ਲੋਕ ਨਾਚਾਂ ਦੇ ਸ਼ਾਹ ਅਸਵਾਰ, ਸਾਫ਼ ਸੁਥਰੀ ਗਾਇਕੀ ਦੇ ਵਾਰਸ ਪੰੰਮੀ ਬਾਈ ਨੂੰ ਜਨਮ ਦਿਨ ਦੀਆਂ ਮੁਬਾਰਕਾਂ !
ਸਭ ਤੋਂ ਵੱਡਾ ਗੁਣ ਬਾਈ ਦਾ ਇਹ ਹੈ ਕਿ ਉਹ ਪੜ੍ਹਿਆ-ਲਿਖਿਆ, ਸੁਲਝਿਆ,ਸਾਹਿਤ-ਸਭਿਆਚਾਰ ਨਾਲ ਗੜੁੱਚ ਕਲਾਕਾਰ ਹੈ ਜਿਸ ਨੂੰ ਹਰ ਫ਼ੀਲਡ ਦਾ ਗਿਆਨ ਹੈ
ਨਵਦੀਪ ਸਿੰਘ ਗਿੱਲ
ਜਖੇਪਲ ਦੇ ਜੰਮੇ ਜਾਏ ਪਟਿਆਲਾ ਜਾ ਕੇ ਵਸੇ ਬਾਈ ਜੀ ਸਕੂਲ ਦੇ ਦਿਨਾਂ ਤੋਂ ਹੀ ਸਾਡੇ ਲਈ ਭੰਗੜੇ ਦੇ ਆਦਰਸ਼ ਸਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਨੂੰ ਜਦੋਂ ਬੀਨੂੰ ਢਿੱਲੋਂ ਤੇ ਬਲਕਰਨ ਬਰਾੜ ਨੇ ਰਿਹਰਸਲਾਂ ਕਰਵਾਉਣੀਆਂ ਤਾਂ ਸਾਨੂੰ ਦੋਵੇਂ ਉਸਤਾਦ ਥਾਣੇਦਾਰ ਜਾਪਦੇ ਸਨ, ਬਾਈ ਤਜਿੰਦਰ ਚਹਿਲ (ਜੋ ਹੁਣ ਸਾਡੇ ਵਿੱਚ ਨਹੀਂ ਰਹੇ) ਐਸ ਐਸ ਪੀ ਤੋਂ ਘੱਟ ਨਹੀਂ ਜਾਪਦਾ ਸੀ। ਜੇ ਕਿਤੇ ਪੰਮੀ ਬਾਈ ਨੇ ਸਟੂਡੈਂਟ ਹੋਮ ਵਿਖੇ ਰਿਹਰਸਲਾਂ ਦੇਖਣ ਆ ਜਾਣਾ ਤਾਂ ਬਾਈ ਨੂੰ ਭੰਗੜੇ ਵਾਲਿਆਂ ਦਾ ਡੀ ਜੀ ਪੀ ਦਾ ਦਰਜਾ ਮਿਲਦਾ। ਬਾਈ ਨੂੰ ਦੇਖ-ਦੇਖ ਭੰਗੜਾ ਸਿੱਖਿਆ ਅਤੇ ਫੇਰ ਜਦੋਂ ਖ਼ੁਦ ਭੰਗੜਾ ਪਾਉਣ ਲੱਗੇ ਤਾਂ ਬਾਈ ਮੂਹਰੇ ਜੱਜਮੈਂਟ ਉੱਤੇ ਬੈਠਾ ਹੁੰਦਾ।ਗਾਇਕੀ ਵਿੱਚ ਵੀ ਬਾਈ ਨੇ ਸਿਰਾ ਕੀਤਾ। ਅਣਖੀ ਸ਼ੇਰਾਂ ਤੋਂ ਲੈ ਕੇ ਮਾਝੇ ਮਾਲਵੇ ਦੋਆਬੇ ਦੀਆਂ ਬੋਲੀਆਂ, ਨੱਚ ਨੱਚ ਪਾਉਣੀ ਧਮਾਲ, ਜੱਟ ਦੀ ਡਾਂਗ, ਜੱਟ ਪੰਜਾਬੀ ਦੋਸਤੋ, ਢੋਲ ਤੇ ਧਮਾਲਾਂ, ਹੀਰ ਸਮੇਤ ਅਨੇਕਾਂ ਕੈਸੇਟਾਂ-ਗੀਤ ਬਾਈ ਨੇ ਸਾਡੀ ਝੋਲੀ ਪਾਏ।ਕਰਜ਼ੇ ਚ ਡੁੱਬਦੀ ਕਿਸਾਨੀ ਨੂੰ ਹਲੂਣਾ ਦਿੱਤਾ।
ਸਭ ਤੋਂ ਵੱਡਾ ਗੁਣ ਬਾਈ ਦਾ ਇਹ ਹੈ ਕਿ ਉਹ ਪੜ੍ਹਿਆ-ਲਿਖਿਆ, ਸੁਲਝਿਆ,ਸਾਹਿਤ-ਸਭਿਆਚਾਰ ਨਾਲ ਗੜੁੱਚ ਕਲਾਕਾਰ ਹੈ ਜਿਸ ਨੂੰ ਹਰ ਫ਼ੀਲਡ ਦਾ ਗਿਆਨ ਹੈ।ਬਾਰੀ ਹਰ ਇਕ ਬਾਰੇ ਪੜ੍ਹਦਾ ਹੈ। ਉਸ ਦੀ ਜਾਣਕਾਰੀ ਅਤੇ ਜਾਣ-ਪਛਾਣ ਦਾ ਘੇਰਾ ਵਿਸ਼ਾਲ ਹੈ। ਯਮਲਾ ਜੱਟ, ਸੁਰਿੰਦਰ ਕੌਰ, ਅਕਰਮ ਰਾਹੀ ਤੋਂ ਲੈ ਕੇ ਅੱਜ ਦੀ ਗਾਇਕੀ ਦਾ ਹਰ ਦੌਰ, ਉਸਤਾਦ ਭਾਨਾ ਰਾਮ, ਮੰਗਲ ਸੁਨਾਮੀ ਤੇ ਦੀਪਕ ਭਰਾਵਾਂ ਦੀ ਲੋਕ ਨਾਚਾਂ ਨੂੰ ਦੇਣ, ਸ਼ੈਕਸਪੀਅਰ ਤੋਂ ਸੁਰਜੀਤ ਪਾਤਰ, ਰਸੂਲ ਹਮਜ਼ਾਤੋਵ ਤੋਂ ਪ੍ਰਿ ਸਰਵਣ ਸਿੰਘ ਤੇ ਜਸਵੰਤ ਕੰਵਲ, ਬਾਪੂ ਜੱਸੋਵਾਲ ਤੇ ਕਰਨੈਲ ਪਾਰਸ ਤੋਂ ਪ੍ਰੋ ਗੁਰਭਜਨ ਗਿੱਲ ਦੀਆਂ ਲਿਖਤਾਂ, ਭੀਮ ਸੈਨ ਸੱਚਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਮੰਤਰੀਆਂ ਦੇ ਮਹਿਕਮੇ, ਡਾ ਬਰਜਿੰਦਰ ਹਮਦਰਦ ਤੋਂ ਸਿੱਧੂ ਦਮਦਮੀ ਤੇ ਵਰਿੰਦਰ ਵਾਲੀਆ ਦੀਆਂ ਸੰਪਾਦਕੀਆਂ, ਬਾਬੂਸ਼ਾਹੀਡਾਟਕਾਮ ਉੱਪਰ ਬਲਜੀਤ ਬੱਲੀ ਤੋਂ ਲੈ ਕੇ ਯੈਸਪੰਜਾਬਡਾਟਕਾਮ ਉੱਪਰ ਐਚ ਐਸ ਬਾਵਾ ਦੇ ਅਲਰਟ, ਪ੍ਰਭਜੋਤ ਸਿੰਘ, ਸਰਬਜੀਤ ਧਾਲੀਵਾਲ ਤੋਂ ਦਵਿੰਦਰ ਪਾਲ ਤੱਕ ਦੀਆਂ ਕਰਾਰੀਆਂ ਲਿਖਤਾਂ, ਸਰਦਾਰਾ ਸਿੰਘ ਜੌਹਲ ਤੋਂ ਡਾ ਜਸਪਾਲ ਸਿੰਘ ਤੇ ਪ੍ਰੋ ਬੀ ਐਸ ਘੁੰਮਣ ਤੱਕ ਦੀਆਂ ਵੀਸੀਸ਼ਿਪਾਂ ਦੌਰਾਨ ਲਏ ਵੱਡੇ ਫ਼ੈਸਲੇ, ਧਿਆਨ ਚੰਦ-ਬਲਬੀਰ ਸੀਨੀਅਰ, ਪਰਗਟ ਸਿੰਘ ਤੋਂ ਲੈ ਕੇ ਸਰਦਾਰ ਸਿੰਘ-ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਖੇਡੀਆਂ ਹੁਣ ਤੱਕ ਦੀਆਂ ਸਾਰੀਆਂ ਹਾਕੀ ਟੀਮਾਂ ਅਤੇ ਉਨ੍ਹਾਂ ਦੇ ਖਿਡਾਰੀਆਂ ਦੀਆਂ ਸਾਈਡਾਂ ਅਤੇ ਹਰ ਖਿਡਾਰੀ ਦੀ ਖ਼ੂਬੀ ਤੇ ਕਮੀ ਕੀ ਹੈ। ਸਭ ਕੁਝ ਉਸ ਦੇ ਦਾਇਰੇ ਵਿੱਚ ਆਉਂਦਾ ਹੈ।*
*ਪੂਰੇ ਜੱਗ ਜਹਾਨ ਦੀ ਖ਼ਬਰ ਰੱਖਣ ਵਾਲਾ ਬਾਈ ਕਿਤੇ ਵੀ ਹੋਵੇ ਭਾਰਤ ਦੀ ਹਾਕੀ ਦਾ ਮੈਚ ਦੇਖਣਾ ਨਹੀਂ ਭੁੱਲਦਾ ਅਤੇ ਫੇਰ ਮੈਚ ਖ਼ਤਮ ਹੋਣ ਉੱਤੇ ਬਾਈ ਨੇ ਗੱਲ ਕਰਨੀ। ਜਿੱਤਣ ਉੱਤੇ ਉਤਸ਼ਾਹ ਚ ਲਬਰੇਜ਼ ਅਤੇ ਹਾਰਨ ਉੱਤੇ ਖ਼ਾਸ ਕਰ ਕੇ ਮਲੇਸ਼ੀਅਨ ਟੀਮ ਤੋ ਹਾਰ ਉੱਪਰ ਬਾਈ ਦਾ ਹੌਸਲਾ ਪਸਤ ਹੋਇਆਂ ਹੁੰਦਾ।ਬਾਈ ਦੀ ਸਾਡੇ ਵਾਂਗ ਇੱਕੋ ਇੱਛਾ ਹੈ ਕਿ ਭਾਰਤ ਇਕ ਦਿਨ ਹਾਕੀ ਚ ਵਿਸ਼ਵ ਕੱਪ ਜਾਂ ਓਲੰਪਿਕਸ ਦਾ ਤਮਗ਼ਾ ਜਿੱਤੇ।*
*ਸਹੀ ਮਾਅਨਿਆਂ ਚ ਫਿਟਨੈੱਸ ਦਾ ਦੂਤ ਹੈ ਸਾਡਾ ਬਾਈ। ਵਧਦੀ ਉਮਰ ਨਾਲ ਜਵਾਨੀ ਹੋਰ ਚੜ੍ਹ ਰਹੀ ਹੈ। ਫ਼ਿਲਮ ਦਾਰਾ ਰਾਹੀਂ ਆਪਣੀ ਅਭਿਨੈ ਦਾ ਰੰਗ ਵੀ ਦਿਖਾ ਗਿਆ। ਕਿਤਾਬਾਂ ਨਾਲ ਉਸ ਨੂੰ ਬਹੁਤ ਪਿਆਰ ਹੈ। ਇਸੇ ਲਈ ਜਖੇਪਲ ਵਿਖੇ ਆਪਣੇ ਸਵਰਗੀ ਬਾਪੂ ਪ੍ਰਤਾਪ ਸਿੰਘ ਬਾਗ਼ੀ ਦੀ ਯਾਦ ਵਿੱਚ ਲਾਇਬਰੇਰੀ ਬਣਾਈ ਹੈ।ਜ਼ਿੰਦਗੀ ਜਿਊਣ ਦਾ ਸਲੀਕਾ ਸਿੱਖਣਾ ਹੋਵੇ ਤਾਂ ਕੋਈ ਪੰਮੀ ਬਾਈ ਤੋਂ ਸਿੱਖੇ। ਪੰਮੀ ਬਾਈ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਇਸੇ ਤਰ੍ਹਾਂ ਜ਼ਿੰਦਾ-ਦਿਲ ਇਨਸਾਨ ਸਾਡਾ ਬਾਈ ਨੱਚਦਾ-ਨਚਾਉਂਦਾ, ਖ਼ੁਸ਼ੀਆਂ-ਖੇੜੇ ਵੰਡਦਾ ਰਹੇ।