ਆਪਣੇ ਰਿਕਾਰਡ ਕੀਤੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਹਮੇਸ਼ਾਂ ਜਿਉਂਦੇ ਰਹਿਣਗੇ ਭਾਈ ਚਰਨਜੀਤ ਸਿੰਘ ਚੰਨੀ
ਦੀਪਕ ਗਰਗ
ਕੋਟਕਪੂਰਾ, 18 ਜਨਵਰੀ 2024:- ਇਕ ਬਹੁਤ ਹੀ ਪਿਆਰਾ, ਮਿਹਨਤੀ, ਸਿਰੜੀ ਅਧਿਆਪਕ ਅਤੇ ਗੁਰੂ ਘਰ ਦਾ ਪ੍ਰਸਿੱਧ ਕੀਰਤਨੀਆ ਭਾਈ ਚਰਨਜੀਤ ਸਿੰਘ ਚੰਨੀ ਬੀਤੀ 11 ਅਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਰਿਵਾਰ ਸਮੇਤ ਰਿਸ਼ਤੇਦਾਰਾਂ, ਮਿੱਤਰਾਂ, ਸਨੇਹੀਆਂ ਅਤੇ ਕੀਰਤਨ ਰਸੀਆਂ ਨੂੰ ਰੌਂਦਿਆਂ ਵਿਲਕਦਿਆਂ ਛੱਡ ਕੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਗਿਆ। ਗੁਰਦਵਾਰਾ ਸਾਹਿਬ ਮਾਤਾ ਦਇਆ ਕੌਰ ਜੀ ਪਿੰਡ ਸੰਧਵਾਂ ਜਿਲਾ ਫਰੀਦਕੋਟ ਵਿਖੇ ਅੱਜ ਅਸੀਂ ਉਸਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾਂਜ਼ਲੀ ਦੇਣ ਲਈ ਇਕੱਤਰ ਹੋਏ ਹਾਂ।
ਚਰਨਜੀਤ ਸਿੰਘ ਦਾ ਜਨਮ 12/08/1968 ਨੂੰ ਵੈਦ ਬਲਵੰਤ ਸਿੰਘ ਪ੍ਰਵਾਨਾ ਅਤੇ ਬੀਬੀ ਪ੍ਰੀਤਮ ਕੌਰ ਜੀ ਦੇ ਘਰ ਗਿੱਦੜਬਾਹਾ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਉਹ ਇਕ ਵੱਡੀ ਭੈਣ ਪਰਮਜੀਤ ਕੌਰ ਅਤੇ ਦੋ ਵੱਡੇ ਭਰਾਵਾਂ ਡਾ ਭੁਪਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਕਾਕਾ ਦਾ ਲਾਡਲਾ ਛੋਟਾ ਵੀ ਸੀ। ਉਸ ਨੇ ਮੈਟਿ੍ਰਕ ਤੱਕ ਦੀ ਸਿੱਖਿਆ ਗਿੱਦੜਬਾਹਾ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ, ਜਦਕਿ ਸੀਨੀਅਰ ਸੈਕੰਡਰੀ ਬਾਰਵੀਂ ਤੱਕ ਦੀ ਸਿੱਖਿਆ ਆਪਣੀ ਭੈਣ ਪਰਮਜੀਤ ਕੌਰ ਅਤੇ ਜੀਜਾ ਕਰਨੈਲ ਸਿੰਘ ਮੱਕੜ ਕੋਲ ਰਹਿ ਕੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ, ਗਿਆਨੀ ਤੋਂ ਬਾਅਦ ਬੀ.ਏ. ਬਠਿੰਡਾ ਦੇ ਰਜਿੰਦਰਾ ਕਾਲਜ ਤੋਂ ਪ੍ਰਾਪਤ ਕੀਤੀ। ਆਪਣੇ ਪਿਤਾ ਦੀ ਇੱਛਾ ਅਨੁਸਾਰ ਐੱਮ.ਏ. ਸੰਗੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬੀ.ਐੱਡ. ਦੀ ਡਿਗਰੀ ਕੁਰਕੂਸ਼ੇਤਰ ਯੂਨੀਵਰਸਿਟੀ ਤੋਂ ਕੀਤੀ।
ਸਾਲ 1999 ਵਿੱਚ ਚਰਨਜੀਤ ਸਿੰਘ ਨੇ ਅਧਿਆਪਨ ਕਾਰਜ ਦੀ ਸ਼ੁਰੂਆਤ ਗੁਰੂ ਨਾਨਕ ਮਿਸ਼ਨ ਸਕੂਲ ਕੋਟਕਪੂਰਾ ਤੋਂ ਕੀਤੀ। ਜਦਕਿ 21/11/1998 ਤੋਂ ਸ.ਸ.ਭ.ਫ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿੱਚ ਨੌਕਰੀ ਜੁਆਇਨ ਕਰਦਿਆਂ ਹੀ ਲਗਭਗ ਇਸੇ ਸਮੇਂ ਕੀਰਤਨੀਏ ਦੇ ਤੌਰ ’ਤੇ ਵਿਚਰਨਾ ਸ਼ੁਰੂ ਕੀਤਾ। ਸਕੂਲ ਅਤੇ ਕਾਲਜ ਦੀ ਪੜਾਈ ਦੌਰਾਨ ਸੰਗੀਤ ਦੇ ਅਨੇਕਾਂ ਮੁਕਾਬਲਿਆਂ ਅਤੇ ਧਾਰਮਿਕ ਸਮਾਗਮਾ ’ਚ ਪੁਜੀਸ਼ਨਾ ਹਾਸਲ ਕੀਤੀਆਂ। ਯੂਨੀਵਰਸਿਟੀ ਦੇ ਪੱਧਰ ’ਤੇ ਯੁਵਕ ਮੇਲਿਆਂ ਵਿੱਚ ਆਪਣੇ ਫਨ ਦਾ ਮੁਜਾਹਰਾ ਕੀਤਾ। ਆਪਣੇ 25 ਸਾਲਾਂ ਦੇ ਅਧਿਆਪਨ ਕਾਰਜ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਗਿੱਲ ਸਮੇਤ ਸਮੂਹ ਸਟਾਫ ਦਾ ਮਨ ਆਪਣੀ ਕਾਬਲੀਅਤ ਅਤੇ ਮਿਹਨਤ ਨਾਲ ਜਿੱਤਿਆ। ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ ਹੋਰ ਸ਼ਾਗਿਰਦਾਂ ਨੂੰ ਜਿਲਾ ਅਤੇ ਰਾਜ ਪੱਧਰ ਦੇ ਸੰਗੀਤ ਮੁਕਾਬਲਿਆਂ ਵਿੱਚ ਜਿੱਤ ਦਿਵਾਈ। ਸਕੂਲ ਸਿੱਖਿਆ ਬੋਰਡ ਅਤੇ ਯੂਨੀਵਰਸਿਟੀ ਲਈ ਸੰਗੀਤ ਮੁਕਾਬਲਿਆਂ ਵਿੱਚ ਬਹੁਤ ਵਾਰ ਜੱਜ ਦੀ ਭੂਮਿਕਾ ਨਿਭਾਈ।
ਸ੍ਰ ਚਰਨਜੀਤ ਸਿੰਘ ਇਕ ਵਧੀਆ ਪੁੱਤਰ, ਭਰਾ ਅਤੇ ਰਿਸ਼ਤੇਦਾਰ ਵਜੋਂ ਵਿਚਰੇ, ਆਪਣੀ ਪਤਨੀ ਅਮਰਜੀਤ ਕੌਰ ਦੇ ਸੁਹਿਰਦ ਪਤੀ ਅਤੇ ਆਪਣੇ ਪੁੱਤਰ ਕਾਕਾ ਪ੍ਰੀਤਇੰਦਰ ਸਿੰਘ ਦਾ ਮਿੱਤਰ, ਪਿਤਾ ਦੇ ਤੌਰ ’ਤੇ ਪਾਲਣ ਪੋਸ਼ਣ ਕੀਤਾ। ਪੁੱਤਰ ਨੂੰ ਵੀ ਅੱੈਮ.ਏ. ਸੰਗੀਤ ਅਤੇ ਬੀ.ਐੱਡ. ਤੱਕ ਦੀ ਸਿੱਖਿਆ ਦਿਵਾਈ ਅਤੇ ਉਸਨੂੰ ਆਪਣੇ ਪੈਰਾਂ ’ਤੇ ਖੜੇ ਕਰਨ ਲਈ ਰਿਕਾਡਿੰਗ ਸਟੂਡੀਉ ਖੋਲ ਕੇ ਦਿੱਤਾ। ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਉਹ ਚਹੇਤਾ ਸੀ, ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੋਟਕਪੂਰਾ-ਮੁਕਤਸਰ-ਬਠਿੰਡਾ ਜੋਨ ਵਿੱਚ ਕੀਰਤਨ ਲੜੀ ਵਿੱਚ ਸਿਰਫ ਯੋਗਦਾਨ ਹੀ ਨਹੀਂ ਪਾਇਆ, ਸਗੋਂ ਬੱਚਿਆਂ ਨੂੰ ਗੁਰਬਾਣੀ ਗਾਇਣ ਵਿੱਚ ਪ੍ਰਬੀਨ ਬਣਾਉਂਦਿਆਂ ਗੁਰੂ ਦੇ ਲੜ ਲਾਇਆ।
ਉਹਨਾਂ ਦੇ ਅਨੇਕਾਂ ਵਿਦਿਆਰਥੀ ਅੱਜ ਸੰਗੀਤ ਅਧਿਆਪਕ ਅਤੇ ਰਾਗੀ ਦੇ ਤੌਰ ’ਤੇ ਸਮਾਜ ਵਿੱਚ ਵਿਚਰ ਰਹੇ ਹਨ। ਉਹਨਾ ਦੀਆਂ ਸੇਵਾਵਾਂ ਨੂੰ ਅੱਜ ਸਮਾਜ ਦਾ ਹਰ ਵਰਗ ਸਰਾਹ ਰਿਹਾ ਹੈ, ਜਦਕਿ ਉਹਨਾਂ ਦੇ ਅਚਾਨਕ ਰੁਖਸਤ ਹੋ ਜਾਣ ਨਾਲ ਇਕ ਖਾਸ ਵਰਗ ਇਕ ਖਲਾਅ ਮਹਿਸੂਸ ਕਰ ਰਿਹਾ ਹੈ। ਉਹਨਾਂ ਦੇ ਸਰੀਰਕ ਤੌਰ ’ਤੇ ਚਲੇ ਜਾਣ ਨਾਲ ਸਮਾਜ ਨੂੰ ਬਹੁਤ ਘਾਟਾ ਪਿਆ ਹੈ ਪਰ ਆਪਣੀ ਆਵਾਜ ਵਿੱਚ ਰਿਕਾਰਡ ਕਰਵਾਏ ਗੁਰਬਾਣੀ ਦੇ ਸ਼ਬਦਾਂ ਵਿੱਚ ਉਹ ਅੱਜ ਵੀ ਸਾਡੇ ਵਿੱਚ ਵਿਚਰ ਰਹੇ ਹਨ, ਅਰਥਾਤ ਆਪਣੇ ਰਿਕਾਰਡਡ ਸ਼ਬਦਾਂ ਵਿੱਚ ਉਹ ਹਮੇਸ਼ਾਂ ਜਿਉਂਦੇ ਰਹਿਣਗੇ।
ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਸਾਰਿਆਂ ਦਾ ਧੰਨਵਾਦੀ ਹੈ, ਜਿੰਨਾ ਨੇ ਪਰਿਵਾਰ ਦੇ ਦੁੱਖ ਵਿੱਚ ਕਿਸੇ ਵੀ ਰੂਪ ਵਿੱਚ ਸ਼ਾਮਲ ਹੋ ਕੇ ਪਰਿਵਾਰ ਦਾ ਦੁੱਖ ਵੰਡਾਇਆ ਹੈ। ਭਾਈ ਚਰਨਜੀਤ ਸਿੰੰਘ ਚੰਨੀ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦਵਾਰਾ ਸਾਹਿਬ ਮਾਤਾ ਦਇਆ ਕੌਰ ਜੀ ਪਿੰਡ ਸੰਧਵਾਂ ਵਿਖੇ 19 ਜਨਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗਾ। ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਅਤੇ ਜਾਣਕਾਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।