ਉਸਤਾਦ ਬੀ ਐਸ ਨਾਰੰਗ ਦਾ ਵਿਛੋੜਾ ਅਸਹਿ: ਚਰਨਜੀਤ ਚੰਨੀ
ਨਿੰਦਰ ਘੁਗਿਆਣਵੀ
ਚੰਡੀਗੜ੍ਹ,4 ਮਾਰਚ,2021: ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਾਨ ਸੰਗੀਤ ਅਚਾਰੀਆ ਪ੍ਰੋ ਬੀ ਐਸ ਨਾਰੰਗ ਦੇ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਸਾਡੇ ਕੋਲੋਂ ਇਕ ਮਹਾਨ ਸੰਗੀਤਕ ਸੰਸਥਾ ਖੁੱਸ ਗਈ ਹੈ। ਚੰਨੀ ਨੇ ਉਸਤਾਦ ਨਾਰੰਗ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਤੇ ਕਿਹਾ ਕਿ ਇਹੋ ਜਿਹੇ ਮਹਾਨ ਉਸਤਾਦਾਂ ਦੀਆਂ ਸੇਵਾਵਾਂ ਹਮੇਸ਼ਾ ਯਾਦ ਰਖੀਆਂ ਜਾਣਗੀਆਂ। ਚਰਨਜੀਤ ਸਿੰਘ ਚੰਨੀ ਨੇ ਉਸਤਾਦ ਬੀ ਐਸ ਨਾਰੰਗ ਨੂੰ ਸਿਜਦਾ ਕਰਦਿਆਂ ਉਨਾ ਦੇ ਪਰਿਵਾਰ ਤੇ ਸ਼ਿਸ਼ ਮੰਡਲ ਦੀ ਚੜਦੀ ਕਲਾ ਵਾਸਤੇ ਦੁਆ ਕੀਤੀ ਹੈ।
ਉਸਤਾਦ ਬੀ ਐਸ ਨਾਰੰਗ ਦਾ ਪਿਛੋਕੜ ਨਕੋਦਰ ਨਾਲ ਸੰਬੰਧਤ ਸੀ। ਉਨਾ ਨੇ ਜਲੰਧਰ ਦੇ ਦੁਆਬਾ ਕਾਲਜ ਤੋ ਗ੍ਰੈਜੂਏਸ਼ਨ ਕੀਤੀ ਤੇ 1973 ਵਿਚ ਡੀ ਏ ਵੀ ਕਾਲਜ ਵਿਚ ਸੰਗੀਤ ਪੜਾਉਣ ਲਗ ਗਏ। ਉਹਨਾ ਨੇ ਸਮੇਂ ਸਮੇਂ ਉਸਤਾਦ ਸਲਾਮਤ ਅਲੀ ਖਾਂ ਤੇ ਸਾਰੰਗੀ ਵਾਦਕ ਉਸਤਾਦ ਸਬਰੀ ਖਾਂ ਨਾਲ ਵੀ ਆਪਣੀ ਸੰਗੀਤ ਕਲਾ ਦਾ ਪ੍ਰਦਰਸ਼ਨ ਕੀਤਾ। ਉਨਾ ਆਪਣੀ ਮੁਢਲੀ ਸੰਗੀਤ ਸਿੱਖਿਆ ਆਪਣੇ ਪਿਤਾ ਜੀ ਪੰਡਿਤ ਕੇਸਰ ਚੰਦ ਜੀ ਤੋਂ ਹਾਸਲ ਕੀਤੀ ਸੀ। ਸੰਗੀਤਕ ਪ੍ਰੋਗਰਾਮਾਂ ਵਾਸਤੇ ਲੰਡਨ ਵੀ ਗਏ। ਹਰਿਵਲਭ ਸੰਗੀਤ ਸੰਮੇਲਨ ਵਿਚ ਹਰ ਸਾਲ ਹਾਜਰੀ ਭਰਦੇ। ਕੋਲਕਾਤਾ,ਮੁੰਬਈ ਤੇ ਦਿੱਲੀ ਦੇ ਸੰਗੀਤ ਸੰਮੇਲਨਾਂ ਵਿਚ ਵੀ ਸ਼ਮੂਲੀਅਤ ਕਰਦੇ ਰਹੇ। ਅਜ ਕੱਲ੍ਹ ਉਹ ਜਲੰਧਰ ਦੇ ਗੁਜਰਾਲ ਨਗਰ ਵਿਖੇ ਰਹਿ ਰਹੇ ਸਨ। ਪ੍ਰੋ ਬੀ ਐਸ ਨਾਰੰਗ ਦੇ ਵਿਛੋੜੇ ਉਤੇ ਪੰਜਾਬ ਕਲਾ ਪਰਿਸ਼ਦ ਵੀ ਦੁਖ ਪ੍ਰਗਟ ਕਰਦੀ ਹੋਈ ਆਪ ਦੀ ਮਹਾਨ ਸੰਗੀਤ ਕਲਾ ਨੂੰ ਨਤਮਸਤਕ ਹੈ।