ਚੰਡੀਗੜ੍ਹ, 27 ਅਕਤੂਬਰ 2020 - ਸੇਵਾਮੁਕਤ ਆਈ.ਏ.ਐਸ ਆਫੀਸਰਜ ਐਸੋਸੀਏਸ਼ਨ ਵਲੋਂ ਸੇਵਾ ਮੁਕਤ ਆਈ.ਏ.ਐਸ ਅਧਿਕਾਰੀ ਸ੍ਰੀ ਸੀ.ਐਲ. ਬੈਂਸ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਅੱਜ ਇੱਥੋਂ ਜਾਰੀ ਬਿਆਨ ਵਿਚ ਸੇਵਾਮੁਕਤ ਆਈ.ਏ.ਐਸ ਆਫੀਸਰ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਵਰਚੁਅਲ ਮੀਟਿੰਗ ਦੌਰਾਨ ਸ੍ਰੀ ਸੀ.ਐਲ ਬੈਂਸ ਦੇ ਦਿਹਾਂਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਇਸ ਦੁਖ ਦੀ ਘੜੀ ਵਿਚ ਪੂਰੀ ਤਰਾਂ ਨਾਲ ਸ੍ਰੀ ਚਮਨ ਲਾਲ ਦੇ ਪਰਿਵਾਰ ਨਾਲ ਖੜਨ ਦਾ ਭਰੋਸਾ ਜਤਾਇਆ।ਐਸੋਸੀਏਸ਼ਨ ਵਲੌਂ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਪ੍ਰਮਾਤਮਾਂ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਬੁਲਾਰੇ ਨੇ ਚਮਨ ਬੈਂਸ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਬੈਂਸ ਸਾਲ 1965 ਵਿਚ ਇੰਡੀਅਨ ਪੁਲਿਸ ਸਰਵਿਸ ਵਿਚ ਭਰਤੀ ਹੋਏ ਸਨ ਅਤੇ ਇਸ ਉਪਰੰਤ ਉਹ 1966 ਵਿਚ ਪੰਜਾਬ ਵਿਚ ਆਈ.ਏ.ਐੱਸ. ਅਧਿਕਾਰੀ ਬਣੇ। ਉਨ੍ਹਾਂ ਦੱਸਿਆ ਬੈਂਸ ਆਪਣੇ ਚੜ੍ਹਦੀ ਕਲਾ ਵਾਲੇ ਸੁਭਾਅ, ਇਮਾਨਦਾਰੀ, ਨਿਡਰਤਾ ਅਤੇ ਹਾਜ਼ਰਜਵਾਬੀ ਲਈ ਜਾਣੇ ਜਾਂਦੇ ਸਨ।ਸ੍ਰੀ ਬੈਂਸ ਹਮੇਸ਼ਾ ਦ੍ਰਿੜਤਾ ਨਾਲ ਇਮਾਨਦਾਰ ਅਫਸਰਾਂ ਦੇ ਪੱਖ ਵਿੱਚ ਖੜ੍ਹੇ ਰਹੇ ਅਤੇ ਹਮੇਸ਼ਾ ਆਪਣੇ ਸਿਧਾਂਤਾਂ `ਤੇ ਕਾਇਮ ਰਹੇ। ਉਹ ਆਪਣੇ ਸੀਨੀਅਰ ਤੇ ਜੂਨੀਅਰਾਂ ਅਫਸਰਾਂ ਅਤੇ ਮੁਲਾਜ਼ਮਾ ਨੂੰ ਪੂਰਾ ਸਤਿਕਾਰ ਦਿੰਦੇ ਸਨ।
ਉਹ ਇਕ ਤੰਦਰੁਸਤੀ ਪਸੰਦ ਵਿਅਕਤੀ ਸਨ, ਪਰ ਇਹ ਦੁਖ ਦੀ ਗੱਲ ਹੈ ਕਿ ਅਖੀਰ ਵਿਚ ਬਿਮਾਰੀ ਕਰਕੇ ਉਹ ਜਿੰਦਗੀ ਦੀ ਜੰਗ ਹਾਰ ਗਏ। ਉਹਨਾਂ ਦੇ ਜ਼ਿੰਦਾਦਿੱਲ ਅਤੇ ਮਿਲਾਪੜੇ ਸੁਭਾਅ ਕਰਕੇ ਉਹਨਾਂ ਦੇ ਸਾਥੀ ਅਤੇ ਦੋਸਤ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਗੇ।