ਮਿੱਟੀ ਕਿਰੀ ਹੈ
ਕਬਰ ਵੱਲ ਖਿਸਕੀ ਹੈ
ਕਿਤੇ ਨਹੀਂ ਜਾਵੇਗਾ ਖੱਯਾਮ।
ਸੁਰਾਂ ਤਰੰਗਾਂ
ਜ਼ਿੰਦਗੀ ਦੇ ਸਗਲ ਰੰਗਾਂ ਨੂੰ
ਕੁਰਤੇ ਦੀ ਵੱਖੀ ਵਾਲੀ ਜੇਬ ਚ ਪਾ
ਇੱਥੇ ਹੀ ਕਿਤੇ
ਅੱਗੇ ਪਿੱਛੇ ਹੋ ਗਿਆ ਹੋਵੇਗਾ।
ਕਿਤੇ ਨਹੀਂ ਜਾਂਦਾ ਸੁਰਾਂਗਲਾ ਅੰਬਰ।
ਕਦੀ ਅਲਵਿਦਾ ਨਾ ਆਖਿਉ!
ਸਾਜ਼ਾਂ ਨੂੰ ਆਵਾਜ਼ਾਂ ਵਿੱਚ
ਘੋਲ ਰਿਹਾ ਹੋਵੇਗਾ ਕਿਤੇ ਇਕਾਂਤ ਚ
ਪੌਣਾਂ ਨੂੰ ਕਹਿ ਰਿਹਾ ਹੋਵੇਗਾ
ਮੇਰਾ ਗੀਤ ਬਣ ਜਾਉ!
ਸਾਹਿਰ ਦੀਆਂ
ਦਰਦੀਲੀਆਂ ਗ਼ਜ਼ਲਾਂ, ਗੀਤਾਂ ਨੂੰ
ਸ੍ਵਰ ਬੱਧ ਕਰ ਰਿਹਾ ਹੋਵੇਗਾ।
ਕਿਤੇ ਨਹੀਂ ਗਿਆ ਖੱਯਾਮ।
ਇਥੇ ਹੀ ਕਿਤੇ ਮੌਤ ਨੂੰ
ਕਹਿ ਰਿਹਾ ਹੋਵੇਗਾ
ਜਾਹ ਕਿਤੇ ਹੋਰ
ਮੈਂ ਤੇਰਾ ਸ਼ਿਕਾਰ ਨਹੀਂ ਹੋਣਾ।
ਵਿਸ਼ਾਲ ਸਾਗਰ ਦੀ
ਤਲਾਸ਼ੀ ਲੈਣੀ ਪਵੇਗੀ ਧੁਰ ਤੀਕ
ਅੰਬਰ ਗਾਹੁਣਾ ਪਵੇਗਾ
ਤਾਰਾ ਦਰ ਤਾਰਾ ਚੰਦਰਮਾ ਸਮੇਤ
ਸੂਰਜ ਨੂੰ ਫ਼ੋਲਣਾ ਪਵੇਗਾ ਸਮੂਲਚਾ
ਪੌਣਾਂ ਕਸ਼ੀਦ ਸਕਦੀ ਹੈਂ ਤਾਂ
ਮੈਨੂੰ ਵੀ ਲੱਭ ਸਕਦੀ ਹੈਂ?
ਮੈਂ ਤਾਂ ਫ਼ੈਜ਼ ਦੀ ਕਵਿਤਾ ਵਾਂਗ
ਬੰਧਨ ਮੁਕਤ ਹਾਂ
ਵਕਤ ਦੇ ਹਰ ਸੰਗ ਸੰਗਲ ਤੋਂ
ਚਾਰ ਦੀਵਾਰੀ ਚ ਘਿਰਿਆ
ਮੈਂ ਨਹੀਂ ਹਾਂ ਕਿਸੇ ਮਕਾਨ ਵਾਂਗ।
ਮੈਂ ਤਾਂ ਘਰ ਹਾਂ ਬਿਨ ਦੀਵਾਰ
ਰੰਗ . ਜ਼ਾਤ , ਨਸਲ, ਵਤਨੋਂ ਬੇਵਤਨ
ਸ਼ਰਬਤ ਚ ਘੁਲਿਆ ਸਵਾਦ ਹਾਂ
ਨਾ ਮੈਂ ਅੰਤ ਨਾ ਆਦਿ ਹਾਂ
ਅਨੰਤ ਵਿਸਮਾਦ ਹਾਂ
ਸੁਣ ਸਕੇਂ ਤਾਂ ਅਨਹਦ ਨਾਦ ਹਾਂ
ਕਿਤੇ ਨਹੀਂ ਜਾਵਾਂਗਾ ਤੇਰੇ ਨਾਲ।
ਸਾਹਾਂ ਦੀ ਸਰਗਮ ਚ ਰਹਾਂਗਾ
ਜਿੱਥੇ ਮੇਰਾ ਪੱਕਾ ਕਿਆਮ ਹੈ
ਭੁੱਲੀਂ ਨਾ ਕਦੇ
ਮੇਰਾ ਨਾਮ ਖੱਯਾਮ ਹੈ।
ਰਿਸ਼ਤਿਆਂ ਨਾਤਿਆਂ ਦੀ ਜੂਹੋਂ ਪਾਰ
ਮੇਰਾ ਬਹੁਤ ਵਚਿੱਤਰ ਅਜਬ ਸੰਸਾਰ
ਦਰਵੇਸ਼ਾਂ ਵਾਂਗ ਦਰਦ ਕਹਿੰਦਾ
ਬਾਬਾ ਫ਼ਰੀਦ, ਸ਼ਾਹ ਹੁਸੈਨ,
ਬੁੱਲ੍ਹਾ ਮੇਰਾ ਯਾਰ।
ਅੰਬਰ ਦੇ ਸਤਰੰਗੇ ਮੇਲੇ ਚ
ਅਠਵਾਂ ਰੰਗ ਮੈਂ ਬਣਾਂਗਾ।
ਕਹਿ ਗਿਆ ਹੈ ਜਾਣ ਲੱਗਾ ਖੱਯਾਮ।
ਰਤਾ ਕੁ ਸੁਸਤਾਵਾਂਗਾ
ਲੱਕ ਸਿੱਧਾ ਕਰਕੇ ਪਰਤ ਆਵਾਂਗਾ
ਪਰ ਮੇਰੇ ਜੋਗੀ ਜ਼ੀਨ ਸਲਾਮਤ ਰੱਖਿਓ
ਮੈਂ ਸਰਦਾਰਨੀ ਜਗਜੀਤ ਕੌਰ ਨਾਲ ਉਮਰ ਗੁਜ਼ਾਰੀ ਹੈ
ਫੁੱਲ ਚ ਖ਼ੁਸ਼ਬੋਈ ਵਾਂਗ!
ਮੈਨੂੰ ਵੱਖ ਨਾ ਕਰਿਉ।
ਫ਼ਰੀਦ, ਕਬੀਰ ਤੇ ਨਾਮਦੇਵ
ਵਾਂਗ ਮੈਂ ਤੁਹਾਨੂੰ ਮਿਲਣ ਆਵਾਂਗਾ
ਬਾਰ ਬਾਰ ਓਨੀ ਵਾਰ
ਜਦ ਤੀਕ ਤੁਹਾਨੂੰ ਜਿਸਮਾਂ ਚੋਂ
ਇਨਸਾਨ ਲੱਭਣ ਦੀ
ਜਾਚ ਨਹੀਂ ਆਉਂਦੀ।
ਕਿਤੇ ਨਹੀਂ ਗਿਆ ਖੱਯਾਮ।
ਇਥੇ ਹੀ ਕਿਤੇ ਗੁਲਜ਼ਾਰ ਜਾਂ
ਜਾਵੇਦ ਅਖ਼ਤਰ ਦੇ ਸ਼ਬਦਾਂ ਚੋਂ
ਸੁਰਵੰਤੇ ਅਰਥਾਂ ਦੀ
ਤਲਾਸ਼ ਕਰ ਰਿਹਾ ਹੋਵੇਗਾ
ਕਿਤੇ ਨਹੀਂ ਗਿਆ ਖੱਯਾਮ।
ਗੁਰਭਜਨ ਗਿੱਲ
ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
ਸੰਪਰਕ :- 9872631199