ਗੁਰਭਜਨ ਗਿੱਲ
31 ਜੁਲਾਈ 1940 ਵਾਲੇ ਦਿਨ ਪੈਨਟਨਵਿਲੇ ਜੇਲ੍ਹ ਲੰਡਨ ਚ ਉਸ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ।
ਸੁਨਾਮ ਦਾ ਜੰਮਿਆ ਜਾਇਆ,
ਮਾਂ ਬਾਪ ਵਿਹੂਣਾ ਯਤੀਮ ਖਾਨੇ ਚ ਪਲੇ ਸੂਰਮੇ ਨੇ ਯਤੀਮ ਭਾਰਤ ਨੂੰ ਬੜ੍ਹਕ ਮਾਰ ਕੇ ਜ਼ਾਲਮ ਮਾਈਕਲ ਓਡਵਾਇਰ ਦੀਆਂ ਫੋਕੀਆਂ ਡੀਂਗਾਂ ਕੈਕਸਟਨ ਹਾਲ ਚ ਸਦਾ ਲਈ ਬੰਦ ਕਰ ਦਿੱਤੀਆਂ।
ਉਹ ਨਾਮ ਬਦਲ ਕੇ ਊਧਮ ਸਿੰਘ ਬਣਿਆ ਤੇ ਮਗਰੋਂ ਸ਼ਹਾਦਤ ਵੇਲੇ ਮੁਹੰਮਦ ਸਿੰਘ ਆਜ਼ਾਦ ਸੀ।
ਉਸ ਦਾ ਰਿਸ਼ਤਿਓਂ ਕੋਈ ਸਕਾ ਸੋਧਰਾ ਨਹੀਂ ਸੀ, ਵਾਰਿਸ ਧਰਤੀ ਦਾ ਹਰ ਅਣਖ਼ੀਲਾ ਪੁੱਤਰ ਹੈ।
ਸਹੂਲਤਾਂ ਦੀਆਂ ਅਰਜ਼ੀਆਂ ਪਾਉਣ ਵਾਲੇ ਹੋਰ ਕੁਝ ਵੀ ਹੋ ਸਕਦੇ ਹਨ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਦੇ ਵਾਰਿਸ ਨਹੀਂ ਹੋ ਸਕਦੇ।
2016 ਚ ਅੱਜ ਦੇ ਦਿਨ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਸਥਿਤ ਗਦਰ ਪਾਰਟੀ ਦੇ ਹੈੱਡ ਕੁਆਰਟਰ ਯੁਗਾਂਤਰ ਆਸ਼ਰਮ ਚ ਸ਼ਹੀਦ ਊਧਮ ਸਿੰਘ ਫਾਉਂਡੇਸ਼ਨ ਦੇ ਬੁਲਾਵੇ ਤੇ ਸ਼ਹੀਦ ਊਧਮ ਸਿੰਘ ਬਾਰੇ ਸੰਬੋਧਨ ਕੀਤਾ ਸੀ।
ਬਾਰੀਕੀ ਨਾਲ ਪੜ੍ਹਿਆ ਤਾਂ ਪਤਾ ਲੱਗਿਆ ਕਿ ਉਹ 21 ਸਾਲ ਕਿਵੇਂ ਹਿੱਕ ਚ ਜੱਲ੍ਹਿਆਂ ਵਾਲੇ ਬਾਗ ਦਾ ਦਰਦ ਲੈ ਕੇ ਦੇਸ਼ ਬਦੇਸ਼ ਫਿਰਿਆ।
ਉਸ ਬਾਰੇ ਫ਼ੈਲਾਇਆ ਇਹ ਭਰਮ ਵੀ ਟੁੱਟਿਆ ਕਿ ਵਿਸਾਖੀ 1919 ਨੂੰ ਉਹ ਅੰਮ੍ਰਿਤਸਰ ਵਿੱਚ ਹੀ ਨਹੀਂ ਸੀ। ਹੋਰ ਬਹੁਤ ਕੁਝ ਸੱਜਰਾ ਪੜ੍ਹਿਆ। ਇਹ ਮੌਕਾ ਦੇਣ ਲਈ ਗੁਲਿੰਦਰ ਗਿੱਲ, ਗੁਰਦੀਪ ਗਿੱਲ ਤੇ ਚਰਨ ਸਿੰਘ ਜੱਜ ਦਾ ਮੈਂ ਅੱਜ ਸ਼ੁਕਰ ਗੁਜ਼ਾਰ ਹਾਂ।
