ਸਾਬਕਾ ਵਿਜ਼ਟਿੰਗ ਪ੍ਰੋਫ਼ੈਸਰ ਡਾ. ਬੀ. ਐੱਨ. ਗੋਸਵਾਮੀ ਦੇ ਦੇਹਾਂਤ ਉੱਤੇ ਪੰਜਾਬੀ ਯੂਨੀਵਰਸਿਟੀ ਨੇ ਪ੍ਰਗਟਾਇਆ ਸੋਗ
- ਡਾ. ਗੋਸਵਾਮੀ ਦੀ ਪ੍ਰੇਰਣਾ ਸਦਕਾ 2005 ਦੌਰਾਨ ‘ਮਿਨੀਏਚਰ’ ਵਿਸ਼ੇ ਨੂੰ ਐੱਮ. ਪੱਧਰ ਉੱਤੇ ਪੜ੍ਹਾਏ ਜਾਣ ਵਾਲੀ ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣੀ ਸੀ ਪੰਜਾਬੀ ਯੂਨੀਵਰਸਿਟੀ
ਪਟਿਆਲਾ, 17 ਨਵੰਬਰ 2023 - ਉੱਘੇ ਕਲਾ ਆਲੋਚਕ ਅਤੇ ਇਤਿਹਾਸਕਾਰ ਡਾ. ਬੀ. ਐੱਨ.. ਗੋਸਵਾਮੀ ਦੇ ਦੇਹਾਂਤ ਉੱਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸੋਗ ਪ੍ਰਗਟਾਇਆ ਗਿਆ ਹੈ। ਡਾ. ਗੋਸਵਾਮੀ ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰ. ਸੋਭਾ ਸਿੰਘ ਲੋਕ ਕਲਾਵਾਂ ਵਿਭਾਗ ਵਿਖੇ ‘ਵਿਜ਼ਟਿੰਗ ਪ੍ਰੋਫ਼ੈਸਰ’ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਦੱਸਿਆ ਕਿ ਡਾ. ਬੀ. ਐੱਨ. ਗੋਸਵਾਮੀ ਪੰਜਾਬੀ ਯੂਨੀਵਰਸਿਟੀ ਵਿਖੇ ਹੋਣ ਵਾਲ਼ੀਆਂ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਅਤੇ ਕਾਰਜਾਂ ਦੇ ਭਾਗੀਦਾਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਹਾੜੀ ਅਤੇ ਲਘੂ ਚਿੱਤਰਾਂ ਦੇ ਖੇਤਰ ਵਿੱਚ ਆਪਣੀ ਕਲਾ ਆਲੋਚਨਾ ਅਤੇ ਇਤਿਹਾਸਕਾਰੀ ਦੇ ਹਵਾਲੇ ਨਾਲ਼ ਹਮੇਸ਼ਾ ਚੇਤੇ ਰਹਿਣਗੇ। ਉਨ੍ਹਾਂ ਕਿਹਾ ਕਿ ਕਲਾ ਦੇ ਇਤਿਹਾਸ ਨੂੰ ਜਾਣਨ ਦੇ ਹਵਾਲੇ ਨਾਲ਼ ਪੰਜਾਬ ਨੂੰ ਪਿਆ ਇਹ ਘਾਟਾ ਨਾ ਪੂਰੇ ਜਾਣ ਯੋਗ ਹੈ।
ਡਾ. ਅੰਬਾਲਿਕਾ ਸੂਦ, ਡੀਨ, ਆਰਟਸ ਫ਼ੈਕਲਟੀ, ਪੰਜਾਬੀ ਯੂਨੀਵਰਸਿਟੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ਼ ਡਾ. ਗੋਸਵਾਮੀ ਵਿਸ਼ੇਸ਼ ਸਾਂਝ ਰਹੀ ਹੈ। 2005 ਦੌਰਾਨ ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਯੂਨੀਵਰਸਿਟੀ ਦੇ ਸ੍ਰੋ. ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਵਿਖੇ ਲਘੂ ਚਿੱਤਰਕਾਰੀ ਨਾਲ਼ ਸੰਬੰਧਤ ਵਿਸ਼ੇ ‘ਮਿਨੀਏਚਰ’ ਨੂੰ ਐੱਮ. ਏ. ਪੱਧਰ ਉੱਤੇ ਮੁਕੰਮਲ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ ਜੋ ਅੱਜ ਤੱਕ ਜਾਰੀ ਹੈ। ਸਮੁੱਚੇ ਉੱਤਰੀ ਭਾਰਤ ਵਿੱਚ ਪੰਜਾਬੀ ਯੂਨੀਵਰਸਿਟੀ ਹੀ ਅਜਿਹੀ ਯੂਨੀਵਰਸਿਟੀ ਸੀ ਜਿੱਥੇ ‘ਮਿਨੀਏਚਰ’ ਨੂੰ ਵਿਸ਼ੇ ਵਜੋਂ ਪੜ੍ਹਾਏ ਜਾਣ ਦੀ ਪਹਿਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡਾ. ਗੋਸਵਾਮੀ ਦੀ ਅਗਵਾਈ ਵਿੱਚ ਕਲਾ ਦੇ ਹਵਾਲੇ ਨਾਲ਼ ਤਿੰਨ ਅਹਿਮ ਸੈਮੀਨਾਰ ਵੀ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੇ ਗਏ ਸਨ ਜੋ ਬੇਹੱਦ ਸਫਲ ਰਹੇ ਸਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਤੋਂ ਪਦਮ ਭੂਸ਼ਣ ਅਤੇ ਪਦਮ ਸ਼੍ਰੀ ਐਵਾਰਡ ਪ੍ਰਾਪਤ ਕਰਨ ਵਾਲ਼ੇ ਡਾ. ਗੋਸਵਾਮੀ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ 20 ਤੋਂ ਵਧੇਰੇ ਪੁਸਤਕਾਂ ਦੇ ਲੇਖਕ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੇਵਾ-ਨਵਿਰਤ ਡਾ. ਗੋਸਵਾਮੀ ਕਲਾ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਦੇ ਬੁਲਾਰੇ ਸਨ। ਉਨ੍ਹਾਂ ਦੇ ਬਹੁਤ ਸਾਰੇ ਵਿਦਿਆਰਥੀ ਅੱਜ ਦੁਨੀਆਂ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਕਲਾ ਦੇ ਖੇਤਰ ਵਿੱਚ ਆਪਣਾ ਨਾਮ ਰੁਸ਼ਨਾ ਰਹੇ ਹਨ। ਬਸਤਾਨੀ ਦੌਰ ਵਿੱਚ ਅਤੇ ਇਸ ਤੋਂ ਬਾਅਦ ਕਲਾਕਾਰਾਂ ਅਤੇ ਕਲਾ ਦੀਆਂ ਨੁਮਾਇਸ਼ਾਂ ਦੀ ਖਿੱਚ ਯੂਰਪ ਵੱਲ ਬਣੀ ਹੋਈ ਸੀ।
ਨਤੀਜੇ ਵਜੋਂ ਜ਼ਿਆਦਾਤਰ ਕਲਾਕਾਰਾਂ ਦੀਆਂ ਕਲਾ ਕਿਰਤਾਂ ਉੱਤੇ ਫਰਾਂਸ ਦਾ ਅਸਰ ਸੀ ਅਤੇ ਇਹ ਅਸਰ ਕਲਾ ਪੜਚੋਲੀਆਂ ਉੱਤੇ ਵੀ ਸੀ। ਡਾ. ਗੋਸਵਾਮੀ ਨੇ ਆਪਣੇ ਕੰਮ ਰਾਹੀਂ ਸਾਡੀਆਂ ਕਲਾ ਪਿਰਤਾਂ ਅਤੇ ਇਤਿਹਾਸ ਦੀ ਨਿੱਠ ਕੇ ਬਾਤ ਪਾਈ। ਉਹ ਦੇਸੀ ਕਲਾਕਾਰਾਂ ਤੋਂ ਹੀਣ ਭਾਵਨਾ ਤੋਂ ਮੁਕਤ ਕਰਨ ਵਾਲੀ ਜ਼ੋਰਦਾਰ ਕਲਮ ਅਤੇ ਬੁਲੰਦ ਆਵਾਜ਼ ਜੋ ਨਫ਼ਾਸਤ ਨਾਲ ਔਖਾ ਵਿਚਾਰ ਸਹਿਜਤਾ ਨਾਲ ਨਿਭਾਅ ਦਿੰਦੇ ਸਨ।
