ਅਮਰੀਕਾ ਵੱਸਦੇ ਮੌਜ਼ੇਕ ਕਲਾਕਾਰ ਹਰਜੀਤ ਸਿੰਘ ਸੰਧੂ ਪੰਜਾਬੀ ਭਵਨ ਲੁਧਿਆਣਾ ‘ਚ ਲੇਖਕਾਂ ਦੇ ਰੂਬਰੂ
ਲੁਧਿਆਣਾਃ 24 ਮਈ 2022 - ਨਿਊਯਾਰਕ ਚ ਪਿਛਲੇ ਤਿੰਨ ਦਹਾਕਿਆਂ ਤੋਂ ਵੱਸਦੇ ਮੋਗਾ ਦੇ ਮੁਹੱਲਾ ਕ੍ਰਿਸ਼ਨਾ ਨਗਰ ਦੇ ਮੂਲ ਵਾਸੀ ਹਰਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਰਾਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਨੇਕ ਚੰਦ ਜੀ ਕੋਂ ਪ੍ਰੇਰਨਾ ਲੈ ਕੇ ਉਹ ਵਿਸ਼ਵ ਦੀ ਸਭ ਤੋਂ ਔਖੀ ਤੇ ਮਹਿੰਗੀ ਮੌਜ਼ੇਕ ਕਲਾ ਦੇ ਕਲਾਕਾਰ ਅਮਰੀਕਾ ਪਹੁੰਚ ਕੇ ਬਣੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਦੇ ਬੁਲਾਵੇ ਤੇ ਪੰਜਾਬੀ ਭਵਨ ਲੁਧਿਆਣਾ ਪੁੱਜੇ ਸਃ ਸੰਧੂ ਨੇ ਦੱਸਿਆ ਕਿ ਉਹ ਭਾਵੇਂ ਬੁਨਿਆਦੀ ਤੌਰ ਤੇ ਖੇਡ ਅਧਿਆਪਕ ਸਨ ਪਰ ਪੜ੍ਹਾਈ ਵੇਲੇ ਰਾਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਜੀ ਦੀ ਸੰਗਤ ਅਤੇ ਆਰਟ ਕਾਲਿਜ ਚੰਡੀਗੜ੍ਹ ਦੇ ਪ੍ਰੋਫ਼ੈਸਰ ਜੋਧ ਸਿੰਘ ਜੀ ਦੀ ਅਗਵਾਈ ਨੇ ਉਸ ਅੰਦਰ ਕਲਾਤਮਿਕ ਜੋਤ ਜਗਾਈ। ਉਨ੍ਹਾਂ ਦੱਸਿਆ ਕਿ ਅਮਰੀਕਾ ਚ ਪਰਵਾਸ ਕਰਨ ਮਗਰੋ ਇੱਕ ਇਟੈਲੀਅਨ ਤੇਲ ਕੰਪਨੀ ਵਿੱਚ ਰੁਜ਼ਗਾਰ ਮਿਲਣ ਕਾਰਨ ਉਹ ਕੰਪਨੀ ਦੇ ਯਾਰਡ ਵਿੱਚ ਪਏ ਟੁੱਟੇ ਭੱਜੇ ਕੱਚ ਵਿੱਚੋਂ ਟੁਕੜੇ ਜੋੜ ਜੋੜ ਆਕਾਰ ਸਿਰਜਣ ਲੱਗ ਪਏ। ਉਦੋਂ ਤੀਕ ਉਸ ਨੂੰ ਪਤਾ ਨਹੀਂ ਸੀ ਕਿ ਇਸ ਕਲਾ ਨੂੰ ਮੌਜ਼ੇਕ ਕਲਾ ਕਹਿੰਦੇ ਨੇ।
ਸਃ ਹਰਜੀਤ ਸਿੰਘ ਸੰਧੂ ਬਾਰੇ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਦੱਸਿਆ ਕਿ ਇਸ ਮਹਾਨ ਕਲਾਕਾਰ ਬਾਰੇ ਪੰਜਾਬੀ ਦੇ ਸ਼੍ਰੋਮਣੀ ਨਾਵਲਕਾਰ ਸਃ ਬਲਦੇਵ ਸਿੰਘ ਸੜਕਨਾਮਾ ਵੱਡ ਆਕਾਰੀ ਸਚਿੱਤਰ ਪੁਸਤਕ ਪੋਟੇ ਬੋਲ ਪਏ ਵੀ ਲਿਖ ਚੁਕੇ ਹਨ ਜਿਸ ਨੂੰ ਲੋਕਗੀਤ ਪ੍ਰਕਾਸ਼ਨ ਵੱਲੋਂ ਹਰੀਸ਼ ਜੈਨ ਜੀ ਨੇ ਮੋਮੀ ਕਾਗ਼ਜ਼ ਤੇ ਰੰਗੀਨ ਛਾਪਿਆ ਹੈ। ਪੰਜਾਬ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੀ ਆਪ ਨੂੰ ਕਈ ਸਾਲ ਪਹਿਲਾਂ ਨੇਕ ਚੰਦ ਜੀ ਪਾਸੋਂ ਸਨਮਾਨਿਤ ਕਰ ਚੁਕੀ ਹੈ। ਸਃ ਹਰਜੀਤ ਸਿੰਘ ਸੰਧੂ ਸ਼੍ਰੀ ਹਰਿਮੰਦਰ ਸਾਹਿਬ ਦਾ ਵੀ ਵੱਡ ਆਕਾਰੀ ਚਿਤਰ ਤਿਆਰ ਕਰਵਾ ਚੁਕੇ ਹਨ ਜਿਸ ਨੂੰ ਪਟਿਆਲਾ ਦੇ ਸਰਬੱਤ ਦਾ ਭਲਾ ਟਰਸਟ ਵੱਲੋਂ ਸ ਪ ਸ ਓਬਰਾਏ ਤਿਆਰ ਕਰਵਾ ਚੁਕੇ ਹਨ।
ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢੁਕਵੀਂ ਥਾਂ ਤੇ ਸਥਾਪਿਤ ਕਰਵਾਉਣ ਦਾ ਪ੍ਰਬੰਧ ਕਰਨਗੇ। ਸਃ ਸੰਧੂ ਬਾਬਾ ਫ਼ਰੀਦ,ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਰ ਟਰੇਸਾ, ਬਰਾਕ ਓਬਾਮਾ ਤੇ ਕਈ ਹੋਰ ਵਿਸ਼ਵ ਪ੍ਰਸਿੱਧ ਸ਼ਖ਼ਸੀਅਤਾਂ ਦੇ ਮੌਜ਼ੇਕ ਚਿਤਰ ਬਣਾ ਚੁਕੇ ਹਨ।
ਸ਼੍ਰੋਮਣੀ ਨਾਵਲਕਾਰ ਸਃ ਬਲਦੇਵ ਸਿੰਘ ਨੇ ਇਸ ਮੌਕੇ ਕਿਹਾ ਕਿ ਹਰਜੀਤ ਸਿੰਘ ਸੰਧੂ ਨੇ ਰੱਤ ਭਿੱਜੇ ਜ਼ਖ਼ਮੀ ਪੋਟਪਆਂ ਨਾਲ ਅਸਲੋਂ ਨਿਵੇਕਲੀ ਕਲਾ ਵਿੱਚ ਸਿਖ਼ਰ ਹਾਸਲ ਕੀਤੀ ਹੈ ਜਿਸ ਦਾ ਕੋਈ ਸਾਨੀ ਨਹੀਂ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਵਿੱਚ ਸ਼ਾਇਦ ਉਹ ਇੱਕੋ ਇੱਕ ਕਲਾਕਾਰ ਹੋਵੇ ਜਿਸ ਨੇ ਇਸ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਕੀਤੀਆਂ ਹਨ।
ਪੰਜਾਬੀ ਲੇਖਕ ਤੇ ਉੱਘੇ ਪੱਤਰਕਾਰ ਸਤਿਨਾਮ ਸਿੰਘ ਮਾਣਕ ਨੇ ਸਃ ਬਲਦੇਵ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮੀਡੀਆ ਲਈ ਕੁਝ ਲਿਖ ਭੇਜਣ ਤਾਂ ਜੋ ਪੰਜਾਬੀਆਂ ਨੂੰ ਆਪਣੇ ਹੀਰੇ ਦੀ ਪਰਖ਼ ਹੋ ਸਕੇ।
ਕਹਾਣੀਕਾਰ ਸੁਖਜੀਤ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਡਾਃ ਲਖਵਿੰਦਰ ਸਿੰਘ ਜੌਹਲ ਨੂੰ ਅਪੀਲ ਕੀਤੀ ਕਿ ਸਃ ਸੰਧੂ ਨੂੰ ਪੰਜਾਬ ਸਰਕਾਰ ਵੱਲੋਂ ਵੀ ਸਨਮਾਨਿਤ ਕਰਵਾਉਣ ਲਈ ਯਤਨ ਕਰਨ।
ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਵੀ ਸਃ ਹਰਜੀਤ ਸਿੰਘ ਸੰਧੂ ਨੂੰ ਕਿਸੇ ਕਾਲਿਜ ਵਿੱਚ ਵਿਦਿਆਰਥੀਆਂ ਦੇ ਰੂ ਬ ਰੂ ਕਰਵਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾਃ ਸਿਮਰਜੀਤ ਸਿੰਘ ਕੰਗ ਨੇ ਕਿਹਾ ਕਿ ਉਹ ਹਰਿਆਣਾ ਵਿੱਚ ਨੇੜ ਭਵਿੱਖ ਅੰਦਰ ਸਃ ਹਰਜੀਤ ਸਿੰਘ ਸੰਧੂ ਨੂੰ ਉਥੇ ਵੱਸਦੇ ਪੰਜਾਬੀਆਂ ਦੇ ਸਨਮੁਖ ਜਾਣੂੰ ਕਰਵਾਉਣਗੇ ਤਾਂ ਜੋ ਉਨ੍ਹਾਂ ਦੀ ਕਲਾ ਸਾਧਨਾ ਤੋਂ ਨਵੀਂ ਪਨੀਰੀ ਪ੍ਰੇਰਨਾ ਲੈ ਸਕੇ।