ਪਰ ਅੱਜ ਉਸ ਸੂਰਮੇ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਸਾਡੇ ਮੰਦਰ ਮਸਜਿਦ ਗੁਰਦਵਾਰੇ ਸਭ ਗੁੰਮ ਸੁੰਮ ਨੇ।
ਸਿਆਸਤੀ ਧੜੇ ਗੁਆਚੇ ਫਿਰ ਰਹੇ ਹਨ ਸੱਤਾ ਦੇ ਬਰਾਂਡਿਆਂ ਵਿੱਚ।
ਨਾ ਕਿਤੇ ਸਾਰੰਗੀ ਬੋਲਦੀ ਹੈ ਨਾ ਢੱਡ ਖੜਕਦੀ ਹੈ। ਸੰਗਰੂਰ ਵਾਲੇ ਵੀ ਲੋਕਲ ਛੁੱਟੀ ਤੀਕ ਸੁੰਗੜ ਗਏ ਹਨ।
ਮੁਹੰਮਦ ਸਿੰਘ ਆਜ਼ਾਦ ਨਾਲ ਰਾਮ ਕਦੋਂ ਜੁੜਿਆ ,ਇਹ ਵਿਚਾਰ ਦਾ ਵਿਸ਼ਾ ਹੈ। ਉਸ ਦੀਆਂ ਹੱਥ ਲਿਖਤਾਂ ਚ ਕਿਤੇ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਨਹੀਂ ਹੈ।
ਜਿਵੇਂ ਸ਼ਿਵ ਕੁਮਾਰ ਦੇ ਜੀਵਨ ਕਾਲ ਚ ਛਪੀ ਕਿਸੇ ਕਿਤਾਬ ਜਾਂ ਹੱਥ ਲਿਖਤ ਚ ਉਹ ਬਟਾਲਵੀ ਨਹੀਂ ਲੱਭਦਾ।
ਪਰ ਹੁਣ ਸਿਰਫ਼ ਸ਼ਿਵ ਕੁਮਾਰ ਲਿਖੋ ਤਾਂ ਲੋਕ ਕਹਿੰਦੇ ਹਨ, ਤੁਸੀਂ ਬਟਾਲਵੀ ਦੀ ਗੱਲ ਕਰ ਰਹੇ ਹੋ।
ਮੇਰੀ ਸਮਝ ਮੁਤਾਬਕ ਜੇਕਰ ਸ਼ਹੀਦ ਊਧਮ ਸਿੰਘ ਦੇ ਸਹੀ ਸਿਰ ਾਵੇਂ ਤੀਰ ਪਹੁੰਚਣਾ ਹੋਵੇ ਤਾਂ ਡਾ: ਜ ਸ ਗਰੇਵਾਲ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਪੁਸਤਕ,ਨਵਤੇਜ ਸਿੰਘ ਹਲਵਾਰਵੀ ਦੀ ਸਾਮਰਾਜੀ ਧੌਸ ਨੂੰ ਵੰਗਾਰ, ਰਾਕੇਸ਼ ਕੁਮਾਰ ਦੀਆਂ ਕਿਤਾਬਾਂ ਮੌਲਿਕ ਪਹੁੰਚ ਵਾਲੀਆਂ ਹਨ।
ਇਹ ਮੌਲਿਕ ਤਸਵੀਰ ਇੰਗਲੈਂਡ ਵਾਸ ਵੇਲੇ ਰੋਟੀਆਂ ਵੇਲ ਵੇਲ ਪਕਾਉਂਦਿਆਂ ਦੀ ਹੈ।
ਪੇਟਿੰਗਜ਼ ਵਾਲਾ ਊਧਮ ਸਿੰਘ ਸਾਡੀ ਇੱਛਾ ਮੂਲਕ ਹੈ।
ਇੱਕ ਹੋਰ ਮੌਲਿਕ ਤਸਵੀਰ ਵੀ ਪ੍ਰਚੱਲਤ ਹੈ ਜੋ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਨੂੰ ਦੋਸਤੀ ਨਾਤੇ ਸ਼ਹੀਦ ਊਧਮ ਸਿੰਘ ਨੇ ਦੋਸਤੀ ਨਾਤੇ ਦਸਤਖ਼ਤ ਕਰਕੇ ਦਿੱਤੀ ਸੀ।
ਇਹ ਤਸਵੀਰ ਪੰਜਾਬੀ ਲੇਖਕ ਸ: ਗੁਰਦਿੱਤ ਸਿੰਘ ਕੰਗ ਜੀ ਦੇ ਸਪੁੱਤਰ ਤੇ ਸਾਬਕਾ ਵੀ ਸੀ ਪੰਜਾਬ ਐਗਰੀ: ਯੂਨੀਵਰਸਿਟੀ ਲੁਧਿਆਣਾ ਦੇ ਵੀਰ ਹਰਪ੍ਰੀਤ ਸਿੰਘ ਰਾਹੀਂ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਜੀ ਕੋਲ ਪੁੱਜੀ ਸੀ।
ਹਰਪ੍ਰੀਤ ਸਿੰਘ ਕੰਗ ਉਦੋਂ ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਲੁਧਿਆਣਾ ਚ
ਪ੍ਰੋ: ਵੜੈਚ ਦੇ ਵਿਦਿਆਰਥੀ ਸਨ।
ਮੇਰੇ ਬਚਪਨ ਵੇਲੇ ਪੰਜਾਬੀ ਕਵੀ ਦੀਵਾਨ ਸਿੰਘ ਮਹਿਰਮ ਜੀ ਦੀ ਇੱਕ ਕਵਿਤਾ
ਮੈਨੂੰ ਫੜ ਲਉ ਲੰਡਨ ਵਾਸੀਓ
ਮੈਂ ਖੜ੍ਹਾ ਪੁਕਾਰਾਂ
ਪਿਛਲੇ ਦਿਨੀਂ ਡਾ: ਬਲਦੇਵ ਸਿੰਘ ਬੱਦਨ ਰਾਹੀਂ ਲੱਭੀ ਹੈ। ਧੰਨਵਾਦ ਬਲਦੇਵ ਜੀ ਦਾ।
ਉਸ ਨੇ ਤਾਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਤੇ ਜੀਵਨ ਬਾਰੇ ਕੁੱਲ ਕਵਿਤਾਵਾਂ ਇੱਕ ਜਿਲਦ ਚ ਪ੍ਰਕਾਸ਼ਿਤ ਕਰ ਦਿੱਤੀਆਂ ਹਨ।
ਆਦਰਯੋਗ ਕਾਰਜ ਕਰਨ ਲਈ ਬਲਦੇਵ ਦਾ ਸ਼ੁਕਰਾਨਾ ਕਰਾਂਗੇ ਕਦੇ ਤਾਂ?
ਦੀਵਾਨ ਸਿੰਘ ਮਹਿਰਮ ਜੀ ਸਾਡੇ ਗੁਰਦਾਸਪੁਰ ਦੇ ਪਿੰਡ ਨਵਾਂ ਸ਼ਾਅਲਾ ਦੇ ਵਸਨੀਕ ਸਨ। ਬੁਲੰਦ ਸ਼ਾਇਰ।
ਬਟਾਲਾ ਤੇ ਕਾਦੀਆਂ ਦੇ ਖਾਲਸਾ ਸਕੂਲਾਂ ਚ ਪੰਜਾਬੀ ਅਧਿਆਪਕ ਸਨ। ਵਿਦਵਾਨ ਲੇਖਕ ਡਾ: ਕੁਲਦੀਪ ਸਿੰਘ ਧੀਰ ਉਨ੍ਹਾਂ ਦੇ ਵਿਦਿਆਰਥੀ ਸਨ।
ਮੈਂ ਬਚਪਨ ਚ ਉਨ੍ਹਾਂ ਦੀਆਂ ਕਵਿਤਾਵਾਂ ਸਾਹਮਣੇ ਦਰੀਆਂ ਤੇ ਬਹਿ ਕੇ ਸੁਣੀਆਂ ਸਨ।
ਪਰ ਉਨ੍ਹਾਂ ਦੀਆਂ ਲਿਖਤਾਂ ਕਿਤੇਂ ਨਹੀਂ ਲੱਭਦੀਆਂ। ਇਹ ਸਾਡੀ ਸਮੂਹਕ ਹਾਰ ਹੈ। ਮੈਂ ਫੋਲ ਫਾਲ ਕੇ ਦਸ ਕੁ ਲੱਭੀਆਂ ਹਨ, ਸਭ ਤੋਂ ਵੱਧ ਮਦਦ ਸਵਿੰਦਰ ਸਿੰਘ ਭਾਗੋਵਾਲੀਆ ਨੇ ਕੀਤੀ ਹੈ।
ਕਿੱਧਰ ਤੁਰ ਪਿਆਂ?
ਤੁਸੀਂ ਵੀ ਦੀਵਾਨ ਸਿੰਘ ਮਹਿਰਮ ਜੀ ਦੀ ਲਿਖੀ
ਸ਼ਹੀਦ ਊਧਮ ਸਿੰਘ ਦੀ ਵਾਰ ਪੜ੍ਹੋ।
31 ਜੁਲਾਈ, 2019