ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਨੌਨਿਹਾਲ ਸਿੰਘ ਸਦੀਵੀ ਵਿਛੋੜਾ ਦੇ ਗਏ
ਉਨ੍ਹਾਂ ਦੀ ਅਮਿੱਟ ਦੇਣ ਸਦਾ ਰਾਹ-ਦਸੇਰਾ ਰਹੇਗੀ: ਦੇਸ਼ ਭਗਤ ਯਾਦਗਾਰ ਕਮੇਟੀ
ਜਲੰਧਰ, 25 ਮਈ, 2020 : ਜ਼ਿੰਦਗੀ ਦੇ ਆਖ਼ਰੀ ਦਮ ਤੱਕ ਮਾਰਕਸਵਾਦੀ ਵਿਚਾਰਧਾਰਾ ਦਾ ਪਰਚਮ ਬੁਲੰਦ ਰੱਖਣ ਵਾਲੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵਿੱਚ ਲਗਭਗ ਅੱਧੀ ਸਦੀ ਤੋਂ ਮੋਹਰਲੀ ਕਤਾਰ ‘ਚ ਸੇਵਾਵਾਂ ਅਦਾ ਕਰਨ ਵਾਲੇ ਕਾਮਰੇਡ ਨੌਨਿਹਾਲ ਸਿੰਘ ਸੰਗਰਾਮੀ ਕਾਫ਼ਲੇ ਨੂੰ ਅਲਵਿਦਾ ਕਹਿ ਗਏ।
ਉਹਨਾਂ ਨੇ ਸਵੇਰੇ ਕਰੀਬ 9 ਵਜੇ ਆਪਣੀ ਧੀ ਕੀਰਤ ਅਤੇ ਜੁਆਈ ਮੇਜਰ ਜਨਰਲ ਕੁਲਵੰਤ ਸਿੰਘ ਨਿੱਝਰ ਦੇ ਘਰ ਯੋਲ ਛਾਉਣੀ (ਧਰਮਸ਼ਾਲਾ) ਵਿਖੇ ਆਖਰੀ ਸਾਹ ਲਏ।
ਉਹ ਆਪਣੇ ਪਿੱਛੇ ਆਪਣੀ ਜੀਵਨ ਸਾਥਣ ਅਤੇ ਉਹਨਾਂ ਦੇ ਵਿਚਾਰਾਂ ਦੀ ਹਮਸਫ਼ਰ ਤਰਲੋਚਨ ਕੌਰ ਤੋਂ ਇਲਾਵਾ ਧੀ ਕੀਰਤ, ਜੁਆਈ ਮੇਜਰ ਜਨਰਲ ਕੁਲਵੰਤ ਸਿੰਘ ਨਿੱਝਰ, ਪੁੱਤਰ ਕਰਨ, ਨੂੰਹ ਰੂਪ, ਪੋਤਰਾ, ਪੋਤਰੀ ਰਿਆਨ ਅਤੇ ਰਿਆਜ਼, ਦੋਹਤਾ ਕਮਰਾਨ ਅਤੇ ਦੋਹਤੀ ਕਰੀਨਾ ਛੱਡ ਗਏ ਹਨ।
ਉਹਨਾਂ ਨੇ ਜਿਉਂਦੇ ਜੀਅ ਹੀ ਆਪਣੀ ਦੇਹ ਵਿਗਿਆਨਕ ਖੋਜਾਂ ਲਈ ਪਿਮਸ ਜਲੰਧਰ ਦੇ ਨਾਂਅ ਕੀਤੀ ਹੋਈ ਸੀ। ਕਰੋਨਾ ਮਹਾਂਮਾਰੀ ਕਾਰਨ ਅੱਜ ਜਦੋਂ ਉਹਨਾਂ ਦੀ ਮ੍ਰਿਤਕ ਦੇਹ ਹਿਮਾਚਲ ਤੋਂ ਪੰਜਾਬ-ਜਲੰਧਰ ਲਿਆ ਸਕਣੀ ਅਸੰਭਵ ਹੋਈ, ਜਦੋਂ ਹਿਮਾਚਲ ਵਿਚ ਵੀ ਕਰੋਨਾ ਦੇ ਮੱਦੇ ਨਜ਼ਰ ਮ੍ਰਿਤਕ ਦੇਹ ਕਿਸੇ ਹਸਪਤਾਲ ਨੇ ਵਿਗਿਆਨਕ ਖੋਜਾਂ ਲਈ ਨਾ ਲਈ ਤਾਂ ਸ਼ਾਮ ਸਾਢੇ 4 ਵਜੇ ਚਮਿੰਡਾ ਦੇਵੀ ਸ਼ਮਸ਼ਾਨ ਘਾਟ (ਹਿਮਾਚਲ) ਵਿੱਚ ਹੀ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਕਾਮਰੇਡ ਨੌਨਿਹਾਲ ਸਿੰਘ ਦੇ ਪੁਰਖ਼ਿਆਂ ਦਾ ਜੱਦੀ ਪਿੰਡ ਨਕੋਦਰ ਲਾਗੇ ਨੂਰਪੁਰ ਚੱਠਾ ਸੀ।ਉਹਨਾਂ ਦੇ ਦਾਦਾ ਲਾਇਲਪੁਰ ਜਿਲ੍ਹੇ ‘ਚ ਜਾ ਵਸੇ ਸਨ। ਜਦੋਂ 1947 ‘ਚ ਮੁਲਕ ਦੀ ਵੰਡ ਹੋਈ ਤਾਂ ਨੌਨਿਹਾਲ ਸਿੰਘ 10 ਵਰ੍ਹਿਆਂ ਦੇ ਸਨ, ਉਹ ਆਪਣੇ ਮਾਪਿਆਂ ਨਾਲ ਆ ਕੇ ਗੜ੍ਹਾ (ਜਲੰਧਰ ਸ਼ਹਿਰ) ਰਹਿਣ ਲੱਗ ਪਏ। ਉਹ ਪਹਿਲਾ ਦੋਆਬਾ ਖਾਲਸਾ ਸਕੂਲ ‘ਚ ਪੜ੍ਹੇ। ਉਹਨਾਂ ਨੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਐਮ.ਏ. (ਇਤਿਹਾਸ) ਪਾਸ ਕੀਤੀ।
ਉਹ ਵਿਦਿਆਰਥੀ ਜੀਵਨ ਤੋਂ ਹੀ ਵਿਦਿਆਰਥੀ ਲਹਿਰ ‘ਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਉਹ ਅਤੇ ਉਹਨਾਂ ਦੇ ਚਚੇਰੇ ਭਰਾ ਹਰਦਿਆਲ ਸਿੰਘ ਚੱਠਾ ਦੋਨਾਂ ਨੇ ਸੀ.ਪੀ.ਆਈ. ਵਿੱਚ ਅਹਿਮ ਭੂਮਿਕਾ ਅਦਾ ਕੀਤੀ। 1964 ਦੇ ਦੌਰ ‘ਚ ਜਦੋਂ ਸੀ.ਪੀ.ਆਈ. ਦੋ ਹਿੱਸਿਆਂ ‘ਚ ਵੰਡੀ ਗਈ ਤਾਂ ਭਰਾ ਹਰਦਿਆਲ ਭਾਵੇਂ ਸੀ.ਪੀ.ਐਮ. ‘ਚ ਚਲੇ ਗਏ ਪਰ ਦੋਵੇਂ ਭਰਾਵਾਂ ਨੇ ਲੋਕ-ਮੁਕਤੀ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਆਪਣਾ ਤਨ, ਮਨ, ਧਨ, ਸਭ ਕੁੱਝ ਨਿਛਾਵਰ ਕਰ ਦਿੱਤਾ।
ਖਾਂਦੀ ਪੀਂਦੀ ਕਿਸਾਨੀ ਘਰ ਜਨਮ ਲੈਣ ਦੇ ਬਾਵਜੂਦ ਉਹ ਲੰਮਾ ਸਮਾਂ ਸਨਅਤੀ ਕਾਮਿਆਂ ‘ਚ ਕੁੱਲ ਵਕਤੀ ਕੰਮ ਕਰਦੇ ਰਹੇ। ਜ਼ਿਕਰਯੋਗ ਹੈ ਕਿ ਉਹਨਾਂ ਦੀ ਅਗਵਾਈ ‘ਚ ਜੇ.ਸੀ.ਟੀ. ਮਿੱਲ ਫਗਵਾੜਾ ਵਿੱਚ ਇਤਿਹਾਸਕ ਘੋਲ ਚੱਲਿਆ। ਮਾਲਕਾਂ ਨੇ ਧਰਨੇ ਅਤੇ ਭੁੱਖ-ਹੜਤਾਲ ‘ਤੇ ਬੈਠੇ ਮਜ਼ਦੂਰਾਂ ਨੂੰ ਮਾਰਨ ਅਤੇ ਹੜਤਾਲ ਦਾ ਲੱਕ ਤੋੜਨ ਲਈ ਪਾਰਸਲ ਪੈਕੇਟ ਭੇਜਿਆ। ਜਿਸਨੂੰ ਖੋਲ੍ਹਦੇ ਸਾਰ ਜਾਨਲੇਵਾ ਬੰਬ ਧਮਾਕੇ ‘ਚ ਨੌਨਿਹਾਲ ਸਿੰਘ, ਰਾਮ ਸਹਾਏ ਅਤੇ ਮੁਨੀ ਲਾਲ ਜ਼ਖ਼ਮੀ ਹੋ ਗਏ ਅਤੇ ਮਜ਼ਦੂਰ ਸ਼ਾਦੀ ਲਾਲ ਸ਼ਹੀਦ ਹੋ ਗਏ।
ਨੌਨਿਹਾਲ ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ, ਮਿਊਜ਼ੀਅਮ, ਰੰਗ ਮੰਚ, ਵਿਚਾਰ-ਚਰਚਾ, ਸਿਖਿਆਰਥੀ ਚੇਤਨਾ ਕੈਂਪ, ਗ਼ਦਰੀ ਬਾਬਿਆਂ ਦੇ 28 ਮੇਲਿਆਂ, ਇਤਿਹਾਸ ਕਮੇਟੀ ਵਿੱਚ ਆਗੂ ਭੂਮਿਕਾ ਨਿਭਾਈ। ਕਾਮਾਗਾਟਾ ਮਾਰੂ, ਜਲ੍ਹਿਆਂ ਵਾਲਾ ਬਾਗ਼, ਕੂਕਾ ਲਹਿਰ ਦੇ ਸ਼ਹੀਦਾਂ ਅਤੇ ਇਤਿਹਾਸਕ ਯਾਦਗਾਰਾਂ ਨੂੰ ਕੌਮੀ ਵਿਰਾਸਤ ਵਜੋਂ ਸੰਭਾਲਣ ਲਈ ਉਹਨਾਂ ਨੇ ਸਮੇਂ-ਸਮੇਂ ‘ਤੇ ਲਗੇ ਮੋਰਚਿਆਂ ਅਤੇ ਹੋਏ ਸਮਾਗਮਾਂ ਵਿੱਚ ਆਗੂ ਭੂਮਿਕਾ ਨਿਭਾਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਦੇਸ਼ ਭਗਤ ਪ੍ਰਕਾਸ਼ਨ, ਖਾਸ ਕਰਕੇ ਇਤਿਹਾਸ ਨਾਲ ਸੰਬਧਿਤ ਪੁਸਤਕਾਂ ‘ਚ ਉਨਾਂ ਨੇ ਬਹੁਤੀ ਵਾਰ ਆਪਣੇ ਨਾਂਅ ਦੇ ਜ਼ਿਕਰ ਤੋਂ ਵੀ ਗੁਰੇਜ਼ ਕਰਦਿਆਂ ਪ੍ਰਮੁੱਖ ਫਰਜ਼ ਅਦਾ ਕੀਤੇ।
ਉਹ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪਹਿਲਾਂ ਖਜ਼ਾਨਚੀ, ਫਿਰ ਜਨਰਲ ਸਕੱਤਰ ਅਤੇ ਉਪ-ਪ੍ਰਧਾਨ ਦੇ ਅਹੁਦੇ ‘ਤੇ ਰਹੇ।
ਮੁਲਕ ਅੰਦਰ ਸਮੇਂ ਸਮੇਂ ਲੋਕਾਂ ਖਿਲਾਫ਼ ਉੱਠੀਆਂ ਫ਼ਿਰਕੂ ਫਾਸ਼ੀ ਹਨੇਰੀਆਂ ਖਿਲਾਫ਼ ਉਹ ਡਟਕੇ ਆਪਣੀ ਭੂਮਿਕਾ ਅਦਾ ਕਰਦੇ ਰਹੇ, ਵਿਸ਼ੇਸ਼ ਕਰਕੇ ਭਾਜਪਾ ਦੇ ਫ਼ਿਰਕੂ ਫਾਸ਼ੀ ਏਜੰਡੇ ਦੇ ਖਿਲਾਫ਼ ਮੁਲਕ ਭਰ ਦੀਆਂ ਲੋਕ-ਪੱਖੀ ਸ਼ਕਤੀਆਂ ਨੂੰ ਇੱਕਜੁਟ ਹੋ ਕੇ ਸੰਘਰਸ਼ ਕਰਨ ਲਈ ਪ੍ਰੇਰਦੇ ਰਹੇ। ਦੇਸ਼ ਭਗਤ ਯਾਦਗਾਰ ਹਾਲ ਨੂੰ ਇੱਕ ਚੇਤਨਾ ਦੇ ਚਾਨਣ ਮੁਨਾਰੇ ਵਜੋਂ ਵਿਕਸਿਤ ਕਰਨ ਲਾਈ ਆਗੂ ਸਫ਼ਾ ‘ਚ ਹੋ ਕੇ ਪ੍ਰਮੁੱਖ ਭੂਮਿਕਾ ਨਿਭਾਉਂਦੇ ਰਹੇ।
ਯੂਨੀਕ ਹੋਮ ਜਲੰਧਰ ਵਿੱਚ ਯਤੀਮ ਬੱਚਿਆਂ ਨੂੰ ਸੰਭਾਲਣ ਲਈ ਉਹਨਾਂ ਦੀ ਆਗੂ ਭੂਮਿਕਾ ਸਦਾ ਰੌਸ਼ਨੀ ਵੰਡਦੀ ਰਹੇਗੀ। ਉਹਨਾਂ ਨੇ ਅਖ਼ਬਾਰ ‘ਨਵਾਂ ਜ਼ਮਾਨਾ ਟ੍ਰਸੱਟ‘ ਵਿਚ ਦਹਾਕਿਆਂ ਬੱਧੀ ਕੰਮ ਕੀਤਾ ਅਤੇ ਇਸ ਸਮੇਂ ਉਹ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ (ਨਵਾਂ ਜ਼ਮਾਨਾ) ਦੇ ਪ੍ਰਧਾਨ ਦੀਆਂ ਸੇਵਾਵਾਂ ਅਦਾ ਕਰ ਰਹੇ ਸਨ।
ਉਹਨਾਂ ਦੀ ਯਾਦ ‘ਚ ਹੋਣ ਵਾਲੇ ਸ਼ਰਧਾਂਜ਼ਲੀ ਸਮਾਗਮ ਦੀ ਤਾਰੀਖ਼ ਅਤੇ ਸਥਾਨ ਬਾਰੇ ਬਾਅਦ ਵਿਚ ਸੂਚਿਤ ਕੀਤਾ ਜਾਏਗਾ।
ਉਹਨਾਂ ਦੇ ਵਿਛੋੜੇ ਦੀ ਖ਼ਬਰ ਸੁਣਦੇ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਕਮੇਟੀ ਹਰਵਿੰਦਰ ਭੰਡਾਲ, ਲਾਇਬਰੇਰੀ ਕਮੇਟੀ ਦੇ ਸੁਰਿੰਦਰ ਕੁਮਾਰੀ ਨੇ ਤੋਂ ਇਲਾਵਾ ਕਮੇਟੀ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਪ੍ਰੋ. ਵਰਿਆਮ ਸਿੰਘ ਸੰਧੂ, ਕੁਲਵੰਤ ਸਿੰਘ ਸੰਧੂ, ਦੇਵ ਰਾਜ ਨਯੀਅਰ, ਗੋਪਾਲ ਸਿੰਘ ਬੁੱਟਰ, ਹਰਮੇਸ਼ ਮਾਲੜੀ ਨੇ ਸ਼ੋਕ ਸਭਾ ਕਰਕੇ ਵਿਛੜੇ ਸਾਥੀ ਨੌਨਿਹਾਲ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਅਤੇ ਕਮੇਟੀ ਮੈਂਬਰ ਸੁਰਿੰਦਰ ਜਲਾਲਦੀਵਾਲ, ਅਮਰਜੀਤ ਸਿੰਘ ਢੁੱਡੀਕੇ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਜਗਰੂਪ, ਦਰਸ਼ਨ ਖਟਕੜ, ਰਮਿੰਦਰ ਪਟਿਆਲਾ, ਵਿਜੈ ਬੰਬੇਲੀ, ਸਵਰਨ ਸਿੰਘ ਵਿਰਕ, ਹਰਦੇਵ ਅਰਸ਼ੀ, ਪ੍ਰਗਟ ਸਿੰਘ ਜਾਮਾਰਾਏ, ਭਗਤ ਸਿੰਘ, ਕੁਲਬੀਰ ਸਿੰਘ ਸੰਘੇੜਾ, ਸੀਤਲ ਸਿੰਘ ਸੰਘਾ, ਕਰਮਜੀਤ ਸਿੰਘ, ਬਲਬੀਰ ਕੌਰ ਬੁੰਡਾਲਾ, ਹਰਬੀਰ ਕੌਰ ਅਤੇ ਕ੍ਰਿਸ਼ਨਾ ਨੇ ਆਪਣੇ ਸ਼ੋਕ ਸੁਨੇਹੇ ਭੇਜੇ।