ਫਿਰੋਜ਼ਪੁਰ 22 ਨਵੰਬਰ (ਗੁਰਿੰਦਰ ਸਿੰਘ): ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਦੇ ਜੰਮਪਲ ਅਤੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੇ ਗੁਰਨਾਮ ਸਿੰਘ ਸਿੱਧੂ ਨੂੰ ਬੀਤੇ ਕੱਲ੍ਹ ਆਂਧਰਾ ਭਵਨ ਨਵੀਂ ਦਿੱਲੀ ਵਿਖੇ ਸ਼੍ਰੀ ਵਿਜੇ ਗੋਇਲ
ਕੇਂਦਰੀ ਮੰਤਰੀ ਅੰਕੜਾ ਤੇ ਯੋਜਨਾਬੰਦੀ ਮੰਤਰਾਲਾ ਅਤੇ ਸ਼੍ਰੀ ਰਾਮਦਾਸ ਅਠਾਵਲੇ ਸਮਾਜਿਕ ਸੁਰੱਖਿਆ ਤੇ ਸਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ''ਰਾਸ਼ਟਰੀ ਗੌਰਵ ਸਨਮਾਨ 2018'' ਦੇ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਗੁਰਨਾਮ ਸਿੱਧੂ ਨੂੰ ਇਸ ਤੋਂ ਪਹਿਲਾ ''ਜ਼ਿਲ੍ਹਾ ਸੋਸ਼ਲ ਵਰਕਰ ਐਵਾਰਡ, ਪੰਜਾਬ ਸਰਕਾਰ ਵੱਲੋਂ ਰਾਜ ਯੁਵਾ ਪਰਸਕਾਰ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਯੂਥ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੱਧੂ ਨੇ ਦੱਸਿਆ ਕਿ ''ਨੈਸ਼ਨਲ ਯੂਥ ਐਵਾਰਡੀਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਯੋਜਿਤ ਕੀਤੇ ਗਏ ਇਸ ''ਐਵਾਰਡ ਸਮਾਰੋਹ'' ਵਿਚ ਉਨ੍ਹਾਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅਜਿਹੇ ਐਵਾਰਡ ਉਹਨੂੰ ਹੋਰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਉਹ ਹੋਰ ਸੰਜੀਦਾ ਹੋ ਕੇ ਕੰਮ ਕਰਦਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗੁਰਨਾਮ ਸਿੱਧੂ 80 ਤੋਂ ਵੱਧ ਕੈਂਪ, 29 ਵਾਰ ਖੁਨਦਾਨ, ਕਾਰਗਿਲ, ਗੁਜਰਾਤ, ਉੜੀਸਾ, ਰਾਜਸਥਾਨ ਆਦਿ ਰਾਜਾਂ 'ਤੇ ਆਈਆਂ ਮੁਸੀਬਤਾਂ ਵੇਲੇ ਅੱਗੇ ਹੋ ਕੇ ਮੱਦਦ ਕਰਦਾ ਰਿਹਾ ਹੈ। ਉਹ ਇਕੋ ਵੇਲੇ ਗੀਤਕਾਰ, ਪੱਤਰਕਾਰ, ਐਕਟਰ, ਐਂਕਰ, ਡਾਇਰੈਕਟਰ ਅਤੇ ਸਮਾਜਿਕ ਵਰਕਰ ਵੱਲੋਂ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਸ ਦੇ ਗੀਤ ਚੋਟੀ ਦੇ ਗਾਇਕ ਸਤਿੰਦਰ ਸਰਤਾਜ, ਕੁਲਵਿੰਦਰ ਬਿੱਲਾ, ਐਮੀ ਵਿਰਕ, ਆਜ਼ਾਦ ਸੰਧੂ, ਧਰਮਵੀਰ ਥਾਂਕੀ, ਮਿਸ. ਪੂਜਾ, ਜੱਗੀ ਸਿੱਧੂ, ਦੀਪਕ ਹੰਸ ਆਦਿ ਗਾ ਚੁੱਕੇ ਹਨ। ਅਜਕਲ ਇਹ 'ਦੇਸੀ ਪੰਜਾਬ' ਦੇ ਐਂਕਰ ਵੱਲੋਂ ਚਰਚਾ ਵਿਚ ਹੈ। ਐਵਾਰਡ ਮਿਲਣ 'ਤੇ ਸਮਾਜਿਕ ਸੰਸਥਾਵਾਂ, ਗਾਇਕਾਂ, ਗੀਤਕਾਰਾਂ ਆਦਿ ਵੱਲੋਂ ਗੁਰਨਾਮ ਸਿੱਧੂ ਨੂੰ ਵਧਾਈਆਂ ਦਿੱਤੀਆਂ।