ਚੰਡੀਗੜ੍ਹ ਸ਼ਹਿਰ ਵਿੱਚ ਉਨ੍ਹਾਂ ਦੇ ਰੁਤਬੇ ਦੇ ਹਵਾਲੇ ਨਾਲ਼ ਗੱਲ ਕਰਦਿਆਂ ਲਲਿਤ ਕਲਾ ਅਕੈਡਮੀ ਤੋਂ ਦੀਵਾਨ ਮੰਨਾ ਨੇ ਕਿਹਾ ਕਿ ਹੁਣ ਉਹਨਾਂ ਦੇ ਕੱਦ ਤੇ ਬਰਾਬਰ ਦੀ ਕੋਈ ਹੋਰ ਸ਼ਖ਼ਸੀਅਤ ਲੱਭਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡਾ. ਗੋਸਵਾਮੀ ਨੇ ਸਿਰਫ਼ ਕਲਾ ਅਤੇ ਇਸ ਦੀ ਬੋਲੀ ਬਾਰੇ ਹੀ ਨਹੀਂ ਸਿਖਾਇਆ ਬਲਕਿ ਆਪਣੇ ਨਾਲ਼ ਜੁੜੇ ਲੋਕਾਂ ਨੂੰ ਕਲਾ ਦੇ ਹਵਾਲੇ ਨਾਲ਼ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਸਿਖਾਇਆ। ਉਨ੍ਹਾਂ ਦੱਸਿਆ ਕਿ ਡਾ. ਗੋਸਵਾਮੀ ਦੀ ਇੱਕ ਖ਼ਾਸੀਅਤ ਇਹ ਵੀ ਸੀ ਕਿ ਉਨ੍ਹਾਂ ਕਲਾ ਬਾਰੇ ਮਿੱਥ ਕੇ ਅਖ਼ਬਾਰਾਂ ਵਿੱਚ ਲਿਖਿਆ ਤਾਂ ਕਿ ਲੋਕਾਂ ਵਿੱਚ ਕਲਾ ਬਾਰੇ ਸਲਾਹੀਅਤ ਪੈਦਾ ਹੋ ਸਕੇ। ਉੱਚ ਦਮਾਲੜੇ ਵਾਲੇ ਅਕਾਦਮਿਕ ਕਾਰਜ ਦੇ ਨਾਲ਼ ਨਾਲ਼ ਉਹ ਤਕਰੀਬਨ ਛੇ ਭਾਸ਼ਾਵਾਂ ਦੇ ਗਿਆਤਾ ਸਨ।
ਉਨ੍ਹਾਂ ਦੀ ਖੋਜ ਦੀ ਇਹ ਵੀ ਇੱਕ ਖਾਸ ਗੱਲ ਸੀ ਕਿ ਉਹ ਇਸ ਮਕਸਦ ਲਈ ਦੂਰ ਦੁਰਾਡੇ ਤੱਕ ਦੇ ਪਿੰਡਾਂ ਤੱਕ ਖ਼ੁਦ ਚੱਲ ਕੇ ਗਏ। ਉਨ੍ਹਾਂ ਦਰੀਆਂ ਦੀ ਕਢਾਈ ਤੋਂ ਲੈ ਕੇ ਓਟਿਆਂ ਉੱਪਰ ਖੁਣੇ ਤੋਤਿਆਂ ਚਿੜੀਆਂ ਤੱਕ ਦੀ ਬਾਤ ਪਾਉਂਦਿਆਂ ਆਪਣੀ ਖੋਜ ਦੇ ਪਨ੍ਹੇ ਨੂੰ ਵਸੀਹ ਰੱਖਿਆ ਅਤੇ ਅਤੇ ਕਲਾ ਦੇ ਵੱਖ-ਵੱਖ ਰੂਪਾਂ ਦੇ ਵਿਸ਼ਲੇਸ਼ਣ ਅਤੇ ਵਿਆਖਿਆ ਆਮ ਲੋਕਾਂ ਦੀ ਬੋਲੀ ਵਿੱਚ ਸਾਹਮਣੇ ਲਿਆਂਦੇ। ਉਨ੍ਹਾਂ ਦੀ ਇਹ ਖ਼ਾਸੀਅਤ ਸੀ ਕਿ ਉਹ ਕਲਾ ਦੇ ਖੇਤਰ ਵਿੱਚ ਕੰਮ ਕਰਦਿਆਂ ਕਲਾਕਾਰਾਂ ਅਤੇ ਕਲਾ-ਕਿਰਤਾਂ ਵਿੱਚੋਂ ਆਪਣੀ ਕਲਪਨਾ ਨਾਲ਼ ਬਹੁਤ ਸਾਰੀਆਂ ਰੌਚਿਕ ਕਹਾਣੀਆਂ ਘੜ ਲੈਂਦੇ ਸਨ। ਇਸ ਸਭ ਕੁੱਝ ਦੇ ਨਤੀਜੇ ਵਜੋਂ ਅਕਸਰ ਹੀ ਲੋਕ ਉਨ੍ਹਾਂ ਦੇ ਭਾਸ਼ਣ ਸੁਣਨ ਲਈ ਕਾਹਲ਼ੇ ਰਹਿੰਦੇ ਸਨ।ਡਾ. ਗੋਸਵਾਮੀ ਦੀ ਕਵਿਤਾ ਵਿੱਚ ਵੀ ਗਹਿਰੀ ਦਿਲਚਸਪੀ ਸੀ ਜੋ ਕਿ ਉਨ੍ਹਾਂ ਵੱਲੋਂ ਕੀਤੇ ਜਾਂਦੇ ਭਾਸ਼ਣਾਂ ਅਤੇ ਹੋਰ ਕਾਰਜਾਂ ਰਾਹੀਂ ਸਪਸ਼ਟ ਝਲਕਦੀ ਸੀ।