ਗੁਰਚਰਨ ਸੱਗੂ ਨੂੰ ਮਿਲੇਗਾ 'ਪੰਜਾਬੀ ਮਾਂ ਬੋਲੀ ਪੰਜਾਬੀ ਸੇਵਾ ਸਨਮਾਨ'
ਫਰੀਦਕੋਟ, 30 ਮਾਰਚ 2023 - ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਨੂੰ ਸਮਰਪਿਤ ਸੰਸਥਾ ਬਾਬਾ ਫਰੀਦ ਲਿਟਰੇਰੀ ਮੰਚ ਪੰਜਾਬ (ਫਰੀਦਕੋਟ) ਵੱਲੋਂ ਇੰਗਲੈਂਡ ਵਸਦੇ ਪੰਜਾਬੀ ਦੇ ਨਾਮਵਰ ਲੇਖਕ ਗੁਰਚਰਨ ਸੱਗੂ ਨੂੰ 'ਪੰਜਾਬੀ ਮਾਂ ਬੋਲੀ ਸੇਵਾ ਸਨਮਾਨ' 11 ਅਪ੍ਰੈਲ 2023 ਦੇ ਦਿਨ ਮਾਤਾ ਕਰਤਾਰ ਕੌਰ ਯਾਦਗਾਰੀ ਲਾਇਬਰੇਰੀ ਨੇੜੇ ਸ਼ਾਹਕੋਟ ਵਿਖੇ ਭੇਟ ਕਰਕੇ ਸਨਮਾਨਿਆ ਜਾਏਗਾ।
ਮੰਚ ਦੇ ਪ੍ਰਧਾਨ ਉਘੇ ਲੇਖਕ ਤੇ ਮਹਾਂਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਰਧਾ ਦੀ ਚੇਅਰ ਦੇ ਰਾਈਟਰ ਇਨ ਰੈਜੀਡੈਂਟ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਗੁਰਚਰਨ ਸੱਗੂ ਕਈ ਦਹਾਕਿਆਂ ਤੋਂ ਪ੍ਰਦੇਸ ਵਿਚ ਰਹਿੰਦੇ ਹੋਏ ਵੀ ਲਗਾਤਾਰ ਆਪਣੀ ਕਲਮ ਦੁਆਰਾ ਮਾਂ ਬੋਲੀ ਪੰਜਾਬੀ ਵਿਚ ਸਾਹਿਤ ਸਿਰਜਣਾ ਕਰ ਰਹੇ ਹਨ ਤੇ ਉਨਾਂ ਦੀ ਸਵੈ ਜੀਵਨੀ ਪੁਸਤਕ 'ਦੇਖਿਆ ਸ਼ਹਿਰ ਮੁੰਬਈ' ਖੂਬ ਚਰਚਿਤ ਕਿਤਾਬ ਹੈ। ਮੰਚ ਦੇ ਸਲਾਹਕਾਰ ਡਾ ਅਮਰਜੀਤ ਅਰੋੜਾ, ਸਕੱਤਰ ਜਨਰਲ ਨਵੀ ਨਵਪ੍ਰੀਤ ਸਿੰਘ ਤੇ ਉਪ ਪ੍ਰਧਾਨ ਸੁਖਵਿੰਦਰ ਮਰਾੜ ਨੇ ਸ਼੍ਰੀ ਗੁਰਚਰਨ ਸੱਗੂ ਨੂੰ ਇਸ ਪੁਰਸਕਾਰ ਦੀ ਪਰਾਪਤੀ ਉਤੇ ਵਧਾਈ ਦਿੱਤੀ ਹੈ। ਅਜਕਲ ਸੱਗੂ ਜੀ ਪੰਜਾਬ ਫੇਰੀ ਉਤੇ ਹਨ।