ਪੀ.ਏ.ਯੂ. ਦੇ ਪ੍ਰਸਿੱਧ ਸਬਜ਼ੀ ਵਿਗਿਆਨੀ ਬੂਟਾ ਸਿੰਘ ਰੋਮਾਣਾ ਸੇਵਾ-ਮੁਕਤ ਹੋਏ
ਲੁਧਿਆਣਾ 1 ਸਤੰਬਰ 2023 - ਬੀਤੇ ਦਿਨੀਂ ਸ਼ਾਨਦਾਰ 32 ਸਾਲ ਦੀ ਸੇਵਾ ਤੋਂ ਬਾਅਦ ਪ੍ਰਸਿੱਧ ਸਬਜ਼ੀ ਪਸਾਰ ਵਿਗਿਆਨੀ ਬੂਟਾ ਸਿੰਘ ਰੋਮਾਣਾ ਸੇਵਾ ਮੁਕਤ ਹੋ ਗਏ| ਸਬਜ਼ੀ ਵਿਗਿਆਨ ਵਿਭਾਗ ਨੇ ਉਹਨਾਂ ਦੇ ਮਾਣ ਵਿਚ ਇਕ ਸਮਾਰੋਹ ਆਯੋਜਿਤ ਕੀਤਾ ਜਿਸ ਵਿਚ ਸ਼੍ਰੀ ਰੋਮਾਣਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ| ਸ਼੍ਰੀ ਬੂਟਾ ਸਿੰਘ ਰੋਮਾਣਾ ਨੇ ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਭੂਮਿਕਾ ਨਿਭਾਈ | ਉਹਨਾਂ ਦਾ ਮੁਖ ਯੋਗਦਾਨ ਸਬਜ਼ੀਆਂ ਦੀਆਂ ਫ਼ਸਲਾਂ ਦੇ ਸਰਵੇਖਣ ਅਤੇ ਨਿਰੀਖਣ ਦੇ ਖੇਤਰ ਵਿਚ ਦੇਖਿਆ ਗਿਆ | ਇਸ ਤੋਂ ਬਿਨਾਂ ਉਹਨਾਂ ਨੇ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਸਬਜ਼ੀਆਂ ਦੇ ਹਾਈਬ੍ਰਿਡ ਬੀਜਾਂ ਦੇ ਉਤਪਾਦਨ ਲਈ ਵੀ ਕਿਸਾਨਾਂ ਨੂੰ ਸਿਖਲਾਈ ਦੇਣ ਦਾ ਕਾਰਜ ਕੀਤਾ|
ਆਪਣੇ ਸੇਵਾ ਦੁਆਰਾ ਸ਼੍ਰੀ ਬੂਟਾ ਸਿੰਘ ਰੋਮਾਣਾ ਵੱਖ-ਵੱਖ ਏਜੰਸੀਆਂ ਅਤੇ ਸੰਸਥਾਵਾਂ ਲਈ ਵੀ ਕਾਰਜ ਕਰਦੇ ਰਹੇ | ਇਹਨਾਂ ਵਿਚ ਉਹਨਾਂ ਵੱਲੋਂ 1995 ਤੋਂ 2001 ਤੱਕ ਪੈਪਸੀ ਫੂਡ ਲਿਮਿਟਡ, 2007 ਤੋਂ 2016 ਤੱਕ ਪੰਜਾਬ ਰਾਜ ਕਿਸਾਨ ਕਮਿਸ਼ਨ ਮੋਹਾਲੀ ਅਤੇ 2022-23 ਵਿੱਚ ਪੰਜਾਬ ਰਾਜ ਬੀਜ ਕਾਰਪੋਰੇਸ਼ਨ ਲਈ ਕੀਤਾ ਗਿਆ ਕੰਮ ਜ਼ਿਕਰਯੋਗ ਹੈ| ਇਸ ਦੌਰਾਨ ਉਹਨਾਂ ਨੂੰ ਮਲੇਰਕੋਟਲਾ ਖੇਤਰ ਵਿਚ ਸਬਜ਼ੀਆਂ ਦੇ ਨਿਰੀਖਣ ਦੀ ਜ਼ਿੰਮੇਵਾਰੀ ਦਿੱਤੀ ਗਈ| ਉਹਨਾਂ ਨੇ ਬਹੁ-ਫ਼ਸਲੀ ਪ੍ਰਣਾਲੀ, ਨੀਵੀਂ ਸੁਰੰਗ ਤਕਨੀਕ ਅਤੇ ਸਬਜ਼ੀਆਂ ਵਿਚ ਨਦੀਨਾਂ ਦੇ ਪ੍ਰਬੰਧਨ ਦੇ ਖੇਤਰ ਵਿਚ ਜ਼ਿਕਰਯੋਗ ਕੰਮ ਕੀਤਾ |
ਸ਼੍ਰੀ ਰੋਮਾਣਾ ਦੀ ਸੇਵਾ-ਮੁਕਤੀ ਵੇਲੇ ਬੋਲਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੀ ਭਲਾਈ ਲਈ ਬਿਹਤਰੀਨ ਸੇਵਾ ਨਿਭਾਈ ਹੈ| ਉਹਨਾਂ ਦੀ ਸੇਵਾ-ਮੁਕਤੀ ਨਾਲ ਖਾਲੀ ਹੋਏ ਸਥਾਨ ਨੂੰ ਭਰਨਾ ਵੰਗਾਰ ਦਾ ਕੰਮ ਹੈ| ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਸ਼੍ਰੀ ਰੋਮਾਣਾ ਵੱਲੋਂ ਵਿਸ਼ੇਸ਼ ਤੌਰ ਤੇ ਸੰਗਰੂਰ ਜ਼ਿਲ੍ਹੇ ਵਿਚ ਕੀਤੀਆਂ ਪਸਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਪੰਜਾਬ ਰਾਜ ਬੀਜ ਕਾਰਪੋਰੇਸ਼ਨ ਦੇ ਚੇਅਰਮੈਨ ਸ਼ੀ੍ਰ ਮੁਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੀ ਰੋਮਾਣਾ ਨੇ ਹਰ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜੋ ਉਹਨਾਂ ਨੂੰ ਸੌਂਪੀ ਗਈ ਸੀ|
ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਸ਼ਾਨਦਾਰ ਸੇਵਾ ਕਰਨ ਤੋਂ ਬਾਅਦ ਸਫਲਤਾ ਨਾਲ ਰਿਟਾਇਰ ਹੋਣ ਵਾਲੇ ਸ਼੍ਰੀ ਰੋਮਾਣਾ ਦੀ ਲੰਮੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ| ਉਹਨਾਂ ਕਿਹਾ ਕਿ ਸ਼੍ਰੀ ਰੋਮਾਣਾ ਭਵਿੱਖ ਵਿਚ ਵੀ ਵਿਭਾਗ ਨਾਲ ਜੁੜੇ ਰਹਿਣਗੇ|
ਇਸ ਸਮਾਗਮ ਦਾ ਸੰਚਾਲਨ ਡਾ. ਨੀਨਾ ਚਾਵਲਾ ਨੇ ਕੀਤਾ | ਇਸ ਮੌਕੇ ਪੰਜਾਬ ਦੇ ਅਗਾਂਹਵਧੂ ਸਬਜ਼ੀ ਉਤਪਾਦਕਾਂ ਤੋਂ ਬਿਨਾਂ ਖੇਤੀਬਾੜੀ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਡਾ. ਦਵਿੰਦਰ ਤਿਵਾੜੀ ਵੀ ਮੌਜੂਦ ਸਨ|