ਪੰਜਾਬੀ ਗਲਪਕਾਰ ਜਸਪਾਲ ਮਾਨਖੇੜਾ ਨੂੰ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਐਵਾਰਡ ਦੇਣ ਦਾ ਐਲਾਨ
- ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੁਬਾਰਕਾਂ
ਲੁਧਿਆਣਾਃ 6 ਅਕਤੂਬਰ 2023 - ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਟਰੱਸਟ ਘੁੰਨਸ(ਬਰਨਾਲਾ) ਦੀ ਮੀਟਿੰਗ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਟਰੱਸਟ ਦੇ ਜਨਰਲ ਸੈਕਟਰੀ ਬੂਟਾ ਸਿੰਘ ਚੌਹਾਨ, ਟਰੱਸਟੀ ਸੀ ਮਾਰਕੰਡਾ, ਡਾ. ਭੁਪਿੰਦਰ ਸਿੰਘ ਬੇਦੀ ਅਤੇ ਪੰਜਾਬੀ ਲੇਖਕ ਸਃ ਤੇਜਾ ਸਿੰਘ ਤਿਲਕ ਨੇ ਭਾਗ ਲਿਆ। ਮੀਟਿੰਗ ਵਿੱਚ ਇਸ ਵਾਰ 53ਵਾਂ ਐਵਾਰਡ ਨਾਵਲਕਾਰ,ਕਹਾਣੀਕਾਰ ਤੇ ਵਾਰਤਕਕਾਰ ਜਸਪਾਲ ਮਾਨਖੇੜਾ (ਬਠਿੰਡਾ)ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਜਸਪਾਲ ਮਾਨਖੇੜਾ ਨੇ ਪਿਛਲੇ ਸਾਲ ਵਿੱਚ ਹੀ ਹਰਦੇਵ ਅਰਸ਼ੀ ਬਾਰੇ ਜੀਵਨੀ ਮੂਲਕ ਪੁਸਤਕ ਰੋਹੀ ਦਾ ਲਾਲ ਤੇ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਛਪੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਜਸਪਾਲ ਮਾਨਖੇੜਾ ਤੇ ਚਮਕੌਰ ਸਿੰਘ ਸੇਖੋਂ ਨੂੰ ਸੰਤ ਅਤਰ ਸਿੰਘ ਘੁੰਨਸ ਪੁਰਸਕਾਰ ਦਾ ਐਲਾਨ ਹੋਣ ਤੇ ਮੁਬਾਰਕਬਾਦ ਦਿੱਤੀ ਹੈ।
ਟਰਸਟ ਦੇ ਜਨਰਲ ਸਕੱਤਰ ਸਃ ਬੂਟਾ ਸਿੰਘ ਚੌਹਾਨ ਨੇ ਲਿਖਤੀ ਬਿਆਨ ਵਿੱਚ ਦੱਸਿਆ ਹੈ ਕਿ ਢਾਡੀ ਦੇ ਤੌਰ ਤੇ ਢਾਡੀ ਤੇ ਕਵੀ ਚਮਕੌਰ ਸਿੰਘ ਸੇਖੋਂ ਭੋਤਨਾ (ਕੈਨੇਡਾ) ਨੂੰ ਵੀ ਸ਼ਾਨਦਾਰ ਸਾਰੰਗੀ ਵਾਦਨ ਤੇ ਕਾਵਿ ਸਿਰਜਣਾ ਲਈ ਸਨਮਾਨਿਤ ਕੀਤਾ ਜਾਵੇਗਾ। ਉਹ ਅੱਜ ਕੱਲ੍ਹ ਵਤਨ ਫੇਰੀ ਤੇ ਹਨ। ਇਸ ਸਨਮਾਨ ਵਿਚ ਨਕਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਗਰਮ ਦੋਸ਼ਾਲਾ ਸ਼ਾਮਲ ਹੋਵੇਗਾ ।
ਸੰਤ ਬਲਬੀਰ ਸਿੰਘ ਘੁੰਨਸ ਨੇ ਦੱਸਿਆ ਕਿ ਇਹ ਐਵਾਰਡ 1991 ਵਿਚ ਸੁਰੂ ਕੀਤਾ ਗਿਆ ਸੀ ਅਤੇ ਹਰ ਸਾਲ ਦੁਸ਼ਿਹਰੇ ਦੇ ਮੌਕੇ ਤੇ ਦਿੱਤਾ ਜਾਂਦਾ ਹੈ।
ਸਨਮਾਨਿਤ ਲੇਖਕਾਂ ਦੀ ਗਿਣਤੀ ਪੰਜ ਤੱਕ ਵੀ ਹੁੰਦੀ ਰਹੀ ਹੈ। ਹੁਣ ਤੱਕ ਇਹ ਐਵਾਰਡ ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਇੰਦਰਜੀਤ ਸਿੰਘ ਹਸਨਪੁਰੀ, ਸੁਰਜੀਤ ਪਾਤਰ ਤੇ ਗੁਰਭਜਨ ਗਿੱਲ ਸਮੇਤ ਹੋਰ ਪ੍ਰਸਿੱਧ ਲੇਖਕਾਂ ਨੂੰ ਵੀ ਦਿੱਤਾ ਜਾ ਚੁੱਕਿਆ ਹੈ। ਇਹ ਦੋਵੇਂ ਐਵਾਰਡ ਦੁਸ਼ਹਿਰੇ ਵਾਲ਼ੇ ਦਿਨ 24 ਅਕਤੂਬਰ ਨੂੰ ਦਿੱਤੇ ਜਾਣਗੇ।