'ਪੰਜਾਬੀ ਜਾਗਰਣ' ਦੇ ਸੀਨੀਅਰ ਚੀਫ ਐਡੀਟਰ ਡਾ.ਗੁਰਪ੍ਰੀਤ ਸਿੰਘ ਲਾਡੀ ਨਹੀਂ ਰਹੇ
- ਕੱਲ੍ਹ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,28 ਅਪ੍ਰੈਲ 2024 - ਪੰਜਾਬੀ ਮੀਡੀਆ ਜਗਤ ਲਈ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅਦਾਰਾ 'ਪੰਜਾਬੀ ਜਾਗਰਣ' ਅਖਬਾਰ ਦੇ ਸੀਨੀਅਰ ਚੀਫ ਸਬ ਐਡੀਟਰ ਡਾ.ਗੁਰਪ੍ਰੀਤ ਸਿੰਘ ਲਾਡੀ (52 ਸਾਲ) ਐਤਵਾਰ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਉੱਘੇ ਵਿਦਵਾਨ ਅਤੇ ਬਹੁਤ ਹੀ ਮਿਲਣਸਾਰ ਡਾ.ਗੁਰਪ੍ਰੀਤ ਸਿੰਘ ਲਾਡੀ ਕਰੀਬ 25 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਸਨ ਅਤੇ 'ਪੰਜਾਬੀ ਜਾਗਰਣ' ਅਖਬਾਰ ਨਾਲ ਸ਼ੁਰੂਆਤੀ ਦੌਰ ਤੋਂ ਇਸ ਨਾਲ ਜੁੜੇ ਹੋਏ ਸਨ।
ਉਨ੍ਹਾਂ 'ਰੋਜ਼ਾਨਾ ਅਜੀਤ' ਵਿੱਚ ਵੀ ਕੰਮ ਕੀਤਾ।ਮੂਲ ਰੂਪ 'ਚ ਤਰਨਤਾਰਨ ਦੇ ਰਹਿਣ ਵਾਲੇ ਡਾ.ਗੁਰਪ੍ਰੀਤ ਸਿੰਘ ਲਾਡੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੋਈ ਸੀ।ਉਹ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਇੱਕ ਧੀ ਛੱਡ ਗਏ ਹਨ।ਡਾ.ਗੁਰਪ੍ਰੀਤ ਸਿੰਘ ਲਾਡੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 29 ਅਪ੍ਰੈਲ ਸੋਮਵਾਰ ਨੂੰ 11 ਵਜੇ ਘਾਹ ਮੰਡੀ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।