ਡਾ ਸੋਹਲ ਦੀ ਕਹਾਣੀ ਪੁਸਤਕ ਉਤੇ ਹੋਈ ਗੋਸ਼ਟੀ
ਨਿੰਦਰ ਘੁਗਿਆਣਵੀ
ਚੰਡੀਗੜ੍ਹ; 18 ਜਨਵਰੀ 2022 - ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੀ ਉਘੀ ਕਵਿਤਰੀ ਤੇ ਕਹਾਣੀਕਾਰਾ ਡਾ ਸਰਬਜੀਤ ਕੌਰ ਸੋਹਲ ਦੇ ਕਹਾਣੀ ਸੰਗ੍ਰਹਿ 'ਇੰਟਰਵਲ ਤੋਂ ਬਾਅਦ' ਉਤੇ ਵਿਚਾਰ ਗੋਸ਼ਟੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿਚ ਵਿਦਵਾਨ ਲੇਖਕਾਂ ਵਿਚ ਜਸਬੀਰ ਭੁੱਲਰ, ਡਾ ਮਨਮੋਹਨ ਆਈ ਪੀ ਐਸ, ਡਾ ਸੁਰਿੰਦਰ ਕੁਮਾਰ ਦਵੇਸ਼ਵਰ, ਸੁਖਜੀਤ, ਦੇਸ ਰਾਜ ਕਾਲੀ ਤੇ ਡਾ ਸੋਹਲ ਵੀ ਸ਼ਾਮਿਲ ਸਨ। ਸਭਾ ਦੇ ਪਰਧਾਨ ਬਲਕਾਰ ਸਿੱਧੂ ਨੇ ਆਏ ਪਾਠਕਾਂ ਤੇ ਲੇਖਕਾਂ ਨੂੰ ਜੀਓ ਆਇਆਂ ਆਖਿਆ।
ਵਿਦਵਾਨ ਲੇਖਕਾਂ ਨੇ ਡਾ ਸਰਬਜੀਤ ਕੌਰ ਸੋਹਲ ਦੀਆਂ ਕਹਾਣੀਆਂ ਬਾਰੇ ਆਪਣੇ ਵਿਚਾਰਾਂ ਵਿਚ ਇਕਮਤ ਹੋਕੇ ਆਖਿਆ ਕਿ ਡਾ ਸੋਹਲ ਨੂੰ ਕੋਮਲ ਮਾਨਵੀ ਰਿਸ਼ਤਿਆਂ ਦੀ ਡੂੰਘੀ ਸਮਝ ਹੈ। ਔਰਤ ਦੀ ਮਾਨਸਿਕਤਾ, ਔਰਤ ਦਾ ਸੰਘਰਸ਼ਮਈ ਜੀਵਨ, ਅਕਾਂਖਿਆਵਾਂ ਤੇ ਔਰਤ ਦੇ ਅਜੋਕੇ ਯੁੱਗ ਵਿੱਚ ਸਥਾਨ ਨੂੰ ਉਹ ਬੜੀ ਸ਼ਿੱਦਤ ਤੇ ਸੂਝ ਨਾਲ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦੀ ਹੈ।
ਡਾ ਸਰਬਜੀਤ ਕੌਰ ਸੋਹਲ ਨੇ ਆਖਿਆ ਕਿ ਜਦ ਉਸਦੀਆਂ ਕਹਾਣੀਆਂ ਦੇ ਪਾਤਰ ਸਮਾਜ ਨਾਲ ਲੜਦੇ ਹੋਏ ਲੇਖਕ ਦੇ ਸੰਵੇਦਨਸ਼ੀਲ ਮਨ ਨੂੰ ਬੇਚੈਨ ਕਰਦੇ ਹਨ ਤਾਂ ਕਹਾਣੀ ਸਿਰਜੀ ਜਾਂਦੀ ਹੈ। ਡਾ ਅਵਤਾਰ ਸਿੰਘ ਪਤੰਗ ਨੇ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਸੇਵਾ ਭੁਪਿੰਦਰ ਮਲਿਕ ਤੇ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਈ।