ਚੰਡੀਗੜ੍ਹ, 20 ਅਪ੍ਰੈਲ 2021 : ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਅੱਜ 20 ਅਪ੍ਰੈਲ ਦੇ ਦਿਨ ਉਘੇ ਇਨਕਲਾਬੀ ਤੇ ਲੋਕ ਪੱਖੀ ਸ਼ਾਇਰ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਆਖਿਆ ਕਿ ਉਦਾਸੀ ਜੀ ਹਮੇਸ਼ਾ ਹੀ ਸਾਡੇ ਦਿਲਾਂ ਤੇ ਮਨਾਂ ਅੰਦਰ ਵੱਸਣ ਵਾਲਾ ਲੋਕ ਪੱਖੀ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਪਰਣਾਇਆ ਹੋਇਆ ਸ਼ਾਇਰ ਸੀ। ਸ੍ਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਦੇ ਦਿਨ ਉਦਾਸੀ ਜੀ ਨੂੰ ਯਾਦ ਕਰਦਿਆਂ ਉਨਾ ਦੇ ਪਾਠਕਾਂ, ਪ੍ਰਸ਼ੰਸਕਾਂ ਤੇ ਉਨਾ ਦੇ ਪਰਿਵਾਰ ਨੂੰ ਵਧਾਈ ਦੇਣੀ ਬਣਦੀ ਹੈ ਕਿ ਲੰਬਾ ਸਮਾਂ ਪਹਿਲਾਂ ਵਿਛੜ ਜਾਣ ਦੇ ਬਾਵਜੂਦ ਵੀ ਉਹ ਆਪਣੀਆਂ ਲਿਖਤਾਂ ਸਦਕਾ ਅਜ ਵੀ ਜਿੰਦਾ ਹਨ ਤੇ ਜਿੰਦਾ ਰਹਿਣਗੇ। ਸੰਨ 1939 ਨੂੰ 20 ਅਪ੍ਰੈਲ ਦੇ ਦਿਨ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਪੈਦਾ ਹੋਏ ਸੰਤ ਰਾਮ ਉਦਾਸੀ 1986 ਵਿਚ ਪੂਰੇ ਹੋਏ ਗਏ। ਉਦਾਸੀ ਜੀ ਨੇ ਦੱਬੇ ਕੁਚਲੇ ਮਜਬੂਰ ਤੇ ਮਜਦੂਰ ਵਰਗ, ਕਿਰਤੀ ਜਮਾਤ ਦੀ ਆਵਾਜ ਆਪਣੀ ਹਰ ਲਿਖਤ ਵਿਚ ਬੁਲੰਦ ਕੀਤੀ। ਅਨੇਕਾਂ ਇਨਕਲਾਬੀ ਗੀਤ ਲਿਖੇ। ਲੋਕਾਂ ਨੇ ਉਨਾ ਦੇ ਅਮਰ ਗੀਤ ਨੂੰ ਕਦੇ ਨਾ ਭੁਲਾਇਆ। ਜਿਸਦੇ ਬੋਲ ਹਨ: ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ। ਸੰਤ ਰਾਮ ਉਦਾਸੀ ਇਕ ਉਹ ਕਵੀ ਸੀ, ਜੋ ਦੱਬੇ ਲਿਤਾੜੇ ਲੋਕਾਂ ਵਿਚੋਂ ਪੈਦਾ ਹੋਇਆ ਤੇ ਇਸੇ ਲੋਕਾਈ ਦੀ ਬਾਤ ਉਹ ਆਪਣੀਆਂ ਲਿਖਤਾਂ ਤੇ ਜੀਵਨ ਵਿਚ ਵੀ ਪਾਈ ਗਿਆ। ਉਹ ਵੱਡੇ ਵੱਡੇ ਜਗੀਰੂਆਂ ਨੂੰ ਕੰਬਣੀ ਛੇੜ ਦਿੰਦਾ ਸੀ। ਉਸ ਉਤੇ ਤਸ਼ੱਦਦ ਵੀ ਹੁੰਦੇ ਰਹੇ। ਸਰੀਰ ਤੇ ਅੱਖਾਂ ਦੀ ਜੋਤ ਕਮਜੋਰ ਹੁੰਦੀ ਗਈ। ਉਹ 1979 ਵਿਚ ਕੈਨੇਡਾ ਗਿਆ, ਤਾਂ ਅਣਗਿਣਤ ਪਾਠਕਾਂ ਚਹੇਤਿਆਂ ਨੇ ਉਨਾ ਨੂੰ ਅੱਖਾਂ ਦੀਆਂ ਪਲਕਾਂ ਉਤੇ ਬਿਠਾ ਲਿਆ। ਅਜ ਵੀ ਆਪ ਦੇ ਗੀਤ ਤੇ ਕਵਿਤਾਵਾਂ ਆਮ ਤੌਰ ਉਤੇ ਗਾਏ ਤੇ ਸੁਣੇ ਜਾਂਦੇ ਹਨ। ਅਜ ਪੰਜਾਬ ਕਲਾ ਪਰਿਸ਼ਦ ਆਪ ਨੂੰ ਯਾਦ ਕਰਦਿਆਂ ਆਪ ਦੀ ਕਾਵਿ ਕਲਾ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।