ਸਹਿਜ ਵਗਦੇ ਦਰਿਆ ਵਰਗਾ ਸੀ ਸਾਡਾ ਕਹਾਣੀਕਾਰ ਮੋਹਨ ਭੰਡਾਰੀ - ਗੁਰਭਜਨ ਗਿੱਲ
ਪੁਰਾਣੇ ਸੰਗਰੂਰ ਤੇ ਹੁਣ ਵਾਲੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਨਭੌਰਾ ‘ਚ 14 ਫਰਵਰੀ 1937 ਨੂੰ ਪੈਦਾ ਹੋਏ ਉੱਚ ਦੋਮਾਲੜੇ ਕਹਾਣੀਕਾਰ ਮੋਹਨ ਭੰਡਾਰੀ ਦਾ ਚਲਾਣਾ ਸੁਣ ਕੇ ਧੱਕਾ ਜਿਹਾ ਲੱਗਾ। ਕਿੰਨੇ ਕੁ ਲਿਖਾਰੀ ਨੇ ਜੋ ਆਪਣੇ ਆਪਣੇ ਜਾਪਦੇ ਹੋਣ, ਮਿਲਣ ਵੇਲੇ ਵੀ ਤੇ ਸਿਰਜਣਾ ਚ ਵੀ। ਪਰ ਭੰਡਾਰੀ ਸਾਹਿਬ ਦੀ ਕੋਈ ਸਿੱਧ ਪੁੱਠ ਨਹੀਂ ਸੀ। ਦੋਹਾਂ ਬੰਨਿਆਂ ਤੋਂ ਇੱਕੋ ਜਹੇ। ਹਰ ਮੌਸਮ ਚ ਇੱਕੋ ਜਹੇ।
ਮਾਂ ਭਗਵਾਨ ਦੇਵੀ ਤੇ ਬਾਬਲ ਨੱਥੂ ਰਾਮ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਉਨ੍ਹਾਂ ਦੇ ਮੋਹਨ ਨੂੰ ਜੱਗ ਸਲਾਮਾਂ ਕਰੇਗਾ।
ਜੀਵਨ ਸਾਥਣ ਨਿਰਮਲਾ ਦੇਵੀ ਤੇ ਤਿੰਨ ਬੱਚਿਆਂ ਨੇ ਮੋਹਨ ਭੰਡਾਰੀ ਨੂੰ ਸਾਡੇ ਲਈ ਹੁਣ ਤੀਕ ਸਾਂਭ ਸਾਂਭ ਰੱਖਿਆ।
ਮੋਹਨ ਭੰਡਾਰੀ ਨਾਲ ਸ਼ਮਸ਼ੇਰ ਸਿੰਘ ਸੰਧੂ ਤੇ ਮੇਰੀ ਪਹਿਲੀ ਮੁਲਾਕਾਤ ਵੰਡੇ ਭਾਅ ਭੂਸ਼ਨ ਨੇ 1975 ਚ ਕਰਾਈ। ਭੂਸ਼ਨ ਤੇ ਮੋਹਨ ਭੰਡਾਰੀ ਦੋਹਾਂ ਦਾ ਦਫ਼ਤਰ ਸੈਕਟਰ 17 ਚੰਡੀਗੜ੍ਹ ਵਿੱਚ ਸੀ। ਅਸੀਂ ਜਦ ਕਦੇ ਭੂਸ਼ਨ ਭਾਅ ਨੂੰ ਮਿਲਣ ਜਾਂਦੇ ਤਾਂ ਹਰ ਵਾਰ ਨਵੇਂ ਤੋਂ ਨਵੇਂ ਲੇਖਕ ਨੂੰ ਮਿਲਦੇ। ਕਦੇ ਹਰਸਰਨ ਸਿੰਘ ਨਾਟਕਕਾਰ, ਕਦੇ ਦੇਵ ਭਾਰਦਵਾਜ, ਕਦੇ ਅਮਰ ਗਿਰੀ।
ਮੋਹਨ ਭੰਡਾਰੀ ਜੀ ਦਾ ਉਸ ਵੇਲੇ ਰਘੁਬੀਰ ਢੰਡ ਨਾਲ ਚੋਖਾ ਨੇੜ ਸੀ। ਉਹ ਜਦੋਂ ਵਲਾਇਤੋਂ ਆਉਂਦਾ ਤਾਂ ਟਿਕਾਣਾ ਰਘੁਬੀਰ ਸਿੰਘ ਸਿਰਜਣਾ, ਕੇਸਰ ਸਿੰਘ ਕੇਸਰ ਜਾਂ ਮੋਹਨ ਭੰਡਾਰੀ ਕੋਲ ਹੁੰਦਾ। ਜੋਗਾ ਸਿੰਘ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਚ ਡਿਪਟੀ ਡਾਇਰੈਕਟਰ ਬਣ ਕੇ ਆਉਣ ਨਾਲ ਮੋਹਨ ਭੰਡਾਰੀ ਜੀ ਦਾ ਸੰਗ ਸਾਥ ਜੋਗਾ ਸਿੰਘ ਨਾਲ ਵਾਹਵਾ ਗੂੜ੍ਹਾ ਹੋ ਗਿਆ।
ਭੂਸ਼ਨ ਨੇ ਇਸ ਸਨੇਹ ਪਿਆਰ ਬਾਰੇ ਟੋਟਕਾ ਲਿਖਿਆ।
ਤੇਰਾ ਮੇਰਾ ਪਿਆਰ ਜਿਵੇਂ ਜੋਗਾ ਤੇ ਭੰਡਾਰੀ ਦਾ।
ਯਾਰਾਂ ਕੋਲ ਬਹਿ ਕੇ ਐਵੇਂ ਝੂਠ ਨਹੀਂਉਂ ਮਾਰੀਦਾ।
ਪਹਿਲਾਂ ਰਘੁਬੀਰ ਢੰਡ ਦੁਨੀਆ ਤੋਂ ਚਲਾ ਗਿਆ। ਭੰਡਾਰੀ ਬੌਂਦਲ ਗਿਆ। ਜੋਗਾ ਸਿੰਘ ਗਿਆ ਤਾਂ ਭੰਡਾਰੀ ਤਿੜਕ ਗਿਆ। ਵੀਰ ਭੂਸ਼ਨ ਦੇ ਜਾਣ ਤੇ ਅੰਤਿਮ ਅਰਦਾਸ ਉਪਰੰਤ ਮੋਹਨ ਭੰਡਾਰੀ ਦੇ ਗਲ ਲੱਗ ਕੇ ਅਸੀਂ ਬਹੁਤ ਰੋਏ।
ਡਾਃ ਕੇਸਰ ਦੇ ਜਾਣ ਤੇ ਵੀ ਉਹ ਬੱਚਿਆਂ ਵਾਂਗ ਡੁਸਕਿਆ। ਮੇਰੀ ਪੋਟਲੀ ਚੋਂ ਹੀ ਹੀਰੇ ਕਿਰੀ ਜਾਂਦੇ ਨੇ, ਉਸ ਕਿਹਾ।
ਸਾਬਕਾ ਮੰਤਰੀ ਸਵਰਗੀ ਜਸਬੀਰ ਸਿੰਘ ਸੰਗਰੂਰ ਜਦ ਕਦੇ ਚੰਡੀਗੜ੍ਹ ਹੁੰਦਾ ਤਾਂ ਦੇਹਾਂ ਦੀਆਂ ਸ਼ਾਮਾਂ ਸਵੇਰਾਂ ਇਕੱਠੀਆਂ ਬੀਤਦੀਆਂ। ਜਸਬੀਰ ਵੀ ਤੁਰਿਆ ਤਾਂ ਦਰਦ ਗੂੜ੍ਹਾ ਹੋ ਗਿਆ।
2002 ਚ ਸਾਡੀ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਸਨ। ਸੁਰਜੀਤ ਪਾਤਰ ਦਾ ਮੁਕਾਬਲਾ ਦੀਪਕ ਮਨਮੋਹਨ ਸਿੰਘ ਨਾਲ ਸੀ ਤੇ ਮੇਰਾ ਜਗਜੀਤ ਸਿੰਘ ਆਨੰਦ ਜੀ ਨਾਲ। ਪੂਰੇ ਸਿੰਗ ਫਸੇ ਹੋਏ ਸਨ।
ਚੋਣਾਂ ਚ ਸਾਡੇ ਸੱਜਣ ਪਿਆਰੇ ਦੀਪਕ ਨਾਲ ਸਨ। ਖਿੱਚੋਤਾਣ ਸਿਖ਼ਰਾਂ ਤੇ ਸੀ।
ਮੋਹ ਭੰਡਾਰੀ ਤੇ ਜਸਬੀਰ ਸਿੰਘ ਦੋਵੇਂ
ਕੌਫ਼ੀ ਹਾਉਸ ਚੰਡੀਗੜ੍ਹ ਚ ਬੈਠੇ ਵਿਚਾਰ ਚਰਚਾ ਚ ਮਘਨ ਸਨ।
ਮੇਰਾ ਪੁੱਤਰ ਪੁਨੀਤ ਤੇ ਪਾਤਰ ਸਾਹਿਬ ਦਾ ਬੇਟਾ ਅੰਕੁਰ ਵੀ ਓਥੇ ਕੌਫੀ ਪੀਣ ਦਾਖਲ ਹੋਏ ਤਾਂ ਭੰਡਾਰੀ ਜੀ ਨੇ ਪੁਨੀਤ ਨੂੰ ਪਛਾਣ ਲਿਆ। ਉਸ ਨੇ ਅੰਕੁਰ ਬਾਰੇ ਦੋਹਾਂ ਨੂੰ ਦੱਸਿਆ ਕਿ ਇਹ ਪਾਤਰ ਅੰਕਲ ਦਾ ਬੇਟਾ ਹੈ।
ਭੰਡਾਰੀ ਸਾਹਿਬ ਨੇ ਦੋਹਾਂ ਨੂੰ ਪਿਆਰੀ ਮਿੱਠੀ ਡਾਂਟ ਮਾਰਦਿਆਂ ਕਿਹਾ, ਉਇ ਜਾ ਕੇ ਆਪਣੇ ਪਿਓਵਾਂ ਨੂੰ ਸਮਝਾਉ, ਸਾਡੇ ਲਈ ਪੰਗਾ ਪਾ ਦਿੱਤੈ। ਅਸੀਂ ਦੋਹਾਂ ਨੂੰ ਛੱਡਣ ਜੋਗੇ ਨਹੀਂ। ਉਹ ਨਹੀਂ ਤੁਹਾਡੇ ਵਾਂਗੂੰ ਇਕੱਠੇ ਬਹਿ ਸਕਦੇ। ਬੇਟਾ ਪੁਨੀਤ ਤੇ ਅੰਕੁਰ ਕੱਚੀ ਪੱਕੀ ਜਮਾਤ ਤੋਂ ਹੀ ਹੁਣ ਤੀਕ ਪੱਕੇ ਦੋਸਤ ਹਨ। ਕੌਫੀ ਹਾਊਸ ਚ ਦੋਹਾਂ ਪੁੱਤਰਾਂ ਨੂੰ ਉਸ ਕੌਫੀ ਵੀ ਪਿਆਈ ਤੇ ਦੁਲਾਰਿਆ।
ਸੁਰਜੀਤ ਪਾਤਰ ਤੇ ਮੈਂ ਦੋਵੇਂ ਜਿੱਤ ਗਏ। ਉਹ ਪ੍ਰਧਾਨ ਮੈਂ ਸੀਨੀਅਰ ਮੀਤ ਪ੍ਰਧਾਨ।
ਸਭ ਤੋਂ ਵੱਧ ਖ਼ੁਸ਼ੀ ਮੋਹਨ ਭੰਡਾਰੀ ਜੀ ਨੂੰ ਸੀ।
ਮੈਨੂੰ ਚੇਤੇ ਹੈ ਡਾਃ ਸ ਪ ਸਿੰਘ ਜੀ ਦੇ ਕਹਿਣ ਤੇ ਮੈ ਮੋਹਨ ਭੰਡਾਰੀ ਦੀਆਂ ਪਹਿਲੀਆਂ ਦੋ ਕਿਤਾਬਾਂ ਤਿਲਚੌਲੀ ਤੇ ਮਨੁੱਖ ਦੀ ਪੈੜ ਪੜ੍ਹੀਆਂ ਸਨ।
ਫਿਰ ਲੰਮਾ ਅੰਤਰਾਲ, ਵੱਡਾ ਵਕਫ਼ਾ।
1975 ਚ ਕਾਠ ਦੀ ਲੱਤ ਛਪੀ ਤਾਂ ਅਸੀਂ ਪੰਜਾਬੀ ਸਾਹਿੱਤ ਸਭਾ ਲੁਧਿਆਣਾ ਵੱਲੋਂ ਕਹਾਣੀ ਗੋਸ਼ਟੀ ਕਰਵਾਈ। ਭੰਡਾਰੀ ਸਾਹਿਬ ਪੁਰਦਮਨ ਸਿੰਘ ਬੇਦੀ ਨਾਲ ਮੀਟਿੰਗ ਚ ਆਏ।
ਪਛਾਣ, ਮੂਨ ਦੀ ਅੱਖ ਤੇ ਬਰਫ਼ ਲਿਤਾੜੇ ਰੁੱਖ ਮਗਰੋਂ ਛਪੀਆਂ। 1998 ਚ ਮੂਨ ਦੀ ਅੱਖ ਨੂੰ ਭਾਰਤੀ ਸਾਹਿੱਤ ਅਕਾਦਮੀ ਮਿਲਿਆ ਤਾਂ ਸਭ ਲੇਖਕਾਂ ਨੇ ਚਾਅ ਲਿਆ। ਇਹੀ ਕਿਹਾ ਕਿ ਅਕਾਦਮੀ ਨੇ ਇੱਜ਼ਤ ਪੱਤ ਬਚਾ ਲਈ, ਉਨ੍ਹਾਂ ਦਾ ਮਾਣ ਵਧਿਐ ਸਨਮਾਨ ਦੇ ਕੇ।
ਸਤੀਸ਼ ਗੁਲਘਾਟੀ ਤੇ ਰਾਜਿੰਦਰ ਬਿਮਲ ਨੇ ਚੇਤਨਾ ਪ੍ਰਕਾਸ਼ਨ ਸ਼ੁਰੂ ਕੀਤਾ ਤਾਂ ਪਹਿਲੇ ਸੈੱਟ ਵਿੱਚ ਮੇਹਣ ਭੰਡਾਰੀ ਦਾ ਕਹਾਣੀ ਸੰਗ੍ਰਹਿ ਤਣ ਪੱਤਣ ਛਾਪਿਆ। ਡਾਃ ਸਰਬਜੀਤ ਨੇ ਉਸ ਦੀਆਂ 12 ਚੋਣਵੀਆਂ ਕਹਾਣੀਆਂ ਦਾ ਸੰਪਾਦਨ ਕੀਤਾ।
ਚੇਤਨਾ ਵੱਲੋਂ ਉਸ ਦੀਆਂ ਸਮੁੱਚੀਆਂ 65 ਕਹਾਣੀਆਂ ਸਾਲ 2000 ਚ ਕਥਾ ਵਾਰਤਾ ਨਾਮ ਹੇਠ ਛਪੀਆਂ।
ਆਪਣੇ ਬੇਲੀ ਰਘੁਬੀਰ ਢੰਡ ਦਾ ਸਿਮਰਤੀ ਗਰੰਥ ਵੀ ਉਨ੍ਹਾਂ 1993 ਚ ਸੋਹਣ ਢੰਡ ਦੇ ਸਹਿਯੋਗ ਨਾਲ ਛਾਪਿਆ।
ਮੋਹਨ ਭੰਡਾਰੀ ਚੰਗੇ ਸੰਪਾਦਕ, ਕੁਸ਼ਲ ਅਨੁਵਾਦਕ ਤੇ ਗਹਿਰ ਗੰਭੀਰੇ ਪਾਠਕ ਸਨ। ਉਤਸ਼ਾਹ ਦਾ ਭਰਪੂਰ ਸੋਮਾ।
ਉਨ੍ਹਾਂ ਚੰਗੇਜ਼ ਆਈਤਮਤੋਵ ਦੇ ਨਾਵਲ ਜਮੀਲਾ ਤੋਂ ਇਲਾਵਾ ਸੁਬਰਾਮਨੀਅਮ ਭਾਰਤੀ, ਸਆਦਤ ਹਸਨ ਮੰਟੋ,ਰਾਜਿੰਦਰ ਸਿੰਘ ਬੇਦੀ ਤੇ ਮੁਣਸ਼ੀ ਪ੍ਰੇਮ ਚੰਦ ਦੀਆਂ ਮਹੱਤਵ ਪੂਰਨ ਲਿਖਤਾਂ ਦਾ ਵੀ ਅਨੁਵਾਦ ਕੀਤਾ।
ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਵੱਲੋਂ ਸਾਲ 2002 ਚ ਉਨ੍ਹਾਂ ਨੂੰ ਡਾਃ ਸੁਰਜੀਤ ਪਾਤਰ ਦੀ ਪ੍ਰਧਾਨਗੀ ਵੇਲੇ ਅਸੀਂ ਉਨ੍ਹਾਂ ਨੂੰ ਸਃ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦਿੱਤਾ ਤਾਂ ਉਹ ਬਹੁਤ ਖ਼ੂਬਸੂਰਤ ਬੋਲੇ।
ਮੋਹਨ ਭੰਡਾਰੀ ਨਾ ਕਦੇ ਉੱਛਲਦੇ ਸੀ ਨਾ ਕਦੇ ਪਛਤਾਉਂਦੇ। ਜਿਉਂ ਰਾਖਹਿ ਤਿਉਂ ਰਹੀਏ ਵਾਲਾ ਅੰਦਾਜ਼ ਸੀ।
ਪਿਛਲੇ ਦੋ ਢਾਈ ਸਾਲ ਤੋਂ ਉਹ ਸਰੀਰਕ ਰੂਪ ਚ ਬਹੁਤੇ ਸਹੀ ਨਹੀਂ ਸਨ ਚੱਲ ਰਹੇ। ਹੁਣ ਮਹੀਨੇ ਕੁ ਤੋਂ ਤਾਂ ਉਹ ਜ਼ਿਆਦਾ ਤੰਗ ਸਨ। ਭਾਬੀ ਸੁਰਿੰਦਰ ਭੂਸ਼ਨ ਨੇ ਭੰਡਾਰੀ ਜੀ ਦੇ ਘਰੋਂ ਪਰਤ ਕੇ ਦੱਸਿਐ।
ਮੋਹਨ ਭੰਡਾਰੀ ਜੀ ਦਾ ਕੱਲ੍ਹ ਚੰਡੀਗੜ੍ਹ ਚ ਅੰਤਿਮ ਸੰਸਕਾਰ ਹੈ। ਮੈਨੂੰ ਉਨ੍ਹਾਂ ਬਾਰੇ ਭੂਸ਼ਨ ਦਾ ਲਿਖਿਆ ਲੇਖ ਚੇਤੇ ਆ ਰਿਹੈ,ਮੋਹਨ ਭੰਡਾਰੀ ਇੱਕ ਪਿੰਡ ਦਾ ਨਾਂ ਹੈ।
ਸ਼ਿਵ ਕੁਮਾਰ ਨੇ ਕੁੱਲ ਚਾਰ ਬੰਦਿਆਂ ਦੇ ਵਾਰਤਕ ਚ ਰੇਖਾ ਚਿਤਰ ਲਿਖੇ ਸਨ, ਉਨ੍ਹਾਂ ਚੋਂ ਇੱਕ ਮੋਹਨ ਭੰਡਾਰੀ ਦਾ ਸੀ। ਇਸ ਵਿੱਚ ਕੁਝ ਜ਼ਾਤੀਗਤ ਗੱਲਾਂ ਕਾਰਨ ਮੋਹਨ ਭੰਡਾਰੀ ਜੀ ਨੂੰ ਉਹ ਲੇਖ ਕਦੇ ਵੀ ਚੰਗਾ ਨਹੀਂ ਲੱਗਿਆ।
ਸ਼ਿਵ ਕੁਮਾਰ ਬਾਰੇ ਜ਼ਰੂਰ ਮੋਹਨ ਭੰਡਾਰੀ ਜੀ ਨੇ ਕਿਤਾਬ ਸੰਪਾਦਿਤ ਕੀਤੀ। ਉਸ ਲਈ ਮੈਥੋਂ ਵੀ ਇੱਕ ਲੇਖ ਲਿਖਵਾਇਆ। ਇਵੇਂ ਹੀ ਰਾਜਿੰਦਰ ਸਿੰਘ ਬੇਦੀ ਤੇ ਮੰਟੋ ਬਾਰੇ ਵੀ ਕਿਤਾਬਾਂ ਸੰਪਾਦਿਤ ਕੀਤੀਆਂ। ਪੰਜਾਬ ਯੂਨੀਵਰਸਿਟੀ ਵਾਲੇ ਡਾਃ ਸਰਬਜੀਤ ਨੇ ਸਭ ਤੋਂ ਵੱਧ ਮੋਹਨ ਭੰਡਾਰੀ ਜੀ ਬਾਰੇ ਲਿਖਿਆ। ਉਸ ਦੀ ਉਦਾਸੀ ਦੀ ਹਾਥ ਪਾਉਣੀ ਮੁਹਾਲ ਹੈ।
ਮੋਹਨ ਭੰਡਾਰੀ ਜੀ ਦੇ ਭੋਲ਼ੇਪਨ ਬਾਰੇ ਅਨੇਕਾਂ ਕਿੱਸੇ ਹਵਾ ਚ ਤੈਰਦੇ ਰਹੇ ਉਹ ਹੱਸ ਛੱਡਦੇ। ਡਾਃ ਕੇਸਰ ਸਿੰਘ ਕੇਸਰ ਉਨ੍ਹਾਂ ਨੂੰ ਅਕਸਰ ਸਾਡਾ ਭੋਲ਼ਾ ਭੰਡਾਰੀ ਆਖਦੇ।
ਮੈਨੂੰ ਟੈਗੋਰ ਬਣਾ ਦੇ ਮਾਂ ਵਰਗੀ ਸੋਲਾਂ ਕਲਾਂ ਸੰਪੂਰਨ ਕਹਾਣੀ ਲਿਖਣ ਵਾਲੇ ਵੱਡੇ ਵੀਰ ਨੂੰ ਸਲਾਮ!