ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇੰਦਰਜੀਤ ਕੌਰ ਸੰਧੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਹਰਦਮ ਮਾਨ,ਬਾਬੂਸ਼ਾਹੀ ਨੈੱਟਵਰਕ
ਸਰੀ, 01 ਫਰਵਰੀ 2022- ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਉੱਘੀ ਸਿੱਖਿਆ ਸ਼ਾਸਤਰੀ ਇੰਦਰਜੀਤ ਕੌਰ (ਧਰਮ ਪਤਨੀ ਪ੍ਰਸਿੱਧ ਲੇਖਕ ਸਵ. ਗਿਆਨੀ ਗੁਰਦਿੱਤ ਸਿੰਘ) ਦੇ ਸਦੀਵੀ ਵਿਛੋੜੇ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਸਾਇਟੀ ਵੱਲੋਂ ਇਸ ਸੰਬੰਧ ਵਿਚ ਕੀਤੀ ਗਈ ਸ਼ੋਕ ਸਭਾ ਵਿਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਸਰਦਾਰਨੀ ਇੰਦਰਜੀਤ ਕੌਰ ਸੰਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 1975 ਤੋਂ 1977 ਦੌਰਾਨ ਵਾਈਸ ਚਾਂਸਲਰ ਰਹੇ ਸਨ ਅਤੇ ਉਹ ਭਾਰਤ ਵਿਚ ਕਿਸੇ ਵੀ ਯੂਨੀਵਰਸਿਟੀ ਦੇ ਪਹਿਲੇ ਮਹਿਲਾ ਵਾਈਸ ਚਾਂਸਲਰ ਸਨ। ਦਿੱਲੀ ਸਟਾਫ ਸਿਲੈਕਸ਼ਨ ਕਮਿਸ਼ਨ ਦੇ 1980 ਤੋਂ 1985 ਤੱਕ ਪਹਿਲੇ ਚੇਅਰਪਰਸਨ ਵੀ ਸਨ। ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਕੌਸਲ 1950-1853 ਦੌਰਾਨ ਪ੍ਰਤੀਨਿੱਧਤਾ ਕਰਨ ਵਾਲੀ ਵੀ ਉਹ ਇਕੱਲੀ ਮਹਿਲਾ ਹੀ ਸਨ।
ਆਪਣੇ ਜੀਵਨ ਕਾਲ ਵਿਚ ਸਿੱਖ ਵਿਦਵਾਨ ਪਹਿਲੀ ਮਹਿਲਾ ਦੀਆਂ ਪ੍ਰਾਪਤੀਆਂ ਅਤੇ ਯੋਗ ਅਗਵਾਈ, ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਪਹਿਲੂਆਂ ਉਤੇ ਰੌਸ਼ਨੀ ਪਾਉਂਦਿਆਂ ਪ੍ਰਸਿੱਧ ਵਿਦਵਾਨ ਤੇ ਪੰਜਾਬੀ ਲੇਖਕ ਜੈਤੇਗ ਸਿੰਘ ਅਨੰਤ ਨੇ ੳਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇੰਦਰਜੀਤ ਕੌਰ ਸੰਧੂ ਨੇ ਪੰਜਾਬ ਦੇ ਕਾਲਜਾਂ ਵਿਚ ਪ੍ਰੋਫੈਸਰ,ਪ੍ਰਿੰਸੀਪਲ ਤੇ ਇੰਟਰਨੈਸ਼ਨਲ ਕਾਨਫਰੰਸਾਂ ਵਿਚ ਅਹਿਮ ਭੂਮਿਕਾ ਵੀ ਨਿਭਾਈ। ਪੰਜਾਬ ਦੀ ਵੰਡ ਸਮੇਂ ਸ਼ਰਨਾਰਥੀ ਬੱਚੀਆਂ ਦੀ ਸਵੈ ਰੱਖਿਆ ਵਾਸਤੇ ਮਾਤਾ ਸਾਹਿਬ ਕੌਰ ਦਲ ਸਕੂਲ ਸਥਾਪਤ ਕਰਨ ਵਿਚ ਬਤੌਰ ਸੈਕਟਰੀ ਯੋਗਦਾਨ ਪਾਇਆ ਅਤੇ ਸ਼ਰਨਾਰਥੀ ਬੱਚੀਆਂ ਲਈ ਸਵੈ ਰੱਖਿਆ ਦੀ ਸਿਖਲਾਈ ਮੁਹੱਈਆ ਕਰਵਾਈ। ਉਨ੍ਹਾਂ ਨੇ ਇਨਸਾਨ,ਸਿਖਿਅਕ ਅਤੇ ਪ੍ਰਸ਼ਾਸਕ ਵਜੋਂ ਕਈ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕੀਤਾ। ਬੀਬੀ ਇੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਗਿਆਨੀ ਗੁਰਦਿੱਤ ਸਿੰਘ ਅਕਾਦਮਿਕ ਵਿਰਸੇ ਦਾ ਅਣਮੁੱਲਾ ਅਤੇ ਅਟੁੱਟ ਅੰਗ ਸਨ। ਉਹ 98 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।
ਇਸ ਸ਼ੋਕ ਸਭਾ ਵਿਚ ਤਰਸੇਮ ਸਿੰਘ ਵਿਰਦੀ,ਮਨਜੀਤ ਸਿੰਘ ਵਾਹਰਾ, ਅਮਰੀਕ ਸਿੰਘ ਭੱਚੂ, ਦੀਪ ਸਿੰਘ ਕਲਸੀ, ਵਿਜੇ ਕੁਮਾਰ ਧੀਮਾਨ, ਧਰਮ ਸਿੰਘ ਪਨੇਸਰ, ਚਰਨਜੀਤ ਸਿੰਘ ਮਰਵਾਹਾ, ਬਲਬੀਰ ਸਿੰਘ ਚਾਨਾ, ਕਿਰਪਾਲ ਸਿੰਘ ਧਿੰਜਲ, ਗੁਰਨਾਮ ਸਿੰਘ ਕਲਸੀ, ਜੈਤੇਗ ਸਿੰਘ ਅਨੰਤ ਤੇ ਸੁਰਿੰਦਰ ਸਿੰਘ ਜੱਬਲ ਹਾਜਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com