ਐਲ ਐਸ ਸਪੀਕਰ ਨੇ ਦਰਦੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ 'ਤੇ ਵਧਾਈ ਦਿੱਤੀ
ਨਵੀਂ ਦਿੱਲੀ, 1 ਮਾਰਚ 2022 - ਲੋਕ ਸਭਾ ਸਪੀਕਰ ਓਮ ਬਿਰਲਾ ਨੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ 'ਪਦਮ ਸ਼੍ਰੀ' ਸਨਮਾਨ ਮਿਲਣ 'ਤੇ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਇਸ ਸਨਮਾਨ ਨਾਲ ਪਾਰਲੀਮੈਂਟ 'ਚ ਸੇਵਾਵਾਂ ਨਿਭਾਉਣ ਵਾਲੇ ਸੰਪਾਦਕਾਂ ਤੇ ਪੱਤਰਕਾਰਾਂ ਦੇ ਸਨਮਾਨ ਵਿੱਚ ਵਾਧਾ ਹੋਇਆ ਹੈ।
ਬਿਰਲਾ ਨੇ ਇਹ ਵਿਚਾਰ ਅੱਜ ਇੱਥੇ ਜਗਜੀਤ ਸਿੰਘ ਦਰਦੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ।ਉਨ੍ਹਾਂ ਹੋਰ ਕਿਹਾ ਕਿ ਸ. ਜਗਜੀਤ ਸਿੰਘ ਦਰਦੀ ਲੋਕ ਸਭਾ ਦੀ ਕਵਰੇਜ਼ ਕਰਨ ਵਾਲੇ ਅਜਿਹੇ ਵਿਰਲੇ ਪੱਤਰਕਾਰ ਹਨ ਜਿੰਨ੍ਹਾਂ 1996 ਤੋਂ ਲਗਾਤਾਰ 26 ਸਾਲ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਵਿਸ਼ੇਸ਼ ਸਥਾਨ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਸ. ਦਰਦੀ ਲੋਕ ਸਭਾ ਦੀ ਪ੍ਰੈੱਸ ਐਡਵਾਈਜ਼ਰੀ ਕਮੇਟੀ ਦੇ 1998 'ਚ ਮੈਂਬਰ ਬਣੇ ਤੇ ਉਦੋਂ ਤੋਂ ਹੀ ਪੱਤਰਕਾਰਾਂ ਦੀ ਭਲਾਈ ਲਈ ਤੇ ਮੀਡੀਆ 'ਚ ਲੋਕ ਸਭਾ ਦੀ ਕਾਰਵਾਈ ਦੀ ਕਵਰੇਜ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ।ਆਪ ਨੇ ਇਹ ਵੀ ਕਿਹਾ ਹੈ ਕਿ ਪ੍ਰੈੱਸ ਅਤੇ ਲੈਜਿਸਲੇਚਰ ਵਿਚਾਲੇ ਸੁਖਾਵੇਂ ਸੰਬੰਧਾਂ ਲਈ ਸ. ਦਰਦੀ ਨੇ ਇਮਾਨਦਾਰੀ ਨਾਲ ਮਿਹਨਤ ਕਰਕੇ ਸ਼ਾਨਦਾਰ ਇਤਿਹਾਸ ਸਿਰਜਿਆ ਹੈ।ਉਨ੍ਹਾਂ ਸ. ਦਰਦੀ ਨੂੰ 'ਪਦਮ ਸ਼੍ਰੀ' ਸਨਮਾਨ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਸ. ਦਰਦੀ ਦੇ ਰੌਸ਼ਨ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ।ਇਸ ਮੌਕੇ ਸ. ਦਰਦੀ ਨੇ ਓਮ ਬਿਰਲਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਲੋਕ ਸਭਾ ਸੈਸ਼ਨਾਂ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੀ ਵਿਲੱਖਣ ਸਮਰਥਾ ਦੀ ਸ਼ਲਾਘਾ ਕੀਤੀ।