← Go Back
ਚੰਡੀਗੜ੍ਹ , 27 ਜਨਵਰੀ 2021 - ਪੰਜਾਬ ਦੇ ਸੱਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਉਘੇ ਢਾਡੀ ਦਇਆ ਸਿੰਘ ਦਿਲਬਰ ਦੀ ਬਰਸੀ ਮੌਕੇ ਪੰਜਾਬ ਦੇ ਢਾਡੀ ਜਗਤ ਨੂੰ ਇਕ ਵਿਸ਼ੇਸ਼ ਸੁਨੇਹੇ ਵਿਚ ਆਖਿਆ ਹੈ ਕਿ ਪੰਜਾਬੀ ਸਭਿਆਚਾਰ ਦਾ ਅਹਿਮ ਅੰਗ ਢਾਡੀ ਲੋਕ ਕਲਾ ਨੂੰ ਸੁਰੱਖਿਅਤ ਰੱਖਿਆ ਜਾਵੇ। ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਦਿਲਬਰ ਜੀ ਦਾ ਪਰਿਵਾਰ ਵੀ ਢਾਡੀ ਕਲਾ ਨੂੰ ਸਮਰਪਿਤ ਰਿਹਾ ਤੇ ਉਨਾ ਦੇ ਸਪੁੱਤਰਾਂ ਕੁਲਜੀਤ ਸਿੰਘ ਦਿਲਬਰ ਨੇ ਵੀ ਢਾਡੀ ਕਲਾ ਦੀ ਤਨੋ ਮਨੋ ਸੇਵਾ ਕੀਤੀ। ਉਨਾ ਆਖਿਆ ਕਿ ਦਿਲਬਰ ਜੀ ਨੇ ਆਪਣੀ ਤੀਖਣ ਬੁੱਧੀ ਦੁਆਰਾ ਸਿਖ ਇਤਿਹਾਸ ਦੇ ਵਖ ਵਖ ਪਹਿਲੂਆਂ ਤੋਂ ਇਲਾਵਾ ਅਨੇਕਾਂ ਢਾਡੀ ਪ੍ਰਸੰਗ ਆਪਣੇ ਜਥੇ ਨਾਲ ਸਮੇਂ ਸਮੇਂ ਪੇਸ਼ ਕੀਤੇ ਤੇ ਕਈ ਕੁਛ ਰਿਕਾਰਡ ਵੀ ਕਰਵਾਇਆ। ਮਹਾਰਾਣੀ ਜਿੰਦਾ ਦਾ ਪ੍ਰਸੰਗ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੰਤਰੀ ਨੇ ਆਖਿਆ ਕਿ ਦਿਲਬਰ ਜੀ ਨੇ ਭਾਰਤ ਦੇ ਵੱਖ ਵੱਖ ਖਿੱਤਿਆਂ ਵਿਚ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ। ਉਹ ਦੇਸ਼ਾਂ ਬਦੇਸ਼ਾਂ ਵਿਚ ਵੀ ਆਪਣੀ ਕਲਾ ਦੀ ਪੇਸ਼ਕਾਰੀ ਲਈ ਜਾਂਦੇ ਰਹੇ। ਉਨਾ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਢਾਡੀ ਦਾ ਪੁਰਸਕਾਰ ਮਿਲਿਆ। ਅੱਜ ਦਿਲਬਰ ਜੀ ਦੀ ਬਰਸੀ ਮੌਕੇ ਪੰਜਾਬ ਕਲਾ ਪਰਿਸ਼ਦ ਆਪ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿਜਦਾ ਕਰ ਰਹੀ ਹੈ। ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।
Total Responses : 267