ਚੰਡੀਗੜ੍ਹ, 14 ਜਨਵਰੀ 2021 - ਅੱਜ ਉੱਘੇ ਸ਼ਾਇਰ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਦਾ ਜਨਮ ਦਿਨ ਹੈ। ਪੰਜਾਬੀ ਸਾਹਿਤ ਜਗਤ ਨੇ ਇਸ ਮੌਕੇ ਉਨਾ ਨੂੰ ਮੁਬਾਰਕਾਂ ਦਿਤੀਆਂ ਹਨ। ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਪਾਤਰ ਜੀ ਨੂੰ ਮੁਬਾਰਕ ਦਿੰਦਿਆਂ ਆਖਿਆ ਹੈ ਕਿ ਆਪ ਨੇ ਆਪਣੀਆਂ ਲਿਖਤਾਂ ਸਦਕਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਾਣ ਵਿਚ ਵਾਧਾ ਕੀਤਾ ਹੈ। ਸ ਚੰਨੀ ਨੇ ਕਿਹਾ ਕਿ ਪਾਤਰ ਜੀ ਨੂੰ ਦੁਨੀਆਂ ਭਰ ਵਿਚੋਂ ਮਿਲ ਰਿਹਾ ਪਿਆਰ ਤੇ ਸਨਮਾਨ ਸਾਡਾ ਹੀ ਮਾਣ ਸਨਮਾਨ ਹੈ। ਜਲੰਧਰ ਜਿਲੇ ਦੇ ਪਿੰਡ ਪੱਤੜ ਕਲਾਂ ਵਿਚ ਸੰਨ 1945 ਨੂੰ ਜਨਮੇ ਡਾ ਸੁਰਜੀਤ ਪਾਤਰ ਨੇ ਕਵਿਤਾਵਾਂ ਦੇ ਨਾਲ ਨਾਲ ਅਮਰ ਗੀਤ ਵੀ ਪੰਜਾਬੀ ਕਲਾ ਜਗਤ ਨੂੰ ਦਿਤੇ ਹਨ ਤੇ ਕਈ ਸਿਰਮੌਰ ਫਨਕਾਰਾਂ ਨੇ ਆਪ ਦੇ ਲਿਖੇ ਗੀਤ ਗਾਏ। " ਸੂਰਜ ਮੰਦਰ ਦੀਆਂ ਪੌੜੀਆਂ" ਆਪ ਦੀ ਵਾਰਤਕ ਪੁਸਤਕ ਦੇ ਕਈ ਕਈ ਐਡੀਸ਼ਨ ਛਪੇ ਸਨ ਤੇ ਕਵਿਤਾ ਤੇ ਗਜਲਾਂ ਦੀਆਂ ਕਿਤਾਬਾਂ ਲੋਕ ਇਕ ਦੂਜੇ ਨੂੰ ਤੁਹਫਿਆਂ ਵਿਚ ਦਿੰਦੇ ਦੇਖੇ ਜਾ ਸਕਦੇ ਹਨ। ਡਾ ਪਾਤਰ ਨੇ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿਖੇ ਲੰਬਾ ਸਮਾਂ ਪੜਾਇਆ। ਦੇਸ਼ਾਂ ਬਦੇਸ਼ਾਂ ਵਿਚ ਵੀ ਆਪ ਨੂੰ ਪੰਜਾਬੀ ਜਗਤ ਪਾਸੋਂ ਮਣਾ ਮੂੰਹੀ ਮੋਹ ਮਿਲਿਆ ਹੈ। ਭਾਰਤ ਸਰਕਾਰ ਨੇ ਪਦਮ ਸ਼੍ਰੀ ਦੀ ਉਪਾਧੀ ਨਾਲ ਨਿਵਾਜਿਆ। ਭਾਰਤੀ ਸਾਹਿਤ ਅਕਾਦਮੀ ਸਨਮਾਨ ਦੇ ਨਾਲ ਨਾਲ ਕਈ ਵੱਕਾਰੀ ਸਨਮਾਨ ਆਪ ਦੀ ਝੋਲੀ ਪਾਏ ਗਏ। ਆਪ ਦੀਆਂ ਲਿਖਤਾਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦੀਆਂ ਗਈਆਂ ਤੇ ਸਪੈਨਿਸ਼ ਤੇ ਅੰਗਰੇਜ਼ੀ ਵਿਚ ਵੀ ਆਪ ਦੀਆਂ ਪ੍ਰਮੁੱਖ ਲਿਖਤਾਂ ਦੇ ਅਨੁਵਾਦ ਹੋਏ ਮਿਲਦੇ ਹਨ।
ਡਾ ਪਾਤਰ ਏਡੇ ਵਡੇ ਸ਼ਾਇਰ ਤੇ ਮਾਣਮੱਤੀ ਹਸਤੀ ਹੋਣ ਦੇ ਨਾਲ ਨਾਲ ਮਿਲਾਪੜੇ ਮਨੁੱਖ ਤੇ ਨੇਕ ਦਿਲ ਸ਼ਖਸੀਅਤ ਹਨ। ਆਪ ਨੂੰ ਪੰਜਾਬ ਸਰਕਾਰ ਨੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਨਿਯੁਕਤ ਕਰਕੇ ਯਸ਼ ਖੱਟਿਆ। ਇਸ ਦੌਰਾਨ ਕਲਾ ਪਰਿਸ਼ਦ ਨੇ ਸਾਹਿਤਕ, ਸਭਿਆਚਾਰਕ ਤੇ ਵਖ ਵਖ ਕਲਾਵਾਂ ਨਾਲ ਜੁੜੇ ਕਾਫੀ ਸਾਰੇ ਯਾਦਗਾਰੀ ਯਤਨ ਕੀਤੇ। ਕਲਾ ਪਰਿਸ਼ਦ ਦੀਆਂ ਸਰਗਰਮੀਆਂ ਨੂੰ ਬਹੁਤ ਸਲਾਹਿਆ ਗਿਆ।
ਡਾ ਪਾਤਰ ਨੂੰ ਅਜ ਉਨਾ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਸਿਜਦਾ ਕਰਦੀ ਤੇ ਵਧਾਈ ਦਿੰਦੀ ਹੋਈ ਮਾਣ ਮਹਿਸੂਸ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