ਟੋਕੀਓ ਓਲੰਪਿਕਸ ‘ਚ ਕੈਨੇਡਾ ਵੱਲੋਂ ਫ਼ੀਲਡ ਹਾਕੀ ਖੇਡ ਰਿਹਾ ਸੁੱਖੀ ਪਨੇਸਰ
—ਪਨੇਸਰ ਪਰਿਵਾਰ ਪੰਜਾਬ ਤੋਂ ਜਗਰਾਓਂ ਇਲਾਕੇ ਨਾਲ ਸੰਬੰਧਤ
ਕਮਲਜੀਤ ਬੁੱਟਰ
ਕੈਲਗਰੀ, 20 ਜੁਲਾਈ 2021: ਪੰਜਾਬੀ ਮੂਲ ਦਾ 27 ਸਾਲਾ ਸੁਖਪਾਲ (ਸੁੱਖੀ) ਪਨੇਸਰ ਕੈਨੇਡਾ ਦੀ ਫ਼ੀਲਡ ਹਾਕੀ ਟੀਮ ਵੱਲੋਂ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਚੁੱਕਾ ਹੈ I ਪਨੇਸਰ ਇਸਤੋਂ ਪਹਿਲਾਂ , 2016 ਦੀਆਂ ਓਲੰਪਿਕਸ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕਾ ਹੈ I ਸੁੱਖੀ ਦਾ ਛੋਟਾ ਭਰਾ ਬਲਰਾਜ ਵੀ ਫ਼ੀਲਡ ਹਾਕੀ ਦਾ ਵਧੀਆ ਖਿਡਾਰੀ ਹੈ I
ਕੈਨੇਡਾ ਦੀ ਪੁਰਸ਼ਾਂ ਦੀ ਫ਼ੀਲਡ ਹਾਕੀ ਟੀਮ ਨੇ ਪਹਿਲੀ ਵਾਰ 1964 ਦੀਆਂ ਟੋਕਿਓ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ I ਇਹ ਟੀਮ ਹੁਣ ਤੱਕ 8 ਓਲੰਪਿਕ ਖੇਡਾਂ, 6 ਵਿਸ਼ਵ ਕੱਪ, 14 ਪੈਨ ਅਮਰੀਕਨ ਖੇਡਾਂ ਅਤੇ 6 ਪੈਨ ਅਮਰੀਕਨ ਕੱਪਾਂ ਵਿਚ ਹਿੱਸਾ ਲੈ ਚੁੱਕੀ ਹੈ I ਫ਼ੀਲਡ ਹਾਕੀ ਟੀਮ ਨੇ 2019 ਦੀਆਂ ਪੈਨ ਅਮਰੀਕਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ I
ਸੁਖਪਾਲ ਦੇ ਤਾਇਆ ਜਰਨੈਲ ਸਿੰਘ ਪਨੇਸਰ ਅਨੁਸਾਰ , ਸੁੱਖੀ ਪਨੇਸਰ ਦੇ ਦਾਦਾ ਵਰਿਆਮ ਸਿੰਘ 1972 ਵਿੱਚ ਕੈਨੇਡਾ ਆਏ ਸਨ ਅਤੇ ਸੁਖਪਾਲ ਦੇ ਪਿਤਾ ਬਲਵੀਰ ਸਿੰਘ ਕਿੱਤੇ ਵਜੋਂ ਇੱਕ ਮਕੈਨਿਕ ਹਨ I ਪਨੇਸਰ ਪਰਿਵਾਰ ਪੰਜਾਬ ਵਿੱਚ ਜਗਰਾਓਂ ਇਲਾਕੇ ਨਾਲ ਸੰਬੰਧ ਰੱਖਦਾ ਹੈ।