ਚੰਡੀਗੜ੍ਹ, 30 ਮਰਚ 2021 : ਇਕ ਸੜਕ ਦੁਰਘਟਨਾ ਵਿਚ ਮਾਰੇ ਗਏ ਹਰਮਨ ਪਿਆਰੇ ਨੌਜਵਾਨ ਗਾਇਕ ਦਿਲਜਾਨ ਦੀ ਬੇਵਕਤੀ ਮੌਤ ਉਤੇ ਦੁਖ ਪ੍ਰਗਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਦਿਲਜਾਨ ਨਵੀਂ ਪੀੜੀ ਦਾ ਪ੍ਰਪੱਕ ਤੇ ਸੰਭਾਵਨਾਵਾਂ ਭਰਪੂਰ ਗਾਇਕ ਸੀ। ਉਨਾ ਦਸਿਆ ਕਿ ਇਸ ਗਾਇਕ ਦਾ ਪਟਿਆਲਾ ਦੇ ਮਹਾਨ ਸੰਗੀਤ ਘਰਾਣੇ ਨਾਲ ਨਿਘਾ ਸਬੰਧ ਸੀ ਕਿਉਂਕਿ ਦਿਲਜਾਨ ਦੇ ਪਿਤਾ ਜੀ ਵੀ ਉਸਤਾਦ ਗਾਇਕ ਪੂਰਨ ਸ਼ਾਹਕੋਟੀ ਦੇ ਸ਼ਿਸ਼ ਸਨ ਤੇ ਹੰਢਾ ਹੋਏ ਗਾਇਕ ਹਨ। ਸ੍ਰ ਚੰਨੀ ਨੇ ਆਖਿਆ ਕਿ ਦਿਲਜਾਨ ਦਾ ਨਵਾਂ ਗੀਤ 2 ਅਪ੍ਰੈਲ ਨੂੰ ਰਿਲੀਜ ਹੋਣਾ ਸੀ ਪਰ ਕੁਦਰਤ ਨੂੰ ਕੁਛ ਹੋਰ ਮਨਜੂਰ ਸੀ। ਪੰਜਾਬ ਸਰਕਾਰ ਵਲੋਂ ਚਮਕੌਰ ਸਾਹਬ ਵਿਖੇ ਬਣ ਰਹੇ ਥੀਮ ਪਾਰਕ ਵਾਸਤੇ ਵੀ ਉਸਨੇ ਗੀਤ ਗਾਏ।
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਵੀ ਦਿਲਜਾਨ ਦੀ ਬੇਵਕਤੀ ਮੌਤ ਨੂੰ ਸਭਿਆਚਾਰਕ ਖੇਤਰ ਲਈ ਮੰਦਭਾਗਾ ਆਖਿਆ ਹੈ। ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਦਿਲਜਾਨ ਦੀ ਗਾਇਕੀ ਵਿਚ ਦਿਲ ਵੀ ਸੀ ਤੇ ਜਾਨ ਵੀ ਸੀ। ਉਹ ਰੂਹ ਵਿਚ ਡੁੱਬ ਕੇ ਗਾਉਂਦਾ ਸੀ। ਉਹਦੀ ਆਵਾਜ ਸੋਧੀ, ਸੁਰੀਲੀ ਤੇ ਦਮਦਾਰ ਸੀ। ਉਸਦੇ ਗਾਏ ਗੀਤ ਹਮੇਸ਼ਾ ਚੇਤੇ ਰਖੇ ਜਾਣਗੇ। ਕਲਾ ਪਰਿਸ਼ਦ ਵਿਛੜ ਗਏ ਗਾਇਕ ਨੂੰ ਸਿਜਦਾ ਕਰਦੀ ਹੋਈ ਉਦਾਸ ਹੈ।
ਨਿੰਦਰ ਘਗਿਆਣਵੀ
ਮੀਡੀਆ ਅਧਿਕਾਰੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।