਬੀ ਕਵਿਤਾਃ ਸਰੂਪ ਤੇ ਵਿਕਾਸ ਅਤੇ ਰਾਗ ਵੈਰਾਗ ਸ਼ਾਮਿਲ ਹਨ।
ਹੁਣ ਤੀਕ ਪਿਛਲੇ ਸਾਲੀਂ ਇਹ ਪੁਰਸਕਾਰ ਪ੍ਰੋਃ ਤੇਜ ਕੌਰ ਦਰਦੀ, ਡਾਃ ਜਸਬੀਰ ਕੌਰ ਕੇਸਰ,ਡਾਃ ਗੁਰਨਾਮ ਕੌਰ ਬੇਦੀ ਤੇ ਡਾਃ ਰਮੇਸ਼ ਇੰਦਰ ਕੌਰ ਬੱਲ ਜੀ ਨੂੰ ਪ੍ਰਦਾਨ ਕੀਤੇ ਜਾ ਚੁਕੇ ਹਨ। ਕਾਲਿਜ ਪ੍ਰਿੰਸੀਪਲ ਡਾਃ ਰਾਜੇਸ਼ਵਰ ਕੌਰ ਨੇ ਦੱਸਿਆ ਕਿ 1983 ਤੋਂ 1993 ਤੀਕ ਜਿਸ ਸ਼ਿੱਦਤ ਨਾਲ ਸੁਰਗਵਾਸੀ ਪ੍ਰੋਃ ਨਿਰਪਜੀਤ ਕੌਰ ਗਿੱਲ ਨੇ ਇਸ ਸੰਸਥਾ ਨੂੰ ਗਿਆਨੀ ਭਗਤ ਸਿੰਘ ਜੀ ਦੀ ਛਤਰ ਛਾਇਆ ਤੇ ਸ੍ਵ. ਪ੍ਰਿੰਸੀਪਲ ਹਰਮੀਤ ਕੌਰ ਜੀ ਦੀ ਅਗਵਾਈ ਹੇਠ ਕੌਮੀ ਪਛਾਣ ਦਿਵਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ, ਉਸ ਨੂੰ ਭੁਲਾਉਣਾ ਆਸਾਨ ਨਹੀਂ। ਸਾਨੂੰ ਮਾਣ ਹੈ ਕਿ ਉਨ੍ਹਾਂ ਦੀ ਯਾਦ ਵਿੱਚ ਇਹ ਸਮਾਗਮ ਉਨ੍ਹਾਂ ਦੇ ਹੀ ਕਰਮਭੂਮੀ ਵਾਲੇ ਕਾਲਿਜ ਚ ਹੋ ਰਿਹਾ ਹੈ।