ਚੰਡੀਗੜ੍ਹ, 21 ਮਈ 2021: ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਘੇ ਰੰਗਕਰਮੀ,ਅਦਾਕਾਰ ਤੇ ਨਿਰਦੇਸ਼ਕ ਗੁਰਚਰਨ ਸਿੰਘ ਚੰਨੀ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ ਪਾਤਰ ਨੇ ਆਖਿਆ ਕਿ ਸ੍ਰੀ ਚੰਨੀ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਸਾਥੋਂ ਹਮੇਸ਼ਾ ਵਾਸਤੇ ਵਖ ਕਰ ਦਿਤਾ ਹੈ ਪਰ ਗੁਰਚਰਨ ਚੰਨੀ ਆਪਣੇ ਕਲਾਮਈ ਕਾਰਜਾਂ ਸਦਕਾ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ। ਪੰਜਾਬ ਕਲਾ ਪਰਿਸ਼ਦ ਉਨਾ ਦੇ ਪਰਿਵਾਰ ਨਾਲ ਇਸ ਮੌਕੇ ਦੁਖ ਵਿਚ ਸ਼ਰੀਕ ਹੈ।
ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਸ੍ਰ ਚੰਨੀ ਪੰਜਾਬ ਯੂਨੀਵਰਸਿਟੀ ਵਿਚ ਥਿਏਟਰ ਵਿਭਾਗ ਤੋਂ ਪੜਾਈ ਕਰਕੇ ਕਲਾ ਖੇਤਰ ਵਿਚ ਉਤਰੇ ਸਨ ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਵੀ ਰਹੇ ਤੇ ਉਹ ਪੂਰਨ ਰੂਪ ਵਿਚ ਕਲਾ ਨੂੰ ਸਮਰਪਿਤ ਹਸਤੀ ਸਨ।
ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਗੁਰਚਰਨ ਸਿੰਘ ਚੰਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਚੰਨੀ ਜੀ ਨੂੰ ਉਨਾ ਦੇ ਨੁੱਕੜ ਨਾਟਕ ਵਾਸਤੇ ਭਾਰਤੀ ਸੰਗੀਤ ਨਾਟਕ ਅਕਾਦਮੀ ਦਾ ਕੌਮੀ ਪੁਰਸਕਾਰ ਮਿਲਣਾ ਬੜੇ ਮਾਣ ਵਾਲੀ ਗੱਲ ਸੀ। ਆਪ ਨੇ ਦਫਾ-144, ਜਿੰਦਗੀ ਰਿਟਾਇਰ ਨਹੀਂ ਹੋਤੀ, ਸਮੇਤ ਕਈ ਹੋਰ ਨਾਟਕ ਖੇਡੇ ਤੇ ਖਿਡਾਏ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਡਾ ਕੇਵਲ ਧਾਲੀਵਾਲ ਨੇ ਆਖਿਆ ਕਿ ਚੰਨੀ ਜੀ ਦੇ ਚਲਾਣੇ ਨਾਲ ਨਾਟਕ ਜਗਤ ਵਿਚ ਖਲਾਅ ਪੈਦਾ ਹੋ ਗਿਆ ਹੈ, ਜੋ ਪੂਰਾ ਹੋਣਾ ਔਖਾ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦਸਿਆ ਕਿ ਸ੍ਰ ਚੰਨੀ ਦੀ ਪਤਨੀ ਹਰਲੀਨ ਕੋਹਲੀ ਵੀ ਕਰੋਨਾ ਪੀੜਤ ਹਨ ਤੇ ਇਲਾਜ ਅਧੀਨ ਹਨ। ਕਲਾ ਪਰਿਸ਼ਦ ਉਨਾ ਦੀ ਸਿਹਤਯਾਬੀ ਲਈ ਕਾਮਨਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।