ਬਜ਼ੁਰਗ ਪੰਜਾਬੀ ਲੇਖਕ ਤੇ ਸਫ਼ਲ ਅਨੁਵਾਦਕ ਪ੍ਰੇਮ ਅਵਤਾਰ ਰੈਣਾ ਲੁਧਿਆਣਾ ਵਿੱਚ ਸੁਰਗਵਾਸ
- ਅੰਤਿਮ ਸੰਸਕਾਰ 23 ਨਵੰਬਰ ਸਵੇਰੇ 11.30 ਵਜੇ ਲੁਧਿਆਣਾ ਵਿੱਚ ਹੋਵੇਗਾ
ਲੁਧਿਆਣਾਃ 22 ਨਵੰਬਰ 2023 - ਆਪਣੀ ਉਮਰ ਦਾ ਵੱਡਾ ਹਿੱਸਾ ਅੰਮ੍ਰਿਤਸਰ ਵਿੱਚ ਗੁਜ਼ਾਰ ਕੇ ਪਿਛਲੇ ਦਸ ਬਾਰਾਂ ਸਾਲ ਤੋਂ ਆਪਣੇ ਪੁੱਤਰ ਡਾਃ ਨਵਪ੍ਰੇਮ ਸਿੰਘ ਪ੍ਰੋਫੈਸਰ, ਬਾਗਬਾਨੀ(ਪੰਜਾਬ ਖੇਤੀ ਯੂਨੀਵਰਸਿਟੀ) ਕੋਲ ਰਹਿੰਦੇ ਪੰਜਾਬੀ ਲੇਖਕ ਤੇ ਸਫ਼ਲ ਅਨੁਵਾਦਕ ਪ੍ਰੇਮ ਅਵਤਾਰ ਰੈਣਾ ਦਾ ਲੁਧਿਆਣਾ ਵਿੱਚ ਦੇਹਾਤ ਹੋ ਗਿਆ ਹੈ। ਉਹ 87 ਵਰ੍ਹਿਆਂ ਦੇ ਸਨ। ਪਿਛਲੇ ਕੁਝ ਸਮੇਂ ਤੋ ਉਹ ਸਿਹਤਯਾਬ ਨਹੀਂ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪ੍ਰੇਮ ਅਵਤਾਰ ਰੈਣਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਰੈਣਾ ਜੀ ਦਿਲਦਾਰ ਇਨਸਾਨ ਸਨ ਜਿੰਨ੍ਹਾਂ ਦੀ ਸ਼ਬਦ ਸੱਭਿਆਚਾਰ ਨਾਲ ਗੂੜ੍ਹੀ ਮੁਹੱਬਤ ਸੀ। ਉਹ ਪਿਛਲੇ ਕਈ ਸਾਲ ਲਗਾਤਾਰ ਪੰਜਾਬੀ ਭਵਨ ਸਰਗਰਮੀਂਆਂ ਵਿੱਚ ਭਾਗ ਲੈਂਦੇ ਰਹੇ ਪਰ ਹੁਣ ਕੁਝ ਸਮੇਂ ਤੋਂ ਨਹੀਂ ਸੀ ਆ ਰਹੇ।
ਪ੍ਰੇਮ ਅਵਤਾਰ ਰੈਣਾ ਜੀ ਦੀਆਂ ਅਨੁਵਾਦ ਕੀਤੀਆਂ ਮਹੱਤਵਪੂਰਨ ਪੁਸਤਕਾਂ ਵਿੱਚ “ਅੱਧੀ ਰਾਤ ਵੇਲੇ (ਪਰਲ ਐਸ ਬੱਕ),”ਆਧੁਨਿਕ ਸੌਦਰਯ-ਬੋਧ ਦੀਆਂ ਸਮੱਸਿਆਵਾਂ”(ਦਰੇਮੋਵ, ਅਨਾਤੋਲੀ),
“ਚੜ੍ਹਦੇ ਸੂਰਜ ਨੂੰ ਸਲਾਮ”(ਐਂਤਨ ਚੈਖ਼ੋਵ),”ਬਾਬਰ” (ਨਾਵਲ ਪਿਰਿਮਕ਼ੁਲ ਕ਼ਾਦਿਰੋਵ),”ਮੇਰੀ ਕਹਾਣੀ “(ਫਲੇਵੀਆ)
“ਮਹਾਰਾਜਾ ਰਣਜੀਤ ਸਿੰਘ: ਰਾਜ ਵਿਵਸਥਾ, ਅਰਥਚਾਰਾ ਅਤੇ ਸਮਾਜ”(ਜੇ.ਐਸ.ਗਰੇਵਾਲ),”ਹਵੇਲੀ ਵਾਲੀ ਰਾਣੀ ਸਾਹਿਬਾ” (ਐਂਤਨ ਚੈਖ਼ੋਵ) ਤੇ
“ਮੰਟੋ ਦੇ ਖ਼ਤ: ਅੰਕਲ ਸੈਮ ਦੇ ਨਾਂ”ਤੋਂ ਇਲਾਵਾ ਲੋਹ ਬਘਿਆੜ ਤੇ ਕੁਝ ਬਾਲ ਪੁਸਤਕਾਂ ਵੀ ਹਨ। ਪਰਵੀਨ ਸ਼ਾਕਿਰ ਦੀ ਚੋਣਵੀਂ ਸ਼ਾਇਰੀ ਦਾ ਬਹੁਤ ਵਧੀਆ ਲਿਪੀਅੰਤਰ ਵੀ ਰੈਣਾ ਜੀ ਨੇ ਕੀਤਾ ਸੀ।
ਪ੍ਰੇਮ ਅਵਤਾਰ ਰੈਣਾ ਜੀ ਦੇ ਸਪੁੱਤਰ ਡਾਃ ਨਵਪ੍ਰੇਮ ਸਿੰਘ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 23 ਨਵੰਬਰ ਸਵੇਰੇ 11.30 ਵਜੇ ਆਰੀਆ ਕਾਲਿਜ ਲੁਧਿਆਣਾ ਦੇ ਪਿਛਲੇ ਪਾਸੇ ਸਿਵਿਲ ਲਾਈਨਜ਼ (ਨੇੜੇ ਧੋਬੀ ਘਾਟ)ਸ਼ਮਸ਼ਾਨ ਘਰ ਵਿੱਚ ਹੋਵੇਗਾ।ਡਾਃ ਨਵਪ੍ਰੇਮ ਸਿੰਘ ਦਾ ਸੰਪਰਕ ਨੰਬਰ 81461 00711 ਹੈ।