ਮਾਂ ਬੋਲੀ ਪੰਜਾਬੀ ਦੇ 45 ਹਜ਼ਾਰ ਡਾਲਰ ਵਾਲੇ ਢਾਹਾਂ ਇਨਾਮ 2022 ਦੇ ਤਿੰਨ ਫਾਈਨਲਿਸਟਾਂ ਦਾ ਐਲਾਨ
- ਜਾਵੇਦ ਬੂਟਾ ਦਾ ਕਹਾਣੀ ਸੰਗ੍ਰਹਿ ''ਚੌਲਾਂ ਦੀ ਬੁਰਕੀ'', ਅਰਵਿੰਦਰ ਕੌਰ ਧਾਲੀਵਾਲ ਦਾ ਕਹਾਣੀ ਸੰਗ੍ਰਹਿ ''ਝਾਂਜਰਾਂ ਵਾਲੇ ਪੈਰ'' ਅਤੇ ਬਲਵਿੰਦਰ ਸਿੰਘ ਗਰੇਵਾਲ ਦਾ ਕਹਾਣੀ ਸੰਗ੍ਰਹਿ ''ਡਬੋਲੀਆ'' ਚੁਣੇ ਗਏ
ਸਰੀ/ਬੰਗਾ : 7 ਅਕਤੂਬਰ 2022 - ਮਾਂ ਬੋਲੀ ਪੰਜਾਬੀ ਦੇ ਸਭ ਤੋਂ ਵੱਡੇ ਅਤੇ ਵਕਾਰੀ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤ ਇਨਾਮ 'ਢਾਹਾਂ ਪ੍ਰਾਈਜ਼' ਲਈ ਸਾਲ 2022 ਦੇ ਫਾਈਨਲਿਸਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਢਾਹਾਂ ਸਾਹਿਤ ਇਨਾਮ ਦੇ ਬਾਨੀ ਅਤੇ ਮੁੱਖ ਪ੍ਰਬੰਧਕ ਬਰਜਿੰਦਰ ਸਿੰਘ ਢਾਹਾਂ ਨੇ ਦਿੰਦੇ ਦੱਸਿਆ ਕਿ ਸਾਲ 2022 ਦੇ ਇਨਾਮਾਂ ਲਈ ਜਾਵੇਦ ਬੂਟਾ ਲਾਹੌਰ, ਪੰਜਾਬ, ਪਾਕਿਸਤਾਨ ਦੇ ਜੰਮਪਲ ਅਤੇ ਵਰਜੀਨੀਆ, ਅਮਰੀਕਾ ਦੇ ਵਾਸੀ ਦਾ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ''ਚੌਲਾਂ ਦੀ ਬੁਰਕੀ'', ਅਰਵਿੰਦਰ ਕੌਰ ਧਾਲੀਵਾਲ ਅੰਮ੍ਰਿਤਸਰ, ਪੰਜਾਬ, ਭਾਰਤ ਦੀ ਰਹਿਣ ਵਾਲੀ ਦਾ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿ ''ਝਾਂਜਰਾਂ ਵਾਲੇ ਪੈਰ'' ਅਤੇ ਸ. ਬਲਵਿੰਦਰ ਸਿੰਘ ਗਰੇਵਾਲ ਖੰਨਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ ਦੇ ਵਸਨੀਕ ਦਾ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿ ''ਡਬੋਲੀਆ'' ਤਿੰਨੇ ਹੀ ਫਾਈਨਲਿਸਟ ਕਿਤਾਬਾਂ ਲਈ ਚੁਣੇ ਗਏ ਹਨ। ਇਸ ਮੌਕੇ 'ਤੇ ਸ੍ਰੀ ਬਰਜਿੰਦਰ ਸਿੰਘ ਢਾਹਾਂ, ਪ੍ਰਸਿੱਧ ਲੇਖਕ ਅਤੇ ਢਾਹਾਂ ਇਨਾਮ ਦੀ ਸਲਾਹਕਾਰ ਕਮੇਟੀ ਦੇ ਮੁਖੀ ਸਾਧੂ ਬਿੰਨਿੰਗ, ਹਰਿੰਦਰ ਕੌਰ ਢਾਹਾਂ, ਮਨਵੀਰ ਕੌਰ ਢਾਹਾਂ ਅਤੇ ਹੋਰ ਪੰਜਾਬੀ ਸਾਹਿਤ ਦੇ ਵਿਦਵਾਨ, ਲੇਖਕ ਅਤੇ ਆਲੋਚਕ ਅਤੇ ਮੀਡੀਆ ਭਾਈਚਾਰਾ ਵੀ ਹਾਜ਼ਰ ਸਨ। ਇਸੇ ਮੌਕੇ ਹੀ ਬਰਜਿੰਦਰ ਸਿੰਘ ਢਾਹਾਂ ਨੇ ਇਹ ਵੀ ਦੱਸਿਆ ਕਿ ਇੱਕ ਜੇਤੂ ਕਿਤਾਬ ਅਤੇ 2 ਫਾਈਨਲਿਸਟ ਕਿਤਾਬਾਂ ਦਾ ਐਲਾਨ 17 ਨਵੰਬਰ ਨੂੰ ਸਰੀ ਕੈਨੇਡਾ ਵਿਖੇ ਢਾਹਾਂ ਇਨਾਮ ਦੇ ਸਨਮਾਨ ਸਮਾਗਮ ਵਿੱਚ ਹੀ ਕੀਤਾ ਜਾਵੇਗਾ।
'ਢਾਹਾਂ ਪ੍ਰਾਈਜ਼' ਲਈ ਸਾਲ 2022 ਦੇ ਫਾਈਨਲਿਸਟਾਂ ਵਿਚ ਜਾਵੇਦ ਬੂਟਾ ਦੀ ਕਿਤਾਬ ''ਚੌਲਾਂ ਦੀ ਬੁਰਕੀ'' ਦੀਆਂ ਕਹਾਣੀਆਂ ਚੜ੍ਹਦੇ ਅਤੇ ਲਹਿੰਦੇ ਦੋਵਾਂ ਪੰਜਾਬਾਂ ਤੋਂ ਇਲਾਵਾ ਵਿਸ਼ਵ ਭਰ ਵਿਚ ਵੱਧ ਰਹੇ ਪੰਜਾਬੀ ਡਾਇਸਪੁਰਾ ਦੇ ਜੀਵਨ ਦੀ ਪੜਚੋਲ ਕਰਦੀਆਂ ਹਨ। ''ਚੌਲਾਂ ਦੀ ਬੁਰਕੀ'' ਦੀ ਸਿਰਲੇਖ ਕਹਾਣੀ ਦੇਸ਼ ਦੀ ਵੰਡ ਦੇ ਡੂੰਘੇ ਦਰਦ ਅਤੇ ਦਹਿਸ਼ਤ ਤੋਂ ਬਚੇ ਲੋਕਾਂ ਦੇ ਵਿਛੋੜੇ ਦੇ ਦਰਦਾਂ ਨੂੰ ਉਜਾਗਰ ਕਰਦੀ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਦਰਦ, ਸਦਮੇ ਅਤੇ ਦੁੱਖਾਂ ਦੇ ਬਾਵਜੂਦ, ਮਨੁੱਖੀ ਲਚਕਤਾ ਅਤੇ ਜੋਸ਼ ਨਾਲ ਜਿਊਣ ਦੀ ਭਾਵਨਾ ਦਾ ਸਦੀਵੀ ਪ੍ਰਮਾਣ ਵੀ ਹਨ।
ਅਰਵਿੰਦਰ ਕੌਰ ਧਾਲੀਵਾਲ ਨੇ ਆਪਣੇ ਕਹਾਣੀ ਸੰਗ੍ਰਹਿ ''ਝਾਂਜਰਾਂ ਵਾਲੇ ਪੈਰ'' ਵਿਚ ਔਰਤਾਂ ਅਤੇ ਮਰਦਾਂ ਦੇ ਗੁੰਝਲਦਾਰ ਰਿਸ਼ਤਿਆਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਇਹ ਕਹਾਣੀਆਂ ਨੈਤਿਕ ਅਤੇ ਕਲਾਤਮਕ ਦਲੇਰੀ ਦੇ ਹੈਰਾਨੀਜਨਕ ਕਾਰਨਾਮੇ ਹਨ। ਲੇਖਕਾ ਨੇ ਆਪਣੀਆਂ ਕਹਾਣੀਆਂ ਵਿਚ ਰਚੇ ਸੰਵਾਦ ਦੌਰਾਨ ਉਲਝਣ ਦੀ ਕਲਾ ਵਿਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਬਾਖੂਬੀ ਕੀਤਾ ਹੈ।
ਬਲਵਿੰਦਰ ਸਿੰਘ ਗਰੇਵਾਲ ਦੀ ਕਿਤਾਬ ''ਡਬੋਲੀਆ'' ਪੰਜ ਲੰਬੀਆਂ ਕਹਾਣੀਆਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ ਹੈ। ਇਹ ਕਹਾਣੀਆਂ ਭਾਰੀ ਬੁਰਾਈ ਦੇ ਵਿਰੁੱਧ ਮਨੁੱਖੀ ਮਾਣ ਸਤਿਕਾਰ ਦੀ ਪੁਸ਼ਟੀ ਕਰਦੀਆਂ ਹਨ। ਪਾਤਰਾਂ ਅਤੇ ਪਰਿਸਥਿਤੀਆਂ ਵਿਚਲੇ ਤਣਾਉ ਨੂੰ ਇਸ ਦੇ ਵੱਖ ਵੱਖ ਪਸਾਰਾਂ ਤੋਂ ਪੇਸ਼ ਕਰਨ ਤੋਂ ਇਲਾਵਾ ਜੀਵਨ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਣ ਕਰ ਕੇ ਇਹ ਕਹਾਣੀਆਂ ਪੂਰੀ ਤਰ੍ਹਾਂ ਨਾਲ ਅਮੀਰ ਅਤੇ ਪ੍ਰਸੰਗਕ ਵੀ ਹਨ।
ਢਾਹਾਂ ਨੇ ਦੱਸਿਆ ਕਿ ਸਾਲ 2022 ਦੇ ਢਾਹਾਂ ਇਨਾਮ ਦੇ ਜੇਤੂ ਅਤੇ ਦੋ ਫਾਈਨਲਿਸਟਾਂ ਨੂੰ 17 ਨਵੰਬਰ 2022 ਨੂੰ ਸਰੀ, ਕੈਨੇਡਾ ਵਿਖੇ ਹੋ ਰਹੇ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਇਨ੍ਹਾਂ ਕਹਾਣੀਕਾਰਾਂ ਨੂੰ ਢਾਹਾਂ ਇਨਾਮ ਦਾ ਯਾਦਗਾਰੀ ਚਿੰਨ੍ਹ (ਟਰਾਫੀ) ਅਤੇ ਸਨਮਾਨ ਰਾਸ਼ੀ ਸਤਿਕਾਰ ਸਹਿਤ ਭੇਟ ਕੀਤੇ ਜਾਣਗੇ। ਢਾਹਾਂ ਨੇ ਕਿਹਾ ਕਿ ਢਾਹਾਂ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਪਾਰ ਪੰਜਾਬੀ ਸਾਹਿਤ ਦੀ ਸਿਰਜਣਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ 'ਤੇ ਪੰਜਾਬੀ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ।
ਜ਼ਿਕਰਯੋਗ ਹੈ ਕਿ ਸਾਲ 2013 ਵਿਚ ਢਾਹਾਂ ਸਾਹਿਤ ਇਨਾਮ ਵੈਨਕੂਵਰ, ਕੈਨੇਡਾ ਵਿੱਚ ਬਰਜਿੰਦਰ ਸਿੰਘ ਢਾਹਾਂ ਅਤੇ ਉਨ੍ਹਾਂ ਦੀ ਧਰਮ ਪਤਨੀ ਰੀਟਾ ਢਾਹਾਂ, ਪਰਿਵਾਰ ਅਤੇ ਦੋਸਤਾਂ ਵੱਲੋਂ ਸਥਾਪਤ ਕੀਤਾ ਗਿਆ ਸੀ । ਬਰਜਿੰਦਰ ਸਿੰਘ ਢਾਹਾਂ ਪ੍ਰਸਿੱਧ ਸਮਾਜ ਸੇਵਕ ਸਵਰਗਵਾਸੀ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਹੋਣਹਾਰ ਸਪੁੱਤਰ ਹਨ ਜੋ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਲਈ ਦ੍ਰਿੜ੍ਹ ਇਰਾਦੇ ਨਾਲ ਕਾਰਜਸ਼ੀਲ ਰਹਿੰਦੇ ਹਨ। ਢਾਹਾਂ ਇਨਾਮ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਖੀਆਂ ਗਈਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਕਾਲਪਨਿਕ ਸਾਹਿਤ ਸਿਰਜਣਾ ਵਾਸਤੇ ਦਿੱਤਾ ਜਾਂਦਾ ਹੈ।
ਢਾਹਾਂ ਇਨਾਮ ਵਿਚ ਜੇਤੂ ਕਿਤਾਬ ਨੂੰ 25 ਹਜ਼ਾਰ ਡਾਲਰ ਅਤੇ 2 ਫਾਈਨਲਿਸਟ ਕਿਤਾਬਾਂ ਦੇ ਲੇਖਕਾਂ ਨੂੰ ਦਸ-ਦਸ ਹਜ਼ਾਰ ਡਾਲਰ ਦੀ ਰਾਸ਼ੀ ਅਤੇ ਇੱਕ-ਇੱਕ ਬੇਹੱਦ ਕੀਮਤੀ ਟਰਾਫੀ ਬਹੁਤ ਪਿਆਰ-ਸਤਿਕਾਰ ਨਾਲ ਭੇਟ ਕੀਤੀ ਜਾਂਦੀ ਹੈ। ਢਾਹਾਂ ਇਨਾਮ ਵਿਸ਼ਵ ਭਰ ਵਿਚ ਪੰਜਾਬੀ ਭਾਈਚਾਰੇ ਨੂੰ ਆਪਸ ਵਿਚ ਜੋੜਦਾ ਹੈ ਅਤੇ ਪੰਜਾਬੀ ਸਾਹਿਤਕਾਰਾਂ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕਰਦਾ ਹੈ। ਇਨ੍ਹਾਂ ਸਨਮਾਨਿਤ ਇਨਾਮਾਂ ਰਾਹੀਂ ਉੱਭਰਦੇ ਅਤੇ ਸਥਾਪਿਤ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਵਿਸ਼ਵ ਪੱਧਰ 'ਤੇ ਬਹੁ-ਭਾਸ਼ਾਈ ਲੋਕਾਂ ਤੱਕ ਪਹੁੰਚਾਉਣ ਵਿਚ ਵੀ ਵੱਡੀ ਸਹੂਲਤ ਮਿਲਦੀ ਹੈ।