ਉੱਘੇ ਪੰਜਾਬੀ ਕਵੀ ਅਨੂਪ ਵਿਰਕ ਪੰਜਾਬ ਦੀ ਸਰਬ ਸਾਂਝੀ ਵਿਰਾਸਤ ਦਾ ਸੁਰੀਲਾ ਪੇਸ਼ਕਾਰ ਸੀ- ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 26 ਅਕਤੂਬਰ 2023 - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ) ਦੇ ਸਹਿਯੋਗ ਨਾਲ ਸਿਰਕੱਢ ਪੰਜਾਬੀ ਕਵੀ ਪ੍ਰੋ. ਅਨੂਪ ਵਿਰਕ ਨੂੰ ਔਨਲਾਈਨ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵੱਡਾ ਵੀਰ ਅਨੂਪ ਪੰਜਾਬ ਦੀ ਸਰਬ ਸਾਂਝੀ ਵਿਰਾਸਤ ਦਾ ਸੁਰੀਲਾ ਪੇਸ਼ਕਾਰ ਸੀ। ਉਸ ਨੇ ਆਪਣੀ ਕਾਵਿ ਯਾਤਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਦਿਆਂ ਸ਼ੁਰੂ ਕੀਤੀ ਜਿੱਥੇ ਉਸ ਨੂੰ ਕੁਲਵੰਤ ਗਰੇਵਾਲ, ਸੁਤਿੰਦਰ ਸਿੰਘ ਨੂਰ, ਰਵਿੰਦਰ ਭੱਠਲ ਤੇ ਸੁਰਜੀਤ ਪਾਤਰ ਦੀ ਸੰਗਤ ਮਿਲੀ।
ਅਨੂਪ ਵਿਰਕ ਦਾ ਜਨਮ 21 ਮਾਰਚ 1946 ਨੂੰ
ਪਿੰਡ ਨੱਡਾ(ਜ਼ਿਲ੍ਹਾ ਗੁਜਰਾਂਵਾਲਾ ) ਵਿੱਚ ਹੋਇਆ ਜੋ ਦੋਧੇ ਦੰਦਾਂ ਦੀ ਉਮਰੇ ਪਾਕਿਸਤਾਨ ਵਿੱਚ ਰਹਿ ਗਿਆ।
15 ਅਕਤੂਬਰ 2023 ਨੂੰ ਵਿਛੋੜਾ ਦੇਣ ਵਾਲੇ ਵਿਰਕ ਨੇ ਸਰਕਾਰੀ ਰਣਵੀਰ ਕਾਲਜ,ਸੰਗਰੂਰ, ਰਿਪੁਦਮਨ ਕਾਲਜ,ਨਾਭਾ ਅਤੇ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੜ੍ਹਾਇਆ।
ਪਹਿਲੀ ਕਾਵਿ ਪੁਸਤਕ ਅਨੁਭਵ ਦੇ ਅੱਥਰੂ 1971 ਵਿੱਚ,ਪੌਣਾਂ ਦਾ ਸਿਰਨਾਵਾਂ 1981 ਵਿੱਚ,ਪਿੱਪਲ ਦਿਆ ਪੱਤਿਆ ਵੇ 1991,
ਦਿਲ ਅੰਦਰ ਦਰਿਆੳ 1993
ਮਾਟੀ ਰੁਦਨ ਕਰੇਂਦੀ ਯਾਰ 1993
ਦੁੱਖ ਦੱਸਣ ਦਰਿਆ 1998 ਤੇ ਜੂਨ 2014 ਵਿੱਚ ਚੋਣਵੀਂ ਕਾਵਿ ਪੁਸਤਕ ਹਾਜ਼ਰ ਹਰਫ਼ ਹਮੇਸ਼ ਛਪੀ।
ਅਨੂਪ ਵਿਰਕ ਦੀ ਵਾਰਤਕ ਪੁਸਤਕ ਰੂਹਾਂ ਦੇ ਰੂਬਰੂ ਕਮਾਲ ਦੀ ਰਚਨਾ ਹੈ।
ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਵੱਲੋਂ 'ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ ਉਸਨੂੰ 2001 ਵਿੱਚ ਮਿਲਿਆ ਸੀ। ਮੈਨੂੰ ਮਾਣ ਹੈ ਕਿ ਉਸ ਦਾ ਨਾਮ ਇਸ ਪੁਰਸਕਾਰ ਲਈ ਕੁਲਵੰਤ ਗਰੇਵਾਲ ਜੀ ਨਾਲ ਮਸ਼ਵਰਾ ਕਰਕੇ ਮੈ ਤਜ਼ਵੀਜ਼ ਕੀਤਾ ਸੀ ਜਦ ਕਿ ਉਸਨੂੰ ਅਜਿਹਾ ਵਿਸ਼ਵਾਸ ਨਹੀਂ ਸੀ।
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਸਰਦਾਰ ਦਲਬੀਰ ਸਿੰਘ ਕਥੂਰੀਆ ਨੇ ਸ਼ਰਧਾਂਜਲੀ ਸਮਾਗਮ ਦੀ ਪ੍ਰੇਰਨਾ ਲਈ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ।
ਵਿਸ਼ਵ ਪੰਜਾਬੀ ਸਭਾ ਦੀ ਭਾਰਤੀ ਇਕਾਈ ਦੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਗੀਤਾਂ ਦੇ ਵਣਜਾਰੇ ਆਪਣੇ ਅਧਿਆਪਕ ਪ੍ਰੋ ਅਨੂਪ ਵਿਰਕ ਸਮਰਪਿਤ ਸ਼ਰਧਾਂਜਲੀ ਸਮਾਗਮ ਦਾ ਸੰਚਾਲਨ ਕਰਦਿਆਂ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਹਰਵਿੰਦਰ ਚੰਡੀਗੜ੍ਹ,ਪ੍ਰੋਃ ਜਾਗੀਰ ਸਿੰਘ ਕਾਹਲੋਂ (ਟੋਰੰਟੋ)ਕੁਲਵੰਤ ਕੌਰ ਚੰਨ (ਫਰਾਂਸ),ਬਲਵਿੰਦਰ ਸੰਧੂ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਅਨੂਪ ਵਿਰਕ ਦੇ ਅਮਰੀਕਾ ਵਿੱਚ ਹੋਏ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਸਕੱਤਰ ਬਲਦੇਵ ਸਿੰਘ ਝੱਜ(ਅਮਰੀਕਾ)ਅਸ਼ਵਨੀ ਬਾਗੜੀਆਂ, ਹਰਜੀਤ ਕੌਰ ਸੱਧਰ,ਸੋਹਣ ਸਿੰਘ ਗੈਦੂ, ਸਾਹਿਬਾ ਜੀਟਨ ਕੌਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਵਿਸ਼ਵ ਪੰਜਾਬੀ ਸਭਾ ਵੱਲੋਂ ਪ੍ਰੋਃ ਅਨੂਪ ਵਿਰਕ ਦੀ ਚੋਣਵੀਂ ਕਵਿਤਾ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਨ ਦੇ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਦਿੱਤੇ ਸੁਝਾਅ ਨੂੰ ਚੇਅਰਮੈਨ ਸ੍ਰ ਦਲਬੀਰ ਸਿੰਘ ਕਥੂਰੀਆ ਨੇ ਪ੍ਰਵਾਨ ਕੀਤਾ ਤੇ ਇਹ ਜ਼ੁੰਮੇਵਾਰੀ ਪ੍ਰੋਃ ਗੁਰਭਜਨ ਗਿੱਲ ਨੂੰ ਸੌਂਪੀ। ਉਨ੍ਹਾਂ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਸਾਰੇ ਕਲਮਕਾਰਾਂ ਦਾ ਧੰਨਵਾਦ ਕੀਤਾ।