ਚੰਡੀਗੜ੍ਹ, 18 ਮਾਰਚ 2021: ਪੰਜਾਬ ਦੇ ਨਾਮਵਰ ਲੇਖਕ ਗੁਰਬਚਨ ਸਿੰਘ ਭੁੱਲਰ ਨੂੰ ਅਜ ਉਨਾ ਦੇ ਜਨਮ ਦਿਨ ਮੌਕੇ ਮੁਬਾਰਕਬਾਦ ਆਖਦਿਆਂ ਪਂਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸ੍ਰ ਭੁੱਲਰ ਜਿਹੇ ਕਲਮਕਾਰ ਇਸ ਧਰਤੀ ਦਾ ਮਾਣ ਹਨ,ਜਿੰਨਾ ਨੇ ਆਪਣੀ ਕਲਮ ਨਾਲ ਅਣਗਿਣਤ ਕਿਤਾਬਾਂ ਪੰਜਾਬ ਨੂੰ ਭੇਟ ਕੀਤੀਆਂ ਤੇ ਕਰ ਰਹੇ ਹਨ। ਸ੍ਰ ਚੰਨੀ ਨੇ ਗੁਰਬਚਨ ਸਿੰਘ ਭੁੱਲਰ ਬਾਰੇ ਬੋਲਦਿਆਂ ਕਿਹਾ ਕਿ ਉਨਾ ਨੇ ਇਕੋ ਸਮੇਂ ਕਹਾਣੀ, ਨਾਵਲ,ਕਵਿਤਾ, ਅਨੁਵਾਦ, ਪੱਤਰਕਾਰੀ- ਕਾਲਮ ਨਵੀਸੀ, ਰੇਖਾ ਚਿਤਰ, ਸਫਰਨਾਮਾ, ਆਲੋਚਨਾ, ਸੰਪਾਦਨ, ਬਾਲ ਸਾਹਿਤ ਵਰਗੀਆਂ ਸਾਹਿਤਕ ਵਿਧਾਵਾਂ ਉਤੇ ਬਾਖੂਬੀ ਕਲਮ ਚਲਾਈ ਹੈ।
ਆਪ ਨੂੰ ਕਹਾਣੀ ਸੰਗ੍ਰਹਿ 'ਅਗਨੀ ਕਲਸ' ਵਾਸਤੇ 2005 ਵਿਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਤੇ 2020 ਵਿਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਪੰਜਾਬ ਸਾਹਿਤ ਰਤਨ ਪੁਰਸਕਾਰ ਐਲਾਨਣਾ ਪੰਜਾਬੀਆਂ ਦਾ ਮਾਣ ਵਧਣ ਵਾਲੀਆਂ ਰਸਮਾਂ ਹਨ। 18 ਮਾਰਚ 1937 ਨੂੰ ਬਠਿੰਡਾ ਦੇ ਪਿੰਡ ਪਿਥੋ ਵਿਖੇ ਪਿਤਾ ਸ੍ਰ ਹਜੂਰਾ ਸਿੰਘ ਦੇ ਘਰ ਪੈਦਾ ਹੋਏ ਗੁਰਬਚਨ ਸਿੰਘ ਭੁੱਲਰ ਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਦਾ ਸੰਪਾਦਕ ਰਹੇ ਹੋਣ ਦਾ ਮਾਣ ਵੀ ਮਿਲਿਆ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਸ੍ਰ ਭੁੱਲਰ ਅਨੇਕਾਂ ਨਵੇਂ ਅਣਗਿਣਤ ਲੇਖਕਾਂ ਦੇ ਸਰਪ੍ਰਸਤ ਵੀ ਹਨ। ਆਪ ਦੀਆਂ ਕਹਾਣੀਆਂ ' ਓਪਰਾ ਮਰਦ' ਦੀਵੇ ਵਾਂਗ ਬਲਦੀ ਅੱਖ, ਤੇ ਖੂਨ ਪੰਜਾਬੀ ਪਾਠਕਾਂ ਦੇ ਮਨਾਂ ਅੰਦਰ ਲੱਥੀਆਂ ਰਚਨਾਵਾਂ ਹਨ। ਅਜ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਆਪ ਦੇ ਜਨਮ ਦਿਨ ਮੌਕੇ ਵਧਾਈ ਦਿੰਦਿਆਂ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਅਧਿਕਾਰੀ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।