ਸੁਰਜੀਤ ਪਾਤਰ ਨੇ ਵੀ ਕੀਤਾ ਜਸੋਵਾਲ ਨੂੰ ਯਾਦ
ਚੰਡੀਗੜ੍ਹ, 20 ਅਪ੍ਰੈਲ 2021: ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਅਜ ਸ੍ਰ ਜਗਦੇਵ ਸਿੰਘ ਜੱਸੋਵਾਲ ਨੂੰ ਉਨਾ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਆਖਿਆ ਹੈ ਕਿ ਸ੍ਰ ਜਸੋਵਾਲ ਪੰਜਾਬੀ ਸਭਿਆਚਾਰ ਦੇ ਬਾਦਸ਼ਾਹ ਸਨ ਤੇ ਆਪਣਾ ਇਕ ਇਕ ਸਵਾਸ ਉਨਾ ਨੇ ਸਭਿਆਚਾਰ ਤੇ ਵਿਰਾਸਤ ਦੇ ਲੇਖਕ ਲਾਇਆ। ਸ੍ਰ ਚੰਨੀ ਨੇ ਆਖਿਆ ਕਿ ਸ੍ਰ ਜਗਦੇਵ ਸਿੰਘ ਜੱਸੋਵਾਲ ਇਕ ਅਜਿਹੇ ਸ਼ਖਸ਼ ਸਨ, ਜੋ ਕਾਂਗਰਸ ਪਾਰਟੀ ਵਿਚ ਰਹਿੰਦੇ ਹੋਏ ਵਿਧਾਇਕ ਵੀ ਬਣੇ ਪਰ ਨਾਲ ਨਾਲ ਆਪਣੀ ਵਿਰਾਸਤ ਤੇ ਲੋਕ ਮੇਲਿਆਂ ਰਾਹੀਂ ਪੰਜਾਬ ਨੂੰ ਨਵੀਂ ਰੂਹ ਦਿੱਤੀ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਜਸੋਵਾਲ ਜੀ ਨੇ ਅਣਗਿਣਤ ਨਵੇਂ ਕਲਾਕਾਰਾਂ ਨੂੰ ਅਗਵਾਈ ਦਿਤੀ ਤੇ ਲੋਕਾਂ ਵਿਚ ਲਿਆਏ। ਉਨਾ ਕਿਹਾ ਕਿ ਉਹ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਸਨ ਤੇ ਕੋਈ ਪਲ ਅਜਾਈਂ ਨਹੀਂ ਸੀ ਜਾਣ ਦਿੰਦੇ। ਡਾ ਲਖਵਿੰਦਰ ਜੌਹਲ ਸਕੱਤਰ ਜਨਰਲ ਨੇ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਨੇ ਅਜ ਜਸੋਵਾਲ ਜੀ ਦੇ ਜਨਮ ਦਿਨ ਮੌਕੇ ਉਨਾ ਦੇ ਪਰਿਵਾਰ ਤੇ ਕਲਾਕਾਰਾਂ ਨੂੰ ਵਧਾਈ ਦਿੰਦੀ ਹੈ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਕਿਹਾ ਕਿ ਸ੍ਰ ਜਸੋਵਾਲ ਹਮੇਸ਼ਾ ਯਾਦਾਂ ਵਿਚ ਰਹਿਣ ਵਾਲੀ ਹਸਤੀ ਸਨ ਤੇ ਅਜ ਵੀ ਉਨਾ ਨੂੰ ਚੇਤੇ ਕੀਤਾ ਜਾਂਦਾ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।