ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਪ੍ਰੋਫੈਸਰ ਕਰਤਾਰ ਸਿੰਘ ਲੁਧਿਆਣਾ ਦਾ ਲੋਕ ਵਿਰਾਸਤ ਅਕਾਦਮੀ ਵੱਲੋਂ ਸਤਿਕਾਰ
ਲੁਧਿਆਣਾਃ 30 ਨਵੰਬਰ 2021 - ਲੁਧਿਆਣਾ ਵੱਸਦੇ ਗੁਰਬਾਣੀ ਸੰਗੀਤ ਮਾਰਤੰਡ ਪ੍ਰੋਃ ਕਰਤਾਰ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤੇ ਜਾਣ ਤੇ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਇਸ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਦੀ ਅਗਵਾਈ ਹੇਠ ਪੰਜਾਬੀ ਲੇਖਕਾਂ ਸਃ ਡੀ ਐੱਮ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਅਤੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇਪ੍ਰੋਃ ਕਰਕਾਰ ਸਿੰਘ ਜੀ ਦੇ ਘਰ ਜਾ ਕੇ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਤੇ ਗੁਲਦਸਤਿਆਂ ਸਮੇਤ ਦੋਸ਼ਾਲਾ ਪਹਿਨਾ ਕੇ ਸਨਮਾਨਿਤ ਕੀਤਾ।
ਪ੍ਰੋਃ ਕਰਤਾਰ ਸਿੰਘ ਸਰੀਰਕ ਤਕਲੀਫ਼ ਅਤੇ ਵਡੇਰੀ ਉਮਰ ਕਾਰਨ ਪਦਮ ਸ਼੍ਰੀ ਖਿਤਾਬ ਲੈਣ ਲਈ ਦਿੱਲੀ ਨਹੀਂ ਸੀ ਜਾ ਸਕੇ।
ਪ੍ਰੋਃ ਕਰਤਾਰ ਸਿੰਘ ਜੀ ਦਾ ਜਨਮ 1928 ਵਿੱਚ ਲਾਹੌਰ ਜ਼ਿਲ੍ਹੇ ਦੇ ਪਿੰਡ ਘੁੰਮਣ ਕੇ ਵਿੱਚ ਹੋਇਆ। ਆਪ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਭਾਈ ਗੁਰਚਰਨ ਸਿੰਘ, ਭਾਈ ਸੁੰਦਰ ਸਿੰਘ ਕਸੂਰ ਵਾਲਿਆਂ ਤੋਂ ਪ੍ਰਾਪਤ ਕੀਤੀ। ਤਬਲਾ ਵਾਦਕ ਭਾਈ ਦਲੀਪ ਸਿੰਘ , ਬਲਵੰਤ ਰਾਏ ਜਸਵਾਲ ਅਤੇ ਉਸਤਾਦ ਜਸਵੰਤ ਭੰਵਰਾ ਜੀ ਤੋਂ ਵੀ ਆਪ ਨੇ ਸ਼ਾਸਤਰੀ ਸੰਗੀਤ ਸਿੱਖਿਆ ਗ੍ਰਹਿਣ ਕੀਤੀ।
ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਵੱਦੀ ਕਲਾਂ (ਲੁਧਿਆਣਾ) ਵਿੱਚ ਆਪ ਨੇ ਉਸਤਾਦ ਜਸਵੰਤ ਭੰਵਰਾ ਅਤੇ ਸ੍ਵ. ਬੀਬੀ ਜਸਬੀਰ ਕੌਰ ਖਾਲਸਾ ਦੇ ਨਾਲ ਵੱਡੀ ਧਿਰ ਬਣ ਕੇ 1991 ਚ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਅਗਵਾਈ ਹੇਠ ਨਿਰਧਾਰਤ ਰਾਗਾਂ ਵਾਲੀ ਕੀਰਤਨ ਲਹਿਰ ਦੀ ਨੀਂਹ ਰੱਖੀ।
ਸੰਗੀਤ ਅਧਿਆਪਨ ਦਾ ਕਾਰਜ ਆਪ ਨੇ ਮਾਲਵਾ ਸੈਂਟਰਲ ਕਾਲਿਜ ਆਫ਼ ਐਜੂਕੇਸ਼ਨ ਲੁਧਿਆਣਾ ਤੇ ਗੁਰੂ ਨਾਨਕ ਗਰਲਜ਼ ਕਾਲਿਜ ਲੁਧਿਆਣਾ ਵਿੱਚ ਮੁਖੀ ਸੰਗੀਤ ਵਿਭਾਗ ਵਜੋਂ ਲੰਮਾ ਸਮਾਂ ਕੀਤਾ। ਇਸ ਵਕਤ ਵੀ ਆਪ ਗੁਰਮਤਿ ਸੰਗੀਤ ਅਕਾਦਮੀ ਸ਼੍ਰੀ ਆਨੰਦਪੁਰ ਸਾਹਿਬ ਦੇ ਨਿਰਦੇਸ਼ਕ ਹਨ।
ਆਪ ਵੱਲੋਂ ਗੁਰਮਤਿ ਸੰਗੀਤ ਨਾਲ ਸਬੰਧਿਤ ਪੰਜ ਪੁਸਤਕਾਂ ਦਾ ਪ੍ਰਕਾਸ਼ਨ ਸ਼੍ਰੋਮਣੀ ਗੁਰਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ। ਪੰਜਾਬੀ ਵਿਦਵਾਨ ਪ੍ਰੋਃ ਪ੍ਰੀਤਮ ਸਿੰਘ ਪਟਿਆਲਾ ਦੀ ਪ੍ਰੇਰਨਾ ਨਾਲ ਉਨ੍ਹਾਂ ਕਲਮ ਅਜਮਾਈ ਸ਼ੁਰੂ ਕੀਤੀ। ਇਸ ਵੇਲੇ ਵੀ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਨ ਅਧੀਨ ਹਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਪ੍ਰੋਃ ਕਰਤਾਰ ਸਿੰਘ ਜੀ ਨੇ ਕਿਹਾ ਕਿ ਉਨ੍ਹਾਂ ਦੇ ਸਾਹਿੱਤਕ ਤੇ ਸਭਿਆਚਾਰਕ ਬੱਚਿਆਂ ਵੱਲੋਂ ਸਾਡੇ ਘਰ ਆ ਕੇ ਆਦਰ ਕਰਨਾ ਮੈਨੂੰ ਚੰਗਾ ਲੱਗਿਆ ਹੈ। ਉਨ੍ਹਾਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮੇਰੇ ਲਈ ਅਰਦਾਸ ਕਰੋ ਕਿ ਮੈ ਗੁਰਬਾਣੀ ਸੰਗੀਤ ਦੇ ਅਧੂਰੇ ਪ੍ਰਾਜੈਕਟ ਨਿਰਵਿਘਨ ਸੰਪੂਰਨ ਕਰ ਸਕਾਂ।
ਸਃ ਡੀ ਐੱਮ ਸਿੰਘ ਜੀ ਨੇ ਕਿਹਾ ਕਿ ਪ੍ਰੋਃ ਕਰਤਾਰ ਸਿੰਘ ਕੌਮੀ ਅਮਾਨਤ ਵਰਗੀ ਵਡਮੁੱਲੀ ਸ਼ਖਸੀਅਤ ਹਨ ਜੋ ਏਨੀਆਂ ਪ੍ਰਾਪਤੀਆਂ ਦੇ ਬਾਵਜੂਦ ਨਿਮਰਤਾ ਦੇ ਪੁੰਜ ਹਨ।