ਪੰਜਾਬੀ ਲੇਖਕ ਪ੍ਰੋ ਮੇਵਾ ਸਿੰਘ ਤੁੰਗ ਦਾ ਦਿਹਾਂਤ
ਪ੍ਰੋ. ਤੁੰਗ ਨੇ ਗ਼ੁਰਬਤ ਨਾਲ ਲੜਦਿਆਂ ਮਾਂ ਬੋਲੀ ਦਾ ਸ਼ਮਲ੍ਹਾ ਉਚਾ ਰੱਖਿਆ — ਡਾ ਦਰਸ਼ਨ ਸਿੰਘ ‘ਆਸ਼ਟ*
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 27 ਮਾਰਚ 2024:- ਪੰਜਾਬੀ ਦੇ ਦਾਨਿਸ਼ਵਰ ਸਾਹਿਤਕਾਰ ਪ੍ਰੋ ਮੇਵਾ ਸਿੰਘ ਤੁੰਗ (87) ਦਾ ਕੱਲ੍ਹ 26 ਮਾਰਚ ਨੂੰ ਸ਼ਾਮੀਂ ਸਨੌਰ ਵਿਖੇ ਦਿਹਾਂਤ ਹੋ ਗਿਆ।ਉਹਨਾਂ ਦਾ ਸੰਸਕਾਰ ਅੱਜ ਪਟਿਆਲਾ ਲਾਗਲੇ ਕਸਬਾ ਸਨੌਰ ਵਿਖੇ ਅੱਜ ਦੁਪਹਿਰ 12 ਵਜੇ ਕੀਤਾ ਗਿਆ।ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਪ੍ਰੋ ਤੁੰਗ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ,ਕਿ ਉਹਨਾਂ ਨੇ ਗ਼ੁਰਬਤ ਨਾਲ ਲੜਦਿਆਂ ਪੰਜਾਬੀ ਮਾਂ ਬੋਲੀ ਦਾ ਸ਼ਮਲ੍ਹਾ ਉਚਾ ਰੱਖਿਆ ਅਤੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਖੋਜ,ਕਵਿਤਾ,ਕਹਾਣੀ ਅਤੇ ਆਲੋਚਨਾ ਦੀਆਂ ਲਗਭਗ ਇਕ ਦਰਜਨ ਪੁਸਤਕਾਂ ਨਾਲ ਪੰਜਾਬੀ ਸਾਹਿਤ ਦੇ ਜ਼ਖ਼ੀਰੇ ਨੂੰ ਭਰਪੂਰ ਕੀਤਾ।ਡਾ. ‘ਆਸ਼ਟ* ਨੇ ਪ੍ਰੋ ਤੁੰਗ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ। ਕਿ 15 ਮਾਰਚ 1938 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਤੁੰਗ ਭਾਈ ਕੇ ਵੱਡੇ ਵਿਖੇ ਮਾਤਾ ਕਰਤਾਰ ਕੌਰ ਅਤੇ ਪਿਤਾ ਸ ਬੂਟਾ ਸਿੰਘ ਦੇ ਘਰ ਪੈਦਾ ਹੋਏ। ਪ੍ਰੋਂ. ਤੁੰਗ ਦਾ ਪਰਿਵਾਰ 1947 ਦੌਰਾਨ ਭਾਰਤੀ ਪੰਜਾਬ ਆ ਗਿਆ ਸੀ। ਉਹਨਾਂ ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਖੇਤਰ ਵਿਚ ਉਚ ਤਾਲੀਮ ਹਾਸਿਲ ਕੀਤੀ ਅਤੇ ਪਟਿਆਲਾ ਦੇ ਖ਼ਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਵਿਖੇ ਲੰਮਾ ਸਮਾਂ ਅਧਿਆਪਨ ਕਾਰਜ ਕੀਤਾ ਅਤੇ ਇਸ ਵਿਭਾਗ ਦੇ ਮੁਖੀ ਵੀ ਰਹੇ। ਪਟਿਆਲਾ ਦੇ ਸਮਾਣੀਆ ਗੇਟ ਵਿਖੇ ਕਈ ਵਰ੍ਹੇ ਰਹਿਣ ਉਪਰੰਤ ਉਹ ਪਿਛਲੇ ਪੰਦਰਾਂ ਵੀਹ ਸਾਲਾਂ ਤੋਂ ਸਨੌਰ ਆ ਗਏ ਸਨ। ਜਿੱਥੇ ਉਹ ਅੱਜ ਕੱਲ੍ਹ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ।ਉਹਨਾਂ ਦੀ ਪਹਿਲੀ ਪੁਸਤਕ ਭਾਈ ਵੀਰ ਸਿੰਘ ਦੀ ਕਾਵਿ ਦ੍ਰਿਸ਼ਟੀ(1971) ਸੀ। ਉਸ ਉਪਰੰਤ ਉਹਨਾਂ ਨੇ ਸੰਤੋਖ ਸਿੰਘ ਧੀਰ, ਭਾਸ਼ਾ ਵਿਗਿਆਨ ਦੀ ਭੂਮਿਕਾ ਆਦਿ ਖੋਜ ਕਾਰਜਾਂ ਦੇ ਨਾਲ ਨਾਲ ਬਿੱਖ ਅੰਮ੍ਰਿਤ (1972),ਮਨੁ ਪ੍ਰਦੇਸੀ ਜੇ ਥੀਐ (1973),ਸੰਘਰਸ਼(1973),ਜਾਨਵਰ ਤੇ ਬੰਦੇ(1974) ਅਤੇ ਕਹਾਣੀਆਂ ਦੀ ਮੌਤ (1975) ਪੁਸਤਕਾਂ ਲਿਖੀਆਂ।ਡਾ ਦਰਸ਼ਨ ਸਿੰਘ ‘ਆਸ਼ਟ* ਨੇ ਉਹਨਾਂ ਦੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ, ਕਿ ਉਹਨਾਂ ਨੇ ਪਟਿਆਲਾ ਬਾਰੇ ਰੁਬਾਈਆਂ ਲਿਖੀਆਂ ਜੋ ਜਗਦਾ ਜਾਗਦਾ ਸ਼ਹਿਰ ਸਿਰਲੇਖ ਹੇਠ ਪੁਸਤਕ ਵਿਚ ਛਪੀਆਂ। ਉਹਨਾਂ ਦੀਆਂ ਕਵਿਤਾਵਾਂ ਵਿਚ ਜਿੱਥੇ ਸਮਾਜਿਕ ਮਸਲਿਆਂ ਦੀ ਪੇਸ਼ਕਾਰੀ ਮਿਲਦੀ ਹੈ। ਉਥੇ ਕਹਾਣੀਆਂ ਵਿਚ ਆਰਥਿਕ,ਸਮਾਜਿਕ ਅਤੇ ਰਾਜਨੀਤਕ ਮਸਲਿਆਂ ਬਾਰੇ ਵਿਅੰਗਮਈ ਚੋਭਾਂ ਵੀ ਹਨ।
ਅੱਜ ਦੀ ਸ਼ੋਕ ਸਭਾ ਡਾ ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਸਭਾ ਦੇ ਸਰਪ੍ਰਸਤ ਡਾ ਗੁਰਬਚਨ ਸਿੰਘ ਰਾਹੀ,ਬਾਬੂ ਸਿੰਘ ਰੈਹਲ,ਡਾ ਹਰਪ੍ਰੀਤ ਸਿੰਘ ਰਾਣਾ,ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਨਵਦੀਪ ਸਿੰਘ ਮੁੰਡੀ, ਸੁਰਿੰਦਰ ਕੌਰ ਬਾੜਾ,ਬਲਬੀਰ ਸਿੰਘ ਦਿਲਦਾਰ ਅਤੇ ਮਨਵਿੰਦਰਜੀਤ ਸਿੰਘ ਆਦਿ ਨੇ ਵੀ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।