ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਦਾ ਅਹੁਦਾ ਸੰਭਾਲਿਆ
ਲੁਧਿਆਣਾ 14 ਦਸੰਬਰ, 2023 - ਪੀ.ਏ.ਯੂ. ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਦੇ ਡੀਨ ਅਤੇ ਉੱਘੇ ਫ਼ਲ ਮਾਹਿਰ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਅੱਜ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਦਾ ਅਹੁਦਾ ਸੰਭਾਲਿਆ| ਡਾ. ਗਿੱਲ ਕੋਲ ਅਧਿਆਪਨ, ਖੋਜ ਅਤੇ ਪਸਾਰ ਕਾਰਜਾਂ ਦਾ 31 ਸਾਲ ਲੰਮਾਂ ਤਜਰਬਾ ਹੈ| ਇਸਦੇ ਨਾਲ ਹੀ ਉਹ ਪਿਛਲੇ 10 ਸਾਲ ਤੋਂ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਸੇਵਾ ਨਿਭਾਉਂਦੇ ਰਹੇ ਹਨ ਜਿਨ੍ਹਾਂ ਵਿਚ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ, ਵਧੀਕ ਨਿਰਦੇਸ਼ਕ ਖੋਜ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਨਿਰਦੇਸ਼ਕ ਪਾਮੇਟੀ, ਨਿਰਦੇਸ਼ਕ ਵਿਦਿਆਰਥੀ ਭਲਾਈ, ਰਜਿਸਟਰਾਰ ਅਤੇ ਮੁਖੀ ਫਲ ਵਿਗਿਆਨ ਵਿਭਾਗ ਪ੍ਰਮੁੱਖ ਹਨ| ਇਸ ਤੋਂ ਇਲਾਵਾ ਉਹ ਆਲ ਇੰਡੀਆ ਕੁਆਰਡੀਨੇਟਰ ਖੋਜ ਪ੍ਰੋਜੈਕਟ ਆਨ ਸਬ ਟਰੋਪੀਕਲ ਫਰੂਟਸ ਦੇ ਇੰਚਾਰਜ ਅਧਿਕਾਰੀ 10 ਸਾਲ ਤੱਕ ਰਹੇ| ਯਾਦ ਰਹੇ ਕਿ 2011 ਵਿਚ ਪੀ.ਏ.ਯੂ. ਨੂੰ ਇਸੇ ਪ੍ਰੋਜੈਕਟ ਲਈ ਵਿਸ਼ੇਸ਼ ਪ੍ਰਸ਼ੰਸ਼ਾ ਹਾਸਲ ਹੋਈ|
ਡਾ. ਗਿੱਲ ਵੱਲੋਂ ਕੀਤੇ ਖੋਜ ਕਾਰਜਾਂ ਦੇ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਸਿਫ਼ਾਰਸ਼ਾਂ ਨੂੰ ਫਲਦਾਰ ਫਸਲਾਂ ਦੇ ਪ੍ਰਸੰਗ ਵਿਚ ਹਾੜ੍ਹੀ-ਸਾਉਣੀ ਦੀ ਫਸਲਾਂ ਦੀ ਕਿਤਾਬ ਵਿਚ ਸ਼ਾਮਿਲ ਕੀਤੀਆਂ ਗਈਆਂ| ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 10 ਐਡਹਾਕ ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹਿਣ ਵਾਲੇ ਡਾ. ਗਿੱਲ ਨੇ ਉੱਘੇ ਰਸਾਲਿਆਂ ਵਿਚ ਆਪਣੇ ਖੋਜ ਲੇਖ ਪ੍ਰਕਾਸ਼ਿਤ ਕਰਵਾਏ| ਡਾ. ਗਿੱਲ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਜਮਾਤਾਂ ਪੜ੍ਹਾਉਦੇ ਰਹੇ ਅਤੇ 12 ਐੱਮ ਐੱਸ ਸੀ ਅਤੇ 6 ਪੀ ਐੱਚ ਡੀ ਖੋਜਾਰਥੀਆਂ ਦੀ ਅਗਵਾਈ ਵੀ ਉਹਨਾਂ ਕੀਤੀ| ਨਾਲ ਹੀ ਡਾ. ਗਿੱਲ 10 ਸਾਲ ਤੱਕ ਫਲ ਵਿਗਿਆਨ ਵਿਭਾਗ ਦੀ ਖੋਜ ਕਮੇਟੀ ਦੇ ਚੇਅਰ ਪਰਸਨ ਵੀ ਰਹੇ|
ਉਹਨਾਂ ਨੂੰ ਮਿਲੇ ਇਨਾਮਾਂ-ਸਨਮਾਨਾਂ ਵਿਚ ਕਾਮਨਵੈੱਲਥ ਅਕਾਦਮਿਕ ਸਟਾਫ ਫੈਲੋਸ਼ਿਪ ਅਤੇ ਬਰਤਾਨੀਆਂ ਦੀ ਨੌਟਿੰਘਮ ਯੂਨੀਵਰਸਿਟੀ ਤੋਂ ਮਿਲੀ ਪੋਸਟ ਡਾਕਟਰਲ ਫੈਲੋਸ਼ਿਪ ਮੁੱਖ ਹਨ| ਬਾਅਦ ਵਿਚ ਉਹ ਪੱਛਮੀ ਆਸਟਰੇਲੀਆ ਦੇ ਪਰਥ ਵਿਖੇ ਸਟੇਟ ਐਗਰੀਕਲਚਰਲ ਬਾਇਓਤਕਨਾਲੋਜੀ ਕੇਂਦਰ ਦੇ ਮਹਿਮਾਨ ਵਿਗਿਆਨੀ ਵਜੋਂ ਮਨੋਨੀਤ ਹੋਏ| ਬਾਗਬਾਨੀ ਬਾਰੇ ਭਾਰਤੀ ਸੁਸਾਇਟੀ ਨੇ ਉਹਨਾਂ ਨੂੰ ਆਪਣਾ ਫੈਲੋ ਚੁਣਿਆ| ਬਾਗਬਾਨੀ ਦੇ ਖੇਤਰ ਵਿਚ ਹੀ ਉਹਨਾਂ ਨੂੰ ਪੀ.ਏ.ਯੂ. ਦੇ ਹੰਸ ਰਾਜ ਪਾਹਵਾ ਐਵਾਰਡ ਨਾਲ ਸਨਮਾਨਿਤ ਕੀਤਾ|