ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਲੈ ਕੇ ਕਿਸਾਨ ਮੋਰਚੇ ’ਚ ਮਤਭੇਦ , ਜੋਗਿੰਦਰ ਉਗਰਾਹਾਂ ਨੇ ਰੱਖਿਆ ਵੱਖਰਾ ਸਟੈਂਡ
ਬਾਕੀ ਸਿਆਸੀ ਪਾਰਟੀਆਂ ਦਾ ਵਿਰੋਧ ਸਮਾਜਿਕ ਤਣਾਅ ਵੀ ਪੈਦਾ ਕਰ ਸਕਦੈ
ਚੰਡੀਗੜ੍ਹ, 12 ਸਤੰਬਰ, 2021: ਪੰਜਾਬ ਵਿਚ ਸਿਆਸੀ ਪਾਰਟੀਆਂ ਨੁੰ ਚੋਣਾਂ ਦਾ ਐਲਾਨ ਹੋਣ ਤੱਕ ਰੈਲੀਆਂ ਤੇ ਹੋਰ ਪ੍ਰੋਗਰਾਮ ਕਰਨ ’ਤੇ ਰੋਕ ਬਾਰੇ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਆਗੂਆਂ ਵੱਲੋਂ ਐਲਾਨ ਕੀਤੇ ਜਾਣ ਤੋਂ ਬਾਅਦ ਕਿਸਾਨ ਮੋਰਚੇ ਵਿਚ ਮਤਭੇਦ ਉੱਭਰ ਆਏ ਹਨ।ਪੰਜਾਬ ਵਿਚ ਕਿਸਾਨਾਂ ਦੀ ਸਭ ਤੋਂ ਵੱਡੇ ਅਧਾਰ ਵਾਲੀ ਜਥੇਬੰਦੀ ਮੰਨੀ ਜਾਣ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਐਲਾਨ ਕੀਤਾ ਹੈ ਉਨ੍ਹਾਂ ਦੀ ਜਥੇਬੰਦੀ ਸਿਰਫ ਬੇ ਜੇ ਪੀ ਦੀ ਸਿਆਸੀ ਸਰਗਰਮੀ ਦਾ ਵਿਰੋਧ ਕਰਦੀ ਹੈ ਤੇ ਕਰੇਗੀ ਅਤੇ ਬਾਕੀ ਸਿਆਸੀ ਪਾਰਟੀਆਂ ਦੀ ਸਰਗਰਮੀ ਦਾ ਵਿਰੋਧ ਨਹੀਂ ਕਰੇਗੀ।
ਬਾਬੂਸ਼ਾਹੀ ਨਾਲ ਹੋਈ ਵਿਸ਼ੇਸ਼ ਆਡੀਓ ਗੱਲਬਾਤ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੁੱਖ ਤੌਰ ’ਤੇ ਫੈਸਲਾ ਭਾਜਪਾ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਹੈ। ਉਹਨਾਂ ਕਿਹਾ ਕਿ ਬਾਕੀ ਜਥੇਬੰਦੀਆਂ ਨੇ ਦੋ ਦਿਨ ਪਹਿਲਾਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰ ਕੇ ਪ੍ਰੋਗਰਾਮਾਂ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ, ਉਹ ਉਹਨਾਂ ਦੀ ਆਪਣੀ ਰਾਇ ਹੋ ਸਕਦੀਹੈ। ਜਦੋਂ ਪੁੱਛਿਆ ਗਿਆ ਕਿ ਕੀ ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਵਿਚ ਚਰਚਾ ਹੋਈ ਹੈ ਤਾਂ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਿਚ ਸਿਰਫ ਕੌਮੀ ਪੱਧਰ ਦੇ ਮਸਲੇ ਵਿਚਾਰੇ ਜਾਂਦੇ ਹਨ। ਉਹਨਾਂ ਇਹ ਵੀ ਕਿਹਾ ਕਿ ਡਾ. ਦਰਸ਼ਨ ਪਾਲ ਤੇ ਹੋਰ ਆਗੂ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਸਿਰਫ ਭਾਜਪਾ ਆਗੂਆਂ ਦਾ ਹੀ ਵਿਰੋਧ ਹੋਣਾ ਚਾਹੀਦਾ ਹੈ।
ਉਗਰਾਹਾਂ ਨੇ ਇਹ ਵੀ ਕਿਹਾ ਕਿ ਸਾਡੀ ਜਥੇਬੰਦੀ ਤੇ ਹੋਰ ਜਥੇਬੰਦੀਆਂ ਤੇ ਕਿਸਾਨ ਮੋਰਚੇ ਵਿਚ ਅਜਿਹੇ ਮੈਂਬਰ ਵੀ ਹਨ ਜੋ ਗੈਰ ਬੇ ਜੇ ਪੀ ਦੇ ਮੈਂਬਰ ਜਾ ਹਮਾਇਤੀ ਵੀ ਹਨ। । ਇਹ ਲੋਕ ਮੋਰਚਿਆਂ ਵਿਚ ਸ਼ਾਮਲ ਹੋ ਕੇ ਸੰਘਰਸ਼ ਨੁੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਹਨਾਂ ਦੀ ਵਰਤੋਂ ਸਾਨੂੰ ਭਾਜਪਾ ਦੇ ਪ੍ਰੋਗਰਾਮਾਂ ਦੇ ਵਿਰੋਧ ਵਾਸਤੇ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਅਕਾਲੀ ਜਾਂ ਕਾਂਗਰਸੀ ਪ੍ਰੋਗਰਾਮਾਂ ਦਾ ਵਿਰੋਧ ਕਰਾਂਗੇ ਤਾਂ ਫਿਰ ਸਾਡਾ ਆਪਣਾ ਕੇਡਰ ਇਸ ਵਿਚ ਆ ਜਾਵੇਗਾ ਤੇ ਸਮਾਜਿਕ ਟਕਰਾਅ ਪੈਦਾ ਹੋਵੇਗਾ ਜੋ ਬਿਲਕੁਲ ਠੀਕ ਨਹੀਂ ਹੈ।
ਯੂ ਪੀ ਵਿਚ ਟੋਲ ਪਲਾਜ਼ੇ ਬੰਦ ਨਾ ਕਰਨ ਬਾਰੇ ਉਗਰਾਹਾਂ ਨੇ ਕਿਹਾਕਿ ਉਥੇ ਕਿਸਾਨ ਜਥੇਬੰਦੀਆਂ ਦੇ ਝੰਡੇ ਵਾਲੀਆਂ ਗੱਡੀਆਂ ਨੂੰ ਟੋਲ ਤੋਂ ਛੋਟ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਗਰਾਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਤੇ ਫਿਰ ਦੁਹਰਾਉਂਦੇ ਹਨ ਕਿ ਨਾ ਅਸੀਂ ਸਿਆਸੀ ਚੋਣਾਂ ਲੜਾਂਗੇ ਤੇ ਨਾ ਹੀ ਕਿਸੇ ਦੀ ਹਮਾਇਤ ਕਰਾਂਗੇ ਕਿਉਂਕਿ ਚੋਣਾਂ ਲੜਨ ਵਾਲੇ ਵੀ ਬਥੇਰੇ ਹਨ ਤੇ ਉਹਨਾਂ ਦੀ ਹਮਾਇਤ ਕਰਨ ਵਾਲੇ ਵੀ ਬਹੁਤ ਹਨ।
ਵੇਖੋ ਵੀਡੀਓ ਲਿੰਕ ਕਲਿੱਕ ਕਰੋ :
https://fb.watch/7ZuSKhCNRZ/