ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਦਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ‘ਗਿਆਨ ਰਤਨ ਐਵਾਰਡ’ ਨਾਲ ਸਨਮਾਨ
ਚੰਡੀਗੜ੍ਹ, 20 ਮਈ 2023 - ਉੱਘੇ ਅਕਾਦਮਿਕ ਅਤੇ ਸਿੱਖ ਵਿਦਵਾਨ ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ, ਨੂੰ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਅੱਜ ਮਿਤੀ 20 ਮਈ 2023 ਨੂੰ ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਵੱਡੇਮੁੱਲੇ ਯੋਗਦਾਨ ਲਈ ਪੰਜਾਬ ਯੂਨੀਵਰਸਿਟੀ ਦੇ ਮਾਣਮੱਤੇ ਸਨਮਾਨ ‘ਗਿਆਨ ਰਤਨ ਐਵਾਰਡ’ ਦਿੱਤਾ।
95 ਵਰ੍ਹਿਆਂ ਦੇ ਡਾ: ਜੱਗੀ, ਹਿੰਦੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਹਨ ਅਤੇ ਗੁਰਮਤਿ ਤੇ ਭਗਤੀ ਲਹਿਰ ਨਾਲ ਸਬੰਧਤ ਸਾਹਿਤ ਵਿੱਚ ਉਹਨਾਂ ਦਾ ਵੱਡਮੁੱਲਾ ਯੋਗਦਾਨ ਹੈ। ਜਿਕਰਯੋਗ ਹੈ ਕਿ, ਡਾ. ਜੱਗੀ ਨੇ ਵੱਖ-ਵੱਖ ਵਿਸ਼ਿਆਂ ਉੱਤੇ 144 ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਸਿੱਖ ਧਰਮ ਗ੍ਰੰਥ, ਮੱਧਕਾਲੀਨ ਸਾਹਿਤ, ਸਿੱਖ ਦਰਸ਼ਨ ਤੋਂ ਇਲਾਵਾ ਸਿੱਖ ਧਾਰਮਿਕ ਸੰਕਲਪਾਂ ਅਤੇ ਸ਼ਬਦਾਵਲੀ ਦੇ ਵਿਸ਼ਵਕੋੋਸ਼ ਸ਼ਾਮਲ ਹਨ।