ਨਾਟਕ ਬਿਗਾਨੇ ਬੋਹੜ ਦੀ ਛਾਂ’ ਰਾਹੀਂ ‘ਅਜਮੇਰ ਔਲਖ’ ਦੇ ਸ਼ਾਹਕਾਰਾਂ ਨੂੰ ਸਿਜਦਾ
ਅਸ਼ੋਕ ਵਰਮਾ
ਮਾਨਸਾ,15ਜੂਨ2022: ਪ੍ਰੋ.ਅਜਮੇਰ ਸਿੰਘ ਔਲਖ ਯਾਦਗਾਰੀ ਕਮੇਟੀ ਨੇ ਲੋਕ ਕਲਾ ਮੰਚ ਮਾਨਸਾ ਵੱਲੋਂ ਬਿੱਟੂ ਔਲਖ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਪ੍ਰੋ ਔਲਖ ਦੇ ਸ਼ਾਹਕਾਰ ਨਾਟਕ ਬਗਾਨੇ ਬੋਹੜ ਦੀ ਛਾਂ ਰਾਹੀਂ ਉਨ੍ਹਾਂ ਦੀ ਪੰਜਵੀਂ ਬਰਸੀ ਮੌਕੇ ਸੰਤ ਓਪਨ ਏਅਰ ਥੀਏਟਰ ਕੋਟ ਲੱਲੂ ਵਿਖੇ ਕਰਵਾਏ ਸਮਾਗਮ ਦੌਰਾਨ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ । ਪ੍ਰੋ ਔਲਖ ਦੀ ਰੰਗਕਰਮੀ ਪਤਨੀ ਮਨਜੀਤ ਕੌਰ ਔਲਖ,ਧੀਆਂ ਡਾ ਸੁਪਨਦੀਪ ਕੌਰ ਔਲਖ,ਡਾ ਅਜਮੀਤ ਕੌਰ ਔਲਖ,ਜਵਾਈ ਬਿੱਟੂ ਔਲਖ ਅਤੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਉਹ ਪ੍ਰੋ ਅਜਮੇਰ ਸਿੰਘ ਔਲਖ ਵੱਲ੍ਹੋਂ ਵਿਢੇ ਹੱਕੀ ਘੋਲਾਂ ਦੀ ਜੰਗ ਨੂੰ ਜਾਰੀ ਰੱਖਣਗੇ।
ਸਮਾਗਮ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਗੱਜਣ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਅਮਰ ਪਾਤਰ ਹੈ। ਜਦ ਜਦ ਵੀ ਪੰਜਾਬੀ ਅਦਬ ਦੇ ਇਤਿਹਾਸ ਵਿਚ ਅਤੇ ਪੇਂਡੂ ਸਮਾਜ ਵਿਚ ਨਿਮਨ ਕਿਸਾਨੀ ਦੀ ਪੀੜ ਦੀ ਪੇਸ਼ਕਾਰੀ ਦੀ ਗੱਲ ਤੁਰੇਗੀ ਤਾਂ ਇਸ ਨਾਟਕ ਦੇ ਪਾਤਰ ਗੱਜਣ ਨੂੰ ਮਨਫ਼ੀ ਨਹੀਂ ਕੀਤਾ ਜਾ ਸਕੇਗਾ।‘ਬੇਗਾਨਾ ਬੋਹੜ‘ ਇਸ ਨਾਟਕ ਦਾ ਹੀ ਨਹੀਂ, ਪੰਜਾਬੀ ਸਾਹਿਤ ਦਾ ਸ਼ਕਤੀਸ਼ਾਲੀ ਮੈਟਾਫਰ ਹੈ, ਜੋ ਹਰ ਦੌਰ ਵਿਚ ਬਿਗਾਨਿਆਂ ਦੀ ਮੁਹਤਾਜ਼ੀ ਅਤੇ ਗੁਲਾਮੀ ਨੂੰ ਠੋਕਰ ਮਾਰ ਕੇ ਆਪਣੀ ਹੋਂਦ ਦੀ ਲੜਾਈ ਲਈ ਪ੍ਰੇਰਨਾ ਦਿੰਦਾ ਰਹੇਗਾ। ਇਸ ਨਾਟਕ ਦੇ ਪੀਤੇ ਅਮਲੀ ਵਰਗੇ ਅਮਰ ਪਾਤਰਾਂ ਦੀ ਹਮੇਸ਼ਾ ਲੋੜ ਬਣੀ ਰਹੇਗੀ ਜੋ ਲੋਕ ਧਾਰਾ ਅਧਾਰਿਤ ਪੇਂਡੂ ਬੁੱਧੀਮਤਾ ਅਤੇ ਧਗੜਿਆਂ ਦੇ ਹੱਡ ਤੇ ਮਾਰਨ ਦੀ ਜ਼ੁਰਅਤ ਦਾ ਤਾਕਤਵਰ ਪ੍ਰਤੀਕ ਹਨ।
ਕਿਸਾਨੀ ਸੰਘਰਸ਼ ਤੋਂ ਬਾਅਦ ਔਲਖ ਦੇ ਨਾਟਕਾਂ ਦਾ ਅਧਿਐਨ ਕਰਨਾ ਹੋਰ ਵੀ ਮਹੱਤਵਪੂਰਨ ਹੈ। ਕਿਉਂਕਿ ਇਸ ਕਿਸਾਨ ਸੰਘਰਸ਼ ਦੇ ਬਹੁਤ ਸਾਰੇ ਸੰਕੇਤ ਔਲਖ ਸਾਹਿਬ ਦੇ ਨਾਟਕਾਂ ਵਿਚ ਪਏ ਹਨ। ਇਸ ਮੌਕੇ ਪ੍ਰੋ ਅਜਮੇਰ ਸਿੰਘ ਔਲਖ ਦੀ ਹਮਸਫਰ ਮਨਜੀਤ ਕੌਰ ਔਲਖ ਨੇ ਡਾ. ਕੁਲਦੀਪ ਸਿੰਘ ਦੀਪ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਮੇਰੇ ਹਿੱਸੇ ਦਾ ਔਲਖ‘ ਦਾ ਵਿਮੋਚਨ ਕੀਤਾ ਗਿਆ। ਇਹ ਪੁਸਤਕ ਪ੍ਰੋ. ਅਜਮੇਰ ਸਿੰਘ ਔਲਖ ਦੇ ਪਿਆਰਿਆਂ ਦੀਆਂ ਸਿਮਰਤੀਆਂ ਤੇ ਅਧਾਰਿਤ ਹੈ। ਪੁਸਤਕ ਬਾਰੇ ਡਾ. ਦੀਪ ਨੇ ਦੱਸਿਆ ਕਿ ਇਸ ਪੁਸਤਕ ਦੇ ਰੂਪ ਵਿਚ ਤੁਸੀਂ ਉਸ ਔਲਖ ਨੂੰ ਜਾਣ ਸਕੋਗੇ, ਜੋ ਅਜੇ ਤਕ ਮੁਕੰਮਲ ਰੂਪ ਵਿਚ ਕਿਸੇ ਨੇ ਨਹੀਂ ਜਾਣਿਆ ਸੀ।
ਕਿਉਂਕਿ ਉਹ ਸਾਡੇ ਸਮਿਆਂ ਦਾ ਅਜਿਹਾ ਨਾਇਕ ਸੀ ਜਿਸ ਨੇ ਬਚਪਨ ਵਿਚ ਆਪਣੀ ਭੁੰਨੀ ਹੋਈ ਛੱਲੀ ਖਾਣ ਦੀ ਰੀਝ ਨੂੰ ਅੰਦਰੇ ਦਫਨ ਕਰਕੇ ਉਸ ਪੀੜ ਦੇ ਅਹਿਸਾਸ ਨੂੰ ਸਮੁੱਚੀ ਮਜ਼ਦੂਰ-ਕਿਸਾਨੀ ਜਮਾਤ ਦੀ ਪੀੜ ਦੇ ਅਹਿਸਾਸ ਵਿਚ ਬਦਲ ਦਿੱਤਾ। ਉਨ੍ਹਾਂ ਕਿਹਾ ਕਿ 75 ਸਾਲ ਦੇ ਇਸ ਸਫਰ ਦੌਰਾਨ ਔਲਖ ਸਾਹਿਬ ਨੇ ਨਿਰਵਿਵਾਦ ਅਤੇ ਮਾਣਮੱਤੀ ਜਿੰਦਗੀ ਜੀਵੀ ਅਤੇ ਸ਼ਾਨ ਨਾਲ ਗਏ। ਇਹ ਪੁਸਤਕ ਸਾਡੇ ਸਾਰਿਆਂ ਦੇ ਅੰਦਰ ਵਸਦੇ ਵੱਖਰੇ-ਵੱਖਰੇ ਔਲਖ ਨੂੰ ਇਕ ਥਾਂ ਇਕੱਠਾ ਕਰਦੀ ਹੈ।ਉਨ੍ਹਾਂ ਦੱਸਿਆ ਕਿ 416 ਪੰਨਿਆਂ ਦੀ ਇਸ ਵੱਡ ਅਕਾਰੀ ਪੁਸਤਕ ਦੇ ਦਸ ਭਾਗ ਹਨ, ਜਿਨ੍ਹਾਂ ਵਿਚ ਲਗਭਗ 105 ਬੰਦਿਆਂ ਦੀਆਂ ਯਾਦਾਂ ਦਰਜ ਹਨ।
ਇਹਨਾਂ ਵਿਚ ਦਸ ਦੇ ਕਰੀਬ ਉਹ ਵੱਡੇ ਲੇਖਕ (ਪ੍ਰੋ. ਗੁਰਦਿਆਲ ਸਿੰਘ, ਟੀ ਆਰ ਵਿਨੋਦ, ਕੇਸਰ ਸਿੰਘ ਕੇਸਰ, ਹਰਭਜਨ ਹਲਵਾਰਵੀ, ਗੁਰਸ਼ਰਨ ਸਿੰਘ, ਰਾਮਸਰੂਪ ਅਣਖੀ, ਦਰਸ਼ਨ ਮਿਤਵਾ, ਦੇਵਨੀਤ, ਰਾਮ ਸਿੰਘ ਚਾਹਲ, ਸੁਹਜਦੀਪ ਕੌਰ ਆਦਿ) ਹਨ, ਜੋ ਹੁਣ ਖੁਦ ਸਾਡੀਆਂ ਸਿਮਰਤੀਆਂ ਦਾ ਹਿੱਸਾ ਹਨ। ਕਮੇਟੀ ਦੇ ਪ੍ਰਧਾਨ ਦਰਸ਼ਨ ਜੋਗਾ ਅਤੇ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਔਲਖ ਸਾਹਿਬ ਬਾਰੇ ਹੁਣ ਤੱਕ ਹੋਏ ਕਾਰਜ ਵਿਚੋਂ ਸਭ ਤੋਂ ਵਿਲੱਖਣ ਹੈ ਅਤੇ ਇਹ ਪੁਸਤਕ ਹਰ ਔਲਖ ਪਿਆਰੇ ਦੀ ਨਿੱਜੀ ਲਾਇਬਰੇਰੀ ਦਾ ਹਿੱਸਾ ਬਣਨੀ ਚਾਹੀਦੀ ਹੈ। ਇਸ ਮੌਕੇ ਯਾਦਗਾਰ ਕਮੇਟੀ ਦੇ ਆਗੂ ਪ੍ਰੋ ਸੁਖਦੇਵ ਸਿੰਘ, ਪ੍ਰੋ ਦਰਸ਼ਨ ਸਿੰਘ, ਮਨਜੀਤ ਸਿੰਘ ਚਹਿਲ,ਡਾ ਅਜਮੀਤ ਕੌਰ ਔਲਖ,ਡਾ ਕੁਲਦੀਪ ਚੌਹਾਨ, ਨਹਿਰੂ ਯੁਵਾ ਕੇਂਦਰ ਦੇ ਪ੍ਰਬੰਧਕੀ ਅਫਸਰ ਸੰਦੀਪ ਘੰਡ,ਰਘਵੀਰ ਸਿੰਘ ਮਾਨ,ਨੌਹਰ ਚੰਦ ਧੂਸ,ਜਗਤਾਰ ਔਲਖ,ਹਰਪ੍ਰੀਤ ਪੁਰਬਾਂ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਕਾਹਨ,ਅੰਮ੍ਰਿਤ ਸਮਤੋਜ ਹਾਜ਼ਰ, ਸਨ।
ਸਮਾਗਮ ਦੇ ਪ੍ਰਬੰਧਾਂ ਲਈ ਪਿੰਡ ਕੋਟਲੱਲੂ ਦੇ ਗੁਰਜੰਟ ਸਿੰਘ ਚਹਿਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ । ਭਾਸ਼ਾ ਵਿਭਾਗ ਮਾਨਸਾ ਵੱਲ੍ਹੋਂ ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਅਤੇ ਖੋਜ ਅਫਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਚ ਪੁਸਤਕ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਕੁਲਦੀਪ ਮੰਦਰਾਂ, ਹਰਪਾਲ ਪਾਲੀ ਨੇ ਆਪਣੇ ਇਨਕਲਾਬੀ ਗੀਤਾਂ ਨਾਲ ਰੰਗ ਬੰਨਿ੍ਹਆ। ਮੰਚ ਸੰਚਾਲਨ ਦੀ ਭੂਮਿਕਾ ਗੁਰਜੰਟ ਸਿੰਘ ਚਾਹਲ ਨੇ ਨਿਭਾਈ। ਯਾਦਗਾਰੀ ਕਮੇਟੀ ਦੇ ਪ੍ਰਧਾਨ ਦਰਸ਼ਨ ਜੋਗਾ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਵੱਲ੍ਹੋਂ ਭਵਿੱਖ ਚ ਪ੍ਰੋ ਔਲਖ ਦੀ ਯਾਦ ਚ ਆਡੀਟੋਰੀਅਮ ਬਣਾਉਣ ਅਤੇ ਹੋਰਨਾਂ ਨਾਟਕ ਸਰਗਰਮੀਆਂ ਨੂੰ ਤੇਜ ਕੀਤਾ ਜਾਵੇਗਾ।