ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2021 - ਬਹੁਜਨ ਸਮਾਜ ਪਾਰਟੀ ਜਿਲ੍ਹਾ ਬਠਿੰਡਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਹੇ ਮੰਗੂ ਸਿੰਘ ਭਗਤਾ ਦਾ ਦਿਹਾਂਤ ਹੋ ਗਿਆ ਹੈ। ਇਸ ਬਜ਼ੁਰਗ ਆਗੂ ਨੂੰ ਬਸਪਾ ਦੇ ਪਹਿਲੇ ਜਿਲ੍ਹਾ ਪ੍ਰਧਾਨ ਹੋਣ ਦਾ ਮਾਣ ਪ੍ਰਾਪਤ ਹੈ। ਮੰਗੂ ਸਿੰਘ ਤਾਉਮਰ ਬਸਪਾ ਨਾਲ ਜੁੜੇ ਰਹੇ ਤੇ ਆਖਰੀ ਸਾਹ ਵੀ ਬਸਪਾ ਦੇ ਮੈਂਬਰ ਵਜੋਂ ਹੀ ਲਿਆ। ਮਹੱਤਵਪੂਰਨ ਤੱਥ ਹੈ ਕਿ ਸਾਲ 1992 ਦੌਰਾਨ ਜਦੋਂ ਖਾੜਕੂ ਲਹਿਰ ਜੋਰਾਂ ਤੇ ਸੀ ਅਤੇ ਸਿਆਸੀ ਆਗੂ ਦੜ ਵੱਟ ਗਏ ਸਨ ਤਾਂ ਮੰਗੂ ਸਿੰਘ ਨੇ ਗੋਲੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੀ ਪਰਵਾਹ ਨਾਂ ਕਰਦਿਆਂ ਜਾਨ ਹਥੇਲੀ ਤੇ ਰੱਖ ਕੇ ਅਸੈਂਬਲੀ ਚੋਣ ਲੜੀ ਸੀ।
ਇਸ ਦੌਰਾਨ ਸਿਆਸੀ ਆਗੂ ਸੁਰੱਖਿਆ ਗਾਰਦ ਤੋਂ ਬਿਨਾਂ ਬਾਹਰ ਨਹੀਂ ਨਿਕਲਦੇ ਸਨ ਤਾਂ ਮੰਗੂ ਸਿੰਘ ਲੋਕਾਂ ’ਚ ਆਮ ਦੀ ਤਰਾਂ ਵਿਚਰਦਾ ਰਿਹਾ ਅਤੇ ਹਰ ਕਿਸੇ ਦੇ ਦੁੱਖ ਸੁੱਖ ’ਚ ਸ਼ਾਮਲ ਹੋਇਆ। ਬਸਪਾ ਆਗੂ ਦੇ ਦਿਹਾਂਤ ਦੀ ਖਬਰ ਸੁਣਦਿਆਂ ਪਾਰਟੀ ਸਫਾਂ ,ਸਿਆਸੀ ਤੇ ਸਮਾਜਿਕ ਹਲਕਿਆਂ ’ਚ ਗਮ ਦਾ ਮਹੌਲ ਬਣ ਗਿਆ ਹੈ। ਵੇਰਵਿਆਂ ਅਨੁਸਾਰ ਮੰਗੂ ਸਿੰਘ ਭਗਤਾ ਦਾ ਅੰਤਿਮ ਸਸਕਾਰ 24ਫਰਵਰੀ ਨੂੰ ਸਵੇਰੇ 11 ਵਜੇ ਉਨ੍ਹਾ ਦੇ ਜੱਦੀ ਪਿੰਡ ਸਮਾਧ ਭਾਈ (ਮੋਗਾ) ਵਿਖੇ ਕੀਤਾ ਜਾਏਗਾ ਜਿੱਥੇ ਉਨ੍ਹਾਂ ਦੇ ਸਾਥੀ,ਪਾਰਟੀ ਆਗੂ ਅਤੇ ਪ੍ਰਸ਼ੰਸ਼ਕ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੁੱਜਣਗੇ।
ਮੰਗੂ ਸਿੰਘ ਭਗਤਾ ਦੇ ਸਦੀਵੀ ਵਿਛੋੜੇ ਨੂੰ ਲੈਕੇ ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ, ਲਾਲ ਸਿੰਘ ਸੁੁਲਹਾਣੀ ਸੂਬਾ ਜਨਰਲ ਸਕੱਤਰ ਬਸਪਾ, ਸੰਤ ਰਾਮ ਮੱਲੀਆਂ ਬਸਪਾ ਆਗੂ, ਡਾ. ਜੋਗਿੰਦਰ ਸਿੰਘ ਬਠਿੰਡਾ ਜਿਲ੍ਹਾ ਪ੍ਰਧਾਨ, ਰਣਧੀਰ ਸਿੰਘ ਧੀਰਾ ਆਗੂ ਰਾਮਪੁਰਾ ਫੂਲ, ਅਵਤਾਰ ਸਿੰਘ ਘੰਡਾਬੰਨਾ, ਗੁਰਚਰਨ ਸਿੰਘ ਦਿਆਲਪੁਰਾ, ਗੁਰਨਾਮ ਸਿੰਘ ਬੁਰਜ ਥਰੋੜ, ਗਾਇਕਾ ਮਨਦੀਪ ਮਨੀਂ, ਜਲੌਰ ਸਿੰਘ ਤਖਤੂਪਰਾ, ਸਤਨਾਮ ਸਿੰਘ ਮੋਮੀ, ਸੁਖਰਾਜ ਸਿੰਘ ਮੋਮੀ, ਰਾਮ ਸਿੰਘ ਸੁਖਾਨੰਦ, ਸੁਲੱਖਣ ਸਿੰਘ ਫੌਜੀ, ਗੀਤਕਾਰ ਕੇਵਲ ਬੁਰਜ ਵਾਲਾ, ਪਰਵੀਨ ਸਿਰੀਏਵਾਲਾ ਆਦਿ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ।
ਹਮੇਸ਼ਾ ਯਾਦ ਰੱਖੇਗੀ ਬਸਪਾ
ਇਸ ਮੌਕੇ ਬਸਪਾ ਦੇ ਜਿਲ੍ਹਾ ਪ੍ਰਧਾਨ ਡਾ. ਜੋਗਿੰਦਰ ਸਿੰਘ ਬਠਿੰਡਾ ਨੇ ਦੱਸਿਆ ਕਿ ਮ੍ਰਿਤਕ ਮੰਗੂ ਸਿੰਘ ਪਹਿਲਾ ਡੀਐਸਫੋਰ ਨਾਲ ਜੁੜੇ। ਜਿਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਵ: ਕਾਸ਼ੀ ਰਾਮ ਵੱਲੋਂ ਪਾਰਟੀ ਬਨਾਉਣ ਉਪਰੰਤ ਉਹ ਬਸਪਾ ਨਾਲ ਜੁੜ ਗਏ ਅਤੇ ਬਠਿੰਡਾ ਵਿਚ ਬਸਪਾ ਦੇ ਪਹਿਲੇ ਜਿਲ੍ਹਾ ਪ੍ਰਧਾਨ ਬਣੇ। ਉਨ੍ਹਾ ਕਿਹਾ ਕਿ ਮੰਗੂ ਸਿੰਘ ਭਗਤਾ ਅਖੀਰਲੇ ਦਮ ਤੱਕ ਬਸਪਾ ਨਾਲ ਜੁੜੇ ਰਹੇ ਅਤੇ ਉਨ੍ਹਾ ਨੇ ਗਰੀਬ ਸਮਾਜ ਨੂੰ ਜਾਗਰੂਕ ਕਰਨ ਲਈ ਅਹਿਮ ਯਤਨ ਕੀਤੇ। ਉਨ੍ਹਾਂ ਦੱਸਿਆ ਕਿ ਸਮਾਜ ਅਤੇ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਮੰਗੂ ਸਿੰਘ ਭਗਤਾ ਨੂੰ ਬਸਪਾ ਸਫਾਂ ’ਚ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।