ਪ੍ਰੋ ਪ੍ਰੀਤਮ ਸਿੰਘ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੂਤ ਸਨ-ਚਰਨਜੀਤ ਸਿੰਘ ਚੰਨੀ
(ਜਨਮ ਦਿਨ 'ਤੇ ਵਿਸ਼ੇਸ਼)
ਚੰਡੀਗੜ੍ਹ, 11 ਜਨਵਰੀ 2021
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਹਮੇਸ਼ਾ ਸਮਰਪਿਤ ਰਹੇ ਵਿਦਵਾਨ ਲੇਖਕ ਪ੍ਰੋ ਪ੍ਰੀਤਮ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਪ੍ਰੋ ਪ੍ਰੀਤਮ ਸਿੰਘ ਦੀਆਂ ਅਨਮੋਲ ਲਿਖਤਾਂ ਹਮੇਸ਼ਾ ਸਾਨੂੰ ਆਪਣੇ ਆਪੇ ਨਾਲ ਜੋੜੀ ਰੱਖਣਗੀਆਂ। ਸ੍ਰ ਚੰਨੀ ਨੇ ਆਖਿਆ ਕਿ ਪ੍ਰੋਫੈਸਰ ਸਾਹਬ ਵਲੋਂ ਮਾਂ ਬੋਲੀ ਦੇ ਹੱਕ ਵਿਚ ਕੀਤੇ ਯਤਨ ਹਮੇਸ਼ਾ ਨਿੱਗਰ ਤੇ ਕਾਰਗਰ ਸਾਬਤ ਹੋਏ ਹਨ। ਸ ਚੰਨੀ ਨੇ ਪ੍ਰੋਫੈਸਰ ਸਾਹਬ ਦੇ ਜਨਮ ਦਿਨ ਮੌਕੇ ਉਨਾ ਦੇ ਸਮੁੱਚੇ ਪਰਿਵਾਰ ਤੇ ਪਾਠਕਾਂ ਤੇ ਲੇਖਕਾਂ ਨੂੰ ਵਧਾਈ ਦਿਤੀ ਹੈ।
ਪ੍ਰੋ ਪ੍ਰੀਤਮ ਸਿੰਘ ਦੀਆਂ ਰਚਿਤ ਪੁਸਤਕਾਂ 'ਕੱਚੀਆਂ ਪੱਕੀਆਂ ਇੱਟਾਂ ਦੇ ਭਾਅ', 'ਪੰਜਾਬ ਪੰਜਾਬੀ ਤੇ ਪੰਜਾਬੀਅਤ', ' ਮੁਹਾਂਦਰੇ' ਸਮੇਤ ਬਾਬਾ ਫਰੀਦ ਜੀ ਬਾਰੇ ਵਿਸ਼ੇਸ਼ ਟੀਕਾ, ਤੇ ਹੋਰ ਕਈ ਸਾਹਿਤਕ ਤੇ ਖੋਜਾਤਮਿਕ ਕਿਤਾਬਾਂ ਪੜ੍ਹਨ ਯੋਗ ਤੇ ਮਹੱਤਵਪੂਰਨ ਹਨ।
ਉਹ ਅੱਜ ਦੇ ਦਿਨ ਸੰਨ ੧੯੧੮ ਨੂੰ ਲਹੌਰ ਵਿੱਚ ਪੈਦਾ ਹੋਏ ਸਨ। ਉਹ ਪੰਜਾਬੀ ਪੰਜਾਬੀਅਤ ਲਈ ਇਕ ਇਕ ਇਕਾਗਰ ਸਾਧਨਾ , ਲਗਨਸ਼ੀਲ, ਮਿਹਨਤੀ ਤੇ ਇਮਾਨਦਾਰ, ਅਣਥੱਕ ਤੇ ਬੁਧੀਜੀਵੀ, ਵਿਦਵਾਨ ਅਤੇ ਦੂਰਦਰਸ਼ੀ ਸ਼ਖ਼ਸੀਅਤ ਦੇ ਮਾਲਕ ਸਨ। ਉਹਨਾਂ ਦਾ ਪੰਜਾਬੀ ਸਹਿਤਕ ਖਜ਼ਾਨੇ ਦੇ ਨਾਲ ਮਣਾਂ ਮੂੰਹੀਂ ਮੋਹ ਸੀ । ਉਹ ਪੰਜਾਬੀ ਸਾਹਿਤ ਦੀ ਖਿਲਰੀ ਬਿਖਰੀ ਵਿਰਾਸਤ ਨੂੰ ਸਾਂਭਣ ਦੀ ਵਡੇਰੀ ਅਤੇ ਵਡਮੁੱਲੀ ਰੁਚੀ ਦੇ ਸੂਝਵਾਨ ਸਾਹਿਤਕ ਸ਼ਖ਼ਸੀਅਤ ਦੇ ਮਾਲਕ ਸਨ । ਉਹ ਹਮੇਸ਼ਾ ਮਾਂ ਬੋਲੀ ਵਾਸਤੇ ਚੁੰਝ ਚਰਚਾ ਦੇ ਕੇਂਦਰਿਤ ਰਹੇ । ਭਾਵੇਂ ਉਹ ਮਿਤੱਰਾਂ ਦੀ ਮਹਿਫ਼ਲ ਹੋਵੇ , ਚਾਹੇ ਉਹ ਖੋਜੀ , ਅਲੋਚਕ , ਸਰਕਾਰੀ , ਗੈਰ ਸਰਕਾਰੀ , ਭਾਸ਼ਾ , ਸਾਹਿਤ , ਸਭਿਆਚਾਰਕ , ਅਕਾਦਮੀਆਂ ਅਤੇ ਯੂਨੀਵਰਸਿਟੀਆਂ ਦੇ ਅਦਾਰੇ ਹੋਣ, ਉਹਨਾਂ ਨੇ ਪੰਜਾਬੀ ਸਾਹਿਤ ਦੀ ਪਵਿੱਤਰ ਗੁਫਾ ਵਿਚੋਂ ਨਿਕਲ ਕੇ ਦੂਸਰੀਆਂ ਭਾਸ਼ਾਵਾਂ ਦੀਆਂ ਸਾਹਿਤਕ ਗਤੀਵਿਧੀਆਂ ਦਾ ਦੌਰਾ ਕਰਕੇ ਡੂੰਘੀ ਖੋਜ ਅਤੇ ਬਰੀਕੀਆਂ ਦੀ ਗਹਿਰੀ ਮਜ਼ਬੂਤ , ਨਿੱਗਰ ਅਤੇ ਨਰੋਈ ਪਕੜ ਨੂੰ ਸਥਾਪਿਤ ਕੀਤਾ । ਉਹ ਪੰਜਾਬੀ ਮਾਂ-ਬੋਲੀ ਨੂੰ ਠੁੱਕਦਾਰ , ਸੁਚੱਜੀ , ਪਰਪੱਕ ਵਿਉਂਤਬੰਦੀ , ਟੁਣਕਾਰ , ਗੁਣਗਣਾਹੱਟ ਅਤੇ ਚੜਤ ਭਰੀ ਹੋਈ ਦੇਖਣ ਦੇ ਚਾਹਵਾਨ ਸਨ । ਇਸ ਲਈ ਬਹੁਤੀ ਵਾਰ ਮੁੱਖ ਮੰਤਰੀ ਤੱਕ ਨਾਲ ਵੀ ਆਹਢਾ ਲਾਉਣ ਤੋਂ ਵੀ ਕਦੇ ਝਿਜਕਦੇ ਨਹੀਂ ਸੀ ਕੀਤੀ । ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਵਿਭਾਗ ਰਾਹੀਂ " ਸ਼੍ਰੋਮਣੀ ਸਾਹਿਤਕਾਰ ਪੁਰਸਕਾਰ " ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਉਨ੍ਹਾਂ ਨੂੰ " ਆਜੀਵਨ ਪ੍ਰੋਫੈਸਰ ਦੀ ਉਪਾਧੀ " ਨਾਲ ਵਿਸ਼ੇਸ਼ ਤੌਰ ਤੇ ਸਤਿਕਾਰ ਸਹਿਤ ਨਿਵਾਜਿਆ ਗਿਆ । ਪੰਜਾਬੀ ਸਾਹਿਤ ਅਕਾਡਮੀ ਦਿੱਲੀ ਵੱਲੋਂ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਭਾਰਤ ਸਰਕਾਰ ਵੱਲੋਂ ਦੇਸ਼ ਦਾ ਗੌਰਵਮਈ ਰਾਸ਼ਟਰੀ ਸਨਮਾਨ ਪੱਤਰ ਫ਼ਾਰਸੀ ਵਿਚ ਉੱਤਮਤਾ ਲਈ ਰਾਸ਼ਟਰੀ ਸਨਮਾਨ ਪੱਤਰ ਦੇ ਕੇ ਸਤਿਕਾਰ ਸਹਿਤ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸੈਨ ਜੋਸ਼ ਯੂਨੀਵਰਸਿਟੀ ਕੈਲਫੋਰਨੀਆ ਵਲੋਂ "ਆਨਰੇਰੀ ਪ੍ਰੋਫੈਸਰ" ਦੀ ਉਪਾਧੀ ਨਾਲ ਸਤਿਕਾਰ ਦੇ ਕੇ ਨਿਵਾਜਿਆ । ਪੰਜਾਬੀ ਸਾਹਿਤ ਦੀ ਇਹ ਮਹਾਨ ਮਹਿਨਾਜ਼ ਸ਼ਖ਼ਸੀਅਤ ਵਡੇਰੇ ਕੱਦ ਹੋਣ ਦੇ ਬਾਵਜੂਦ ਵੀ ਸਾਉ ਪੂਣੇ ਅਤੇ ਸਾਦਗੀ ਭਰੇ ਜੀਵਨ ਬਤੀਤ ਕਰਦੇ ਸਨ । ਸੱਤ ਦਹਾਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਲੀਨ ਰਹਿਣ ਵਾਲੇ ਇਸ ਸਤਿਕਾਰਯੋਗ ਮਹਾਨ ਸ਼ਬਦ ਕੋਸ਼ ਪ੍ਰੋ ਪ੍ਰੀਤਮ ਸਿੰਘ ਜੀ ਦੇ ਅੱਜ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਉਨਾ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ,ਚੰਡੀਗੜ੍ਹ