ਲੁਧਿਆਣਾ, 23 ਅਕਤੂਬਰ 2020 - ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਉੱਘੇ ਗਾਇਕ ਕੇ ਦੀਪ ਦੇ ਦਿਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕੇ ਦੀਪ ਇਕ ਵਧੀਆ ਕਲਾਕਾਰ ਹੋਣ ਦੇ ਨਾਲ ਨਾਲ ਮਿਲਾਪੜਾ ਮਨੁੱਖ ਵੀ ਸੀ ਤੇ ਉਸਨੇ ਆਪਣੀ ਸਾਰੀ ਉਮਰ ਕਲਾ ਦੇ ਲੇਖੇ ਲਾ ਦਿੱਤੀ। ਡਾ. ਪਾਤਰ ਨੇ ਕੇ ਦੀਪ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਕੇ ਦੀਪ ਦੇ ਵਿਛੋੜੇ ਨਾਲ ਪੰਜਾਬੀ ਕਲਾ ਜਗਤ ਨੂੰ ਨਾ ਪੂਰਿਆਂ ਜਾਣ ਵਾਲਾ ਘਾਟਾ ਪੈ ਗਿਆ ਹੈ। ਉਨ੍ਹਾਂ ਕੇ ਦੀਪ ਦੇ ਨਾਲ ਉਨਾ ਦੀ ਪਤਨੀ ਜਗਮੋਹਨ ਕੌਰ ਵੱਲੋਂ ਸੰਗੀਤ ਵਿਚ ਪਾਏ ਯੋਗਦਾਨ ਦੀ ਵੀ ਸਲਾਹੁਤਾ ਕੀਤੀ। ਡਾ ਪਾਤਰ ਨੇ ਆਖਿਆ ਕਿ ਕੇ ਦੀਪ ਸੰਗੀਤਕ ਮਹਿਫਲਾਂ ਦੇ ਸ਼ਿੰਗਾਰ ਸਨ ਤੇ ਦੇਸ਼ ਦੁਨੀਆਂ ਵਿਚ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਸਨ।
ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਕਾਰਜ ਕਰ ਰਹੀ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪਰਧਾਨ ਤੇ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਆਖਿਆ ਕਿ ਕੇ ਦੀਪ ਸਾਡੇ ਚੇਤਿਆਂ ਚੋਂ ਕਦੀ ਮਨਫੀ ਨਹੀ ਹੋਣਗੇ। ਉਨ੍ਹਾਂ ਕਿਹਾ ਕਿ ਕੇ ਦੀਪ ਤੇ ਜਗਮੋਹਨ ਕੌਰ ਦੇ ਰਲ ਕੇ ਗਾਏ ਦੋਗਾਣੇ ਵੀ ਯਾਦ ਰੱਖਣਯੋਗ ਹਨ।
ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਕੇ ਦੀਪ ਦੀ ਸ਼ਖਸੀਅਤ ਬੜੀ ਪਿਆਰੀ ਸੀ ਤੇ ਉਹ ਲੰਬਾ ਸਮਾਂ ਪੰਜਾਬੀਆਂ ਦੇ ਮਨਾਂ ਉੱਤੇ ਰਾਜ ਕਰਦੇ ਰਹੇ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਕੇ ਦੀਪ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਆਖਿਆ ਕਿ ਉਹ ਦਿਲਚਸਪ ਇਨਸਾਨ ਸਨ ਤੇ ਉਨ੍ਹਾਂ ਦੀ ਸੰਗਤ ਸੁਖ ਦੇਣ ਵਾਲੀ ਤੇ ਯਾਦਗਾਰੀ ਹੁੰਦੀ ਸੀ। ਪੰਜਾਬ ਕਲਾ ਪਰਿਸ਼ਦ ਉਨ੍ਹਾਂ ਦੇ ਪਰਿਵਾਰ ਨਾਲ ਔਖੀ ਘੜੀ ਵਿੱਚ ਸ਼ਰੀਕ ਹੈ।
(ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ)