ਪਟਿਆਲਾ, 14 ਅਪ੍ਰੈਲ 2021 - ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲਿਖਾਰੀ,ਸੰਪਾਦਕ ਅਤੇ ਪ੍ਰੋਫ਼ੈਸਰ ਮੁਹੰਮਦ ਮੁਹੰਮਦ ਜੁਨੈਦ ਅਕਰਮ ਅੱਜ ਲਾਹੌਰ ਦੇ ਇਕ ਹਸਪਤਾਲ ਵਿਖੇ ਵਫ਼ਾਤ ਪਾ ਗਏ ਹਨ, ਜਿੱਥੇ ਉਹ ਪਿਛਲੇ ਕਈ ਦਿਨਾਂ ਤੇਂ ਜ਼ੇਰ ਇ ਇਲਾਜ਼ ਸਨ। ਉਹਨਾਂ ਦੀ ਵਫ਼ਾਤ ਨੂੰ ਪੰਜਾਬੀ ਮਾਂ ਬੋਲੀ ਲਈ ਘਾਟਾ ਕਰਾਰ ਦਿੰਦਿਆਂ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਦੱਸਿਆ ਕਿ ਪ੍ਰੋਫ਼ੈਸਰ ਮੁਹੰਮਦ ਜੁਨੈਦ ਅਕਰਮ ਦੀ ਸਿਹਤ ਪਿਛਲੇ ਕਾਫੀ ਅਰਸੇ ਤੋਂ ਨਾਸਾਜ਼ ਸੀ ਪਰੰਤੂ ਇਸ ਦੇ ਬਾਵਜੂਦ ਵੀ ਉਹ ਪੰਜਾਬੀ ਮਾਂ ਬੋਲੀ ਅਤੇ ਸਾਹਿਤਕ ਪੱਤਰਕਾਰੀ ਰਾਹੀਂ ਲਹਿੰਦੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਅਦਬ ਨਾਲ ਜੋੜ ਕੇ ਰੱਖਿਆ ਹੋਇਆ ਸੀ।
ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਫ਼ਕੀਰ ਮੁਹੰਮਦ ਫ਼ਕੀਰ ਉਹਨਾਂ ਦੇ ਨਾਨਾ ਜੀ ਸਨ।ਉਹ 1947 ਤੋਂ ਪਹਿਲਾਂ ਪਟਿਆਲਾ ਰਹਿੰਦੇ ਸਨ ਜਿਨ੍ਹਾਂ ਦੇ ਪੰਜਾਬੀ ਭਾਸ਼ਾ ਅਤੇ ਸ਼ਾਇਰੀ ਪ੍ਰਤੀ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਪੁਰਸਕਾਰ ਨਾਲ ਨਿਵਾਜ਼ਿਆ ਸੀ। ਡਾ. ਫ਼ਕੀਰ ਮੁਹੰਮਦ ਫ਼ਕੀਰ ਦੇ ਚਲਾਣੇ ਤੋਂ ਬਾਅਦ ਪ੍ਰੋਫ਼ੈਸਰ ਅਕਰਮ ਨੇ ਆਪਣੇ ਨਾਨਾ ਜੀ ਵੱਲੋਂ ਲਹਿੰਦੇ ਪੰਜਾਬ ਵਿਚ ਸ਼ੁਰੂ ਕੀਤੇ ਪਹਿਲੇ ਪੰਜਾਬੀ ਰਸਾਲੇ ਮਹੀਨਾਵਾਰ 'ਪੰਜਾਬੀ', ਜੋ 1960 ਵਿਚ ਬੰਦ ਹੋ ਗਿਆ ਸੀ, ਨੂੰ ਮੁੜ 1992 ਵਿਚ ਨਿਰੰਤਰ ਛਾਪਣਾ ਸ਼ੁਰੂ ਕੀਤਾ ਜਿਸ ਵਿਚ ਸ਼ਾਹਮੁਖੀ ਦੇ ਨਾਲ ਨਾਲ ਗੁਰਮੁਖੀ ਲਿਪੀ ਵਿਚ ਵੀ ਪੰਨੇ ਛਾਪੇ ਜਾਂਦੇ ਸਨ।
ਡਾ. 'ਆਸ਼ਟ' ਨੇ ਹੋਰ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪ੍ਰੋਫ਼ੈਸਰ ਅਕਰਮ ਲਹਿੰਦੇ ਪੰਜਾਬ ਦੀ ਪ੍ਰਸਿੱਧ ਪੰਜਾਬੀ ਸੰਸਥਾ 'ਬਜ਼ਮ ਇ ਫ਼ਕੀਰ' ਦੇ ਮੌਜੂਦਾ ਪ੍ਰਧਾਨ ਸਨ ਅਕਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਚੰਡੀਗੜ੍ਹ ਵਿਖੇ ਪੰਜਾਬੀ ਕਾਨਫ਼ਰੰਸਾਂ ਵਿਚ ਆਉਂਦੇ ਸਨ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕਾਰਜਸ਼ੀਲ ਰਹਿੰਦੇ ਸਨ।ਉਹਨਾਂ ਨੇ ਕਈ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਵਿ ਸੰਗ੍ਰਹਿ 'ਪੱਤਣ ਝਨਾਂ ਦਾ' ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪ੍ਰਸਿੱਧੀ ਮਿਲੀ।