ਮਹਾਵੀਰ ਚੱਕਰ ਐਵਾਰਡੀ ਮਰਹੂਮ ਮੇਜਰ ਐਸ.ਐਮ.ਐਸ ਬਰਾੜ ਦੀ ਪਤਨੀ ਦਾ ਦੇਹਾਂਤ
ਹਰਜਿੰਦਰ ਸਿੰਘ ਭੱਟੀ
- ਅੱਜ ਚੰਡੀਗੜ੍ਹ ਵਿਖੇ ਲਏ ਆਖਰੀ ਸਾਹ
- ਸ਼ੁੱਕਰਵਾਰ ਨੂੰ ਮੁਹਾਲੀ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ: ਭੋਗ ਸਮਾਗਮ 27 ਫਰਵਰੀ ਨੂੰ
ਚੰਡੀਗੜ੍ਹ, 24 ਫਰਵਰੀ 2022 - ਸਾਬਕਾ ਫ਼ੌਜੀ ਅਫ਼ਸਰ ਅਤੇ ਮਹਾਵੀਰ ਚੱਕਰ ਐਵਾਰਡੀ ਮਰਹੂਮ ਮੇਜਰ ਐਸ.ਐਮ.ਐਸ ਬਰਾੜ ਦੀ ਪਤਨੀ ਬਲਬੀਰ ਕੌਰ ਬਰਾੜ ਨੇ ਅੱਜ ਚੰਡੀਗੜ੍ਹ ਵਿਖੇ ਆਖਰੀ ਸਾਹ ਲਏ। ਮਾਤਾ ਬਲਬੀਰ ਕੌਰ ਦੀ ਉਮਰ 102 ਸਾਲ ਸੀ।ਬਲਬੀਰ ਕੌਰ ਬਰਾੜ ਦੇ ਪਤੀ ਸਵਰਗੀ ਐਸ.ਐਮ.ਐਸ ਬਰਾੜ ਭਾਰਤੀ ਫੌਜ ਵਿੱਚ ਇੱਕ ਸਨਮਾਨਿਤ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ, ਜਿਨਾਂ ਨੂੰ 1947-48 ਦੀ ਭਾਰਤ-ਪਾਕਿ ਜੰਗ ਦੌਰਾਨ ਜੰਮੂ ਅਤੇ ਕਸ਼ਮੀਰ ਵਿੱਚ ਅਪਰੇਸ਼ਨ ਦੌਰਾਨ ਦਿਖਾਈ ਗਈ ਬਹਾਦਰੀ ਲਈ ਬਹਾਦਰੀ ਪੁਰਸਕਾਰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਾਤਾ ਬਲਬੀਰ ਕੌਰ ਬਰਾੜ ਦੇ ਭਤੀਜੇ ਰੁਬਿੰਦਰਜੀਤ ਸਿੰਘ ਬਰਾੜ ਪੀ.ਸੀ.ਐਸ ਹਨ ਜੋ ਇਸ ਸਮੇਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਸੀ.ਜੀ.ਐਮ ਸਿਟਕੋ, ਵਧੀਕ ਸਕੱਤਰ ਸਿਹਤ ਅਤੇ ਡਾਇਰੈਕਟਰ ਆਯੂਸ਼ ਸੇਵਾਵਾਂ ਨਿਭਾ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਤਾ ਬਲਬੀਰ ਕੌਰ ਬਰਾੜ ਦਾ ਅੰਤਿਮ ਸੰਸਕਾਰ ਭਲਕੇ ਮੁਹਾਲੀ ਕਰੀਮੇਸ਼ਨ ਗਰਾਊਂਡ ਵਿਖੇ ਕੀਤਾ ਜਾਵੇਗਾ ਜਦਕਿ ਭੋਗ ਸਮਾਗਮ 27 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸੱਚਾ ਧੰਨ, ਫੇਜ਼ 3ਬੀ1 ਮੁਹਾਲੀ ਵਿਖੇ ਉਲੀਕਿਆ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮਾਤਾ ਬਲਬੀਰ ਕੌਰ ਬਰਾੜ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ "ਬਲਬੀਰ ਕੌਰ ਬਰਾੜ ਨੇ ਆਪਣੇ ਪਰਿਵਾਰ ਵਿੱਚ ਦੇਸ਼ ਦੀ ਸੇਵਾ ਦੀ ਅਮੀਰ ਵਿਰਾਸਤ ਨੂੰ ਸੰਭਾਲਿਆ ਹੈ।
ਅਮੀਰ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਜੀਵਨ ਬਤੀਤ ਕੀਤਾ ਅਤੇ ਆਪਣੇ ਭਤੀਜੇ ਰੁਪਿੰਦਰਜੀਤ ਸਿੰਘ ਬਰਾੜ, ਪੀਸੀਐਸ, ਜੋ ਇਸ ਸਮੇਂ ਯੂਟੀ ਪ੍ਰਸ਼ਾਸਨ ਵਿੱਚ ਆਪਣੀਆਂ ਸੇਵਾਵਾਂ ਰਾਹੀਂ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ, ਵਿੱਚ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਪੈਦਾ ਕਰਨ 'ਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਬਲਬੀਰ ਕੌਰ ਬਰਾੜ ਆਪਣੇ ਸਮੁੱਚੇ ਪਰਿਵਾਰ ਲਈ ਤਾਕਤ ਅਤੇ ਪ੍ਰੇਰਨਾ ਦਾ ਸਰੋਤ ਸਨ। ਉਨ੍ਹਾਂ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦਿਆਂ ਅਕਾਲ ਪੁਰਖ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।