ਨਹੀਂ ਰਹੇ ਰੱਬੀ ਬੈਰੋਂਪੁਰੀ...
ਲੁਧਿਆਣਾ, 5 ਜੂਨ 2021 - ਭਗਤ ਆਸਾ ਰਾਮ ਬੈਦਵਾਣ ਸੋਹਣੇ ਵਾਲਿਆਂ ਤੋਂ ਬਾਅਦ ਜੇਕਰ ਕਿਸੇ ਨੇ ਪੁਆਧੀ ਅਖਾੜਿਆਂ ਵਿੱਚ ਨਾਂ ਚਮਕਾਇਆ ਤਾਂ ਉਹ ਸ਼ਖਸ਼ੀਅਤ ਹੈ ‘ਰੱਬੀ ਬੈਰੋਂਪੁਰੀ’ ਜੋ ਅੱਜ ਹੈ ਤੋਂ ਸੀ ਹੋ ਗਏ ਹਨ। ਰੱਬੀ ਬੈਰੋਂਪੁਰੀ ਜੀ ਦਾ ਜਨਮ 6 ਜੂਨ 1937 ਨੂੰ ਪਿਤਾ ਤਰਲੋਕ ਸਿੰਘ ਟਿਵਾਣਾ ਅਤੇ ਮਾਤਾ ਕਰਤਾਰ ਕੌਰ ਦੇ ਘਰ ਮੋਹਾਲੀ ਵਿੱਚ ਪੈਂਦੇ ਪਿੰਡ ਬੈਰੋਂਪੁਰ (ਭਾਗੋਮਾਜਰਾ) ਵਿਖੇ ਹੋਇਆ। ਲਾਂਡਰਾ ਸਕੂਲ ਵਿੱਚ ਉਨਾਂ ਮਿਡਲ ਤੱਕ ਪੜਾਈ ਕੀਤੀ ਜਿਥੇ ਇੱਕ ਦਿਨ ਸਕੂਲ ਦੇ ਸਮਾਗਮ ਵਿੱਚ ਉਨਾਂ ਇੱਕ ਗੀਤ ‘ਤੱਕਲੀ ਸੁਰੀਲੀ ਮੇਰੀ ਘੁੰਮ ਘੁੰਮ ਗਾਂਵਦੀ, ਬਾਪੂ ਜੀ ਦੀ ਯਾਦ ਸਾਨੂੰ ਪਈ ਏ ਸਤਾਵਾਂਦੀ’ ਗਾਇਆ ਤਾਂ ਮੁੱਖ ਮਹਿਮਾਨ ਡਾ. ਐਮ.ਐਸ.ਰੰਧਾਵਾ ਨੇ ਖੁਸ ਹੋ ਕੇ ਉਨਾਂ ਨੂੰ ਸਰਵੋਤਮ ਗਾਇਕ ਦਾ ਖਿਤਾਬ ਦਿੱਤਾ।
ਰੱਬੀ ਬੈਰੋਂਪੁਰੀ ਜੀ ਨੇ ਅਖਾੜੇ ਵਿੱਚ ਬੋਲੀਆਂ ਪਾ ਕੇ ਅਤੇ ਨਚਾਰ ਨਚਾ ਕੇ ਨਿਵੇਕਲਾ ਰੰਗ ਪੇਸ਼ ਕੀਤਾ ਜਿਸ ਜੋ ਲੋਕਾਂ ਨੇ ਬਹੁਤ ਪਸੰਦ ਆਇਆ। ਉਨਾਂ ਨੇ ਅਖਾੜਿਆਂ ਨੂੰ ਧਰਤੀ ਤੇ ਲਾਉਣ ਦੀ ਬਜਾਏ ਸਟੇਜਾਂ ਤੇ ਚੜ ਕੇ ਲਾਉਣ ਨੂੰ ਅਤੇ ਨੱਚ ਕੇ ਹੱਥ ਵਿੱਚ ਖੂੰਡਾ ਫੜ ਕੇ ਗਾਇਆ। ਉਹ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਵੀ ਅਖਾੜੇ ਲਾਉਂਦੇ ਰਹੇ ਅਤੇ 1957 ਤੋਂ 1961 ਤੱਕ ਉਹ ਬੰਬੇ ਵਿੱਚ ਕਲਾ ਦੇ ਜੌਹਰ ਦਿਖਾਉਂਦੇ ਰਹੇ। 1962 ਦੀ ਜੰਗ ਸਮੇਂ ਫੌਜੀਆਂ ਦੀ ਮਦਦ ਲਈ ਅਖਾੜੇ ਲਾਏ ਅਤੇ ਫੇਰ ਆਪਣੇ ਪਿੰਡ ਬੈਰੋਂਪੁਰ ਵਿੱਚ ਰਹਿ ਕੇ ਅਖਾੜੇ ਲਾਉਂਦੇ ਰਹੇ। 1987 ਵਿੱਚ ਜਦੋਂ ਉਨਾਂ ਦੇ ਸਟੇਜ ਸੈਕਟਰੀ ਕਰਮੇ ਅਮਰਾਲੀ ਵਾਲੇ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਤਾਂ ਉਨ੍ਹਾਂ ਅਖਾੜੇ ਲਾਉਣੇ ਛੱਡ ਦਿੱਤੇ।
ਉਹਨਾਂ ਦੀਆਂ ਦੋ ਕਿਤਾਬਾਂ ਯਾਦਾਂ ਤੇਰੀਆਂ ਦਾ ਦਰਦ (ਕਵਿ ਸੰਗ੍ਰਹਿ) ਅਤੇ ਰੱਬੀ ਪ੍ਰੀਤ ਦਾ ਪਿਆਲਾ (ਬੈਂਤ ਸੰਗ੍ਰਹਿ) ਛਪ ਚੁੱਕੀਆਂ ਹਨ ਅਤੇ ਕਈ ਹੋਰ ਛਪਾਈ ਅਧੀਨ ਪਈਆਂ ਹਨ। ਰੱਬੀ ਬੈਰੋਂਪੁਰੀ ਜੀ ਨੂੰ ਆਪਣੇ ਪਿੰਡ ਨਾਲ ਮੋਹ ਸੀ ਅਤੇ ਆਪਣੇ ਨਾਮ ਨਾਲ ਪਿੰਡ ਦਾ ਨਾਂ ਅਖੀਰ ਤੱਕ ਲਾ ਕੇ ਰੱਖਿਆ। ਉਹ ਅਕਸਸਰ ਆਪਣੇ ਪਿੰਡ ਬਾਰੇ ਬੋਲੀ ਪਾਉਂਦੇ ਹੁੰਦੇ ਸਨ: ‘ਬੈਰੋਂਪੁਰੀ ਤੇ ਭਾਗੋਮਾਜਰਾ ਦੋ ਪਿੰਡ ਇੱਕ ਨਾਂ ਵਾਲੇ, ਸਿਰਫ ਦੋਹਾਂ ਵਿੱਚ ਅੰਤਰ ਏਨਾਂ ਵਗਦੀ ਪਹੀ ਵਿਚਾਲੇ’। ਪੰਜਾਬੀ ਮਾਂ ਬੋਲੀ ਦੀ ਲੰਮਾ ਸਮਾਂ ਸੇਵਾ ਕਰਨ ਵਾਲਾ ਮਾਂ ਬੋਲੀ ਦਾ ਸਪੂਤ ਰੱਬੀ ਬੈਰੋਂਪੁਰੀ ਅੱਜ 84 ਸਾਲ ਦੀ ਉਮਰ ਭੋਗ ਕੇ ਮੋਹਾਲੀ ਦੇ ਹਸਪਤਾਲ ਵਿੱਚ ਸਦਾ ਲਈ ਅੱਖਾਂ ਮੀਚ ਗਿਆ। ਉਹਨਾਂ ਦਾ ਅੰਤਮ ਸੰਸਕਾਰ ਕੱਲ ਸਵੇਰੇ ਉਹਨਾਂ ਦੇ ਪਿੰਡ ਬੈਰੋਂਪੁਰ ਵਿੱਚ ਕੀਤਾ ਜਾਵੇਗਾ। ਇਹ ਵੀ ਇੱਕ ਇਤਫਾਕ ਹੀ ਹੋਵੇਗਾ ਕਿ ਕੱਲ 6 ਜੂਨ ਨੂੰ ਰੱਬੀ ਬੈਰੋਂਪੁਰੀ ਦਾ ਜਨਮ ਹੈ ਅਤੇ ਕੱਲ ਨੂੰ ੳਹਨਾਂ ਦਾ ਅੰਤਮ ਸੰਸਕਾਰ ਹੋਵੇਗਾ